ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ( Shiromani Akali Dal ) ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ( Former Chief Minister Parkash Singh Badal ) ਦਾ ਦਿਹਾਂਤ ਹੋ ਗਿਆ। ਬਾਦਲ ਦੀ ਮ੍ਰਿਤਕ ਦੇਹ ਪਾਰਟੀ ਦੇ ਚੰਡੀਗੜ੍ਹ ਵਿਚਲੇ ਸੈਕਟਰ 28 ਸਥਿਤ ਦਫ਼ਤਰ ਵਿਚ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਹੈ।
ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਲੈ ਕੇ ਆਈ ਐਂਬੂਲੈਂਸ ਉਹੀ 108 ਨੰਬਰ ਵਾਲੀ ਐਂਬੂਲੈਂਸ ਸੀ,ਜਿਸ ਨੂੰ ਉਹਨਾਂ ਪੰਜਾਬ ਵਿੱਚ ਜਨਤਕ ਸਹੂਲਤ ਵਜੋਂ ਸ਼ੁਰੂ ਕੀਤਾ ਸੀ।ਸਾਬਕਾ ਮੁੱਖ ਮੰਤਰੀ ਪੰਜਾਬ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਖੁਦ ਅਕਾਲੀ ਦਲ ਲੀਡਰ ਬਿਕਰਮ ਮਜੀਠੀਆ ਚਲਾ ਕੇ ਲੈ ਕੇ ਜਾ ਰਹੇ ਹਨ।
ਜਿਸ ਦੌਰਾਨ ਰਾਜਸੀ ਵਿਅਕਤੀਆਂ ਅਤੇ ਆਮ ਲੋਕਾਂ ਨੇ ਆਪਣੇ ਚਹੇਤੇ ਨੇਤਾ ਨੂੰ ਸ਼ਰਧਾਂਜਲੀ ਦਿੱਤੀ । ਇਸ ਦੌਰਾਨ ਸਿਆਸੀ ਅਖਾੜਿਆਂ ਦੌਰਾਨ ਪਾਰਟੀ ਦੇ ਖਿਲਾਫ਼ ਬੋਲਣ ਵਾਲੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਇਸ ਦੁੱਖ ਦੀ ਘੜੀ ਵਿੱਚ ਕਾਫੀ ਦੁਖੀ ਨਜ਼ਰ ਆਏ ਤੇ ਭਰੇ ਮਨ ਨਾਲ ਆਪਣੇ ਤਾਇਆ ਜੀ ਦੀ ਅੰਤਮ ਯਾਤਰਾ ਵਿੱਚ ਸ਼ਾਮਲ ਹੁੰਦੇ ਤੇ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਵੰਡਾਉਂਦੇ ਹੋਏ ਵੀ ਨਜ਼ਰ ਆਏ।
ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ , ਡਾ ਦਲਜੀਤ ਸਿੰਘ ਚੀਮਾ ਅਤੇ ਅਰਸ਼ਦੀਪ ਸਿੰਘ ਕਲੇਰ ਵੀ ਇਸ ਦੌਰਾਨ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਉਂਦੇ ਦਿਖੇ। ਇਹਨਾ ਤੋਂ ਇਲਾਵਾ ਆਦਮਪੁਰ ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਹਲਕਾ ਬੰਗਾ ਤੋਂ ਵਿਧਾਇਕ ਡਾ.ਸੁਖਵਿੰਦਰ ਸੁੱਖੀ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਨੀਤ ਕੌਰ ਵੀ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ।
ਭਾਜਪਾ ਨੇਤਾਵਾਂ ਦੀ ਗੱਲ ਕਰੀਏ ਤਾਂ ਪੰਜਾਬ ਭਾਜਪਾ ਦਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ,ਸੋਮ ਪ੍ਰਕਾਸ਼ ministry of commerce ਦੇ ਨਾਲ ਨਾਲ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਉਮ ਪ੍ਰਕਾਸ਼ ਚੌਟਾਲਾ ਤੇ ਹਰਿਆਣੇ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ ਹਨ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਤੇ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਪਹੁੰਚੇ ਹੋਏ ਸਨ। ਡੀਜੀਪੀ ਪੰਜਾਬ ਗੌਰਵ ਯਾਦਵ ਵੀ ਇਸ ਮੌਕੇ ਪਹੁੰਚੇ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸੱਤਾਧਾਰੀ ਧਿਰ ਦੇ ਦੋ ਆਗੂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ।
ਵਿੱਤ ਮੰਤਰੀ ਪੰਜਾਬ ਨੇ ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਪਰਿਵਾਰ ਨਾਲ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਪ੍ਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਹੌਂਸਲਾ ਦੇਵੇ। ਉਹਨਾਂ ਇਹ ਵੀ ਕਿਹਾ ਕਿ ਮਰਹੂਮ ਮੁੱਖ ਮੰਤਰੀ ਦੇ ਸਿਆਸੀ ਜੀਵਨ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਮਰਹੂਮ ਮੁੱਖ ਮੰਤਰੀ ਨਾਲ ਸੰਬੰਧਿਤ ਆਪਣੀਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ਉਹਨਾਂ ਕਿਹਾ ਕਿ ਪਿਛਲੀ ਵਿਧਾਨ ਸਭਾ ਵਿੱਚ ਉਹਨਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ ਤੇ ਉਹ ਕਾਫੀ ਸ਼ਾਂਤ ਸੁਭਾਅ ਤੇ ਅਗਾਂਹਵਧੂ ਸੋਚ ਵਾਲੇ ਸ਼ਖ਼ਸ ਸਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਬਕਾ ਮੁੱਖ ਮੰਤਰੀ ਨੂੰ ਪੰਜਾਬ ਦੀ ਸਿਆਸਤ ਵਿੱਚ ਇੱਕ ਬਹੁਤ ਵੱਡੀ ਹਸਤੀ ਦੱਸਿਆ ਤੇ ਕਿਹਾ ਹੈ ਕਿ ਉਹਨਾਂ ਦਾ ਜਾਣਾ ਬਹੁਤ ਵੱਡਾ ਘਾਟਾ ਹੈ। ਆਉਣ ਵਾਲੀਆਂ ਪੀੜੀਆਂ ਉਹਨਾਂ ਦੇ ਜੀਵਨ ਤੋਂ ਬਹੁਤ ਕੁਝ ਸਿਖਣਗੀਆਂ ਤੇ ਉਹਨਾਂ ਤੇ ਪੀਐਚਡੀ ਵੀ ਹੋਇਆ ਕਰੇਗੀ।
ਇਸ ਦੌਰਾਨ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਦੇਸ਼ ਦਾ ਨੈਲਸਨ ਮੰਡੇਲਾ ਕਹਿਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਧੇ ਘੰਟੇ ਲਈ ਭਾਜਪਾ ਆਗੂਆਂ ਸਣੇ ਸ਼ਰਧਾਂਜਲੀ ਦੇਣ ਲਈ ਪਹੁੰਚੇ,ਜਿਹਨਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਬਲਵਿੰਦਰ ਸਿੰਘ ਭੂੰਦੜ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ escort ਕੀਤਾ। ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਸਾਂਝਾ ਕੀਤਾ ਤੇ ਕੁੱਝ ਹੋਰ ਆਗੂਆਂ ਨਾਲ ਮਿਲਣ ਤੋਂ ਬਾਅਦ ਉਹਨਾਂ ਦੇ ਕਾਫਿਲੇ ਨੇ ਵਾਪਸ ਰਵਾਨਗੀ ਪਾ ਦਿੱਤੀ।
ਇਸ ਦੇ ਨਾਲ ਹੀ ਅੰਤਿਮ ਯਾਤਰਾ ਦੇ ਕਾਫਲੇ ਦੇ ਬਾਦਲ ਪਿੰਡ ਨੂੰ ਰਵਾਨਾ ਹੋਣ ਤੋਂ ਪਹਿਲਾਂ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਰਦਾਸ ਕੀਤੀ ਗਈ ,ਜਿਸ ਵਿੱਚ ਕਈ ਸਿਆਸੀ ਆਗੂ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਖੁਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਚਲਾ ਰਹੇ ਹਨ।
ਇਹ ਕਾਫਲਾ ਰਾਜਪੁਰਾ,ਪਟਿਆਲਾ,ਸੰਗਰੂਰ, ਬਰਨਾਲਾ, ਬਠਿੰਡਾ ਹੁੰਦੇ ਹੋਏ ਪਿੰਡ ਬਾਦਲ ਪਹੁੰਚੇਗਾ ,ਜਿਥੇ ਕੱਲ ਉਹਨਾਂ ਦਾ ਅੰਤਿਮ ਸਸਕਾਰ ਹੋਵੇਗਾ।