‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਿਜ਼ਰਵ ਬੈਂਕ ਆਫ ਇੰਡੀਆ (RBI) ਮਾਰਚ ਮਹੀਨੇ ਤੋਂ ਬਾਅਦ 5, 10 ਅਤੇ 100 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਸਕਦੀ ਹੈ। ਹਾਲਾਂਕਿ, RBI ਨੇ ਅਧਿਕਾਰਤ ਤੌਰ ‘ਤੇ ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਹੈ। RBI ਦੇ ਸਹਾਇਕ ਜਨਰਲ ਮੈਨੇਜਰ ਬੀ ਮਹੇਸ਼ ਨੇ ਕਿਹਾ ਹੈ ਕਿ RBI ਇਨ੍ਹਾਂ ਪੁਰਾਣੇ ਨੋਟਾਂ ਦੀ ਲੜੀ ਵਾਪਸ ਲੈਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ।
ਮਹੇਸ਼ ਨੇ ਜ਼ਿਲ੍ਹਾ ਪੱਧਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ। 5, 10 ਅਤੇ 100 ਰੁਪਏ ਦੇ ਪੁਰਾਣੇ ਨੋਟਾਂ ਦੇ ਬਦਲੇ ਨਵੇਂ ਨੋਟ ਪਹਿਲਾਂ ਹੀ ਸਰਕੂਲੇਸ਼ਨ ਵਿੱਚ ਆ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਜੇ ਪੁਰਾਣੇ ਨੋਟ ਬੰਦ ਕਰ ਦਿੱਤੇ ਗਏ ਤਾਂ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ।
RBI ਨੇ ਕਿਹਾ ਹੈ ਕਿ ਨੋਟਬੰਦੀ ਦੇ ਸਮੇਂ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਸੀ, ਪਰ ਇਸ ਵਾਰ RBI ਇਹ ਸੁਨਿਸ਼ਚਿਤ ਕਰੇਗੀ ਕਿ ਜਿੰਨੇ ਪੁਰਾਣੇ ਨੋਟ ਚੱਲ ਰਹੇ ਹਨ, ਉਨੇ ਹੀ ਨਵੇਂ ਨੋਟ ਮਾਰਕੀਟ ਵਿੱਚ ਆਉਣਗੇ। ਇਸ ਨਾਲ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ ਅਤੇ ਇਹ ਲੜੀ ਅਚਾਨਕ ਬੰਦ ਨਹੀਂ ਕੀਤੀ ਜਾਵੇਗੀ।
RBI ਨੇ ਸਾਲ 2019 ਵਿੱਚ 100 ਰੁਪਏ ਦੇ ਨੋਟ ਜਾਰੀ ਕੀਤੇ ਸਨ, ਉਦੋਂ ਇਹ ਸਪੱਸ਼ਟ ਸੀ ਕਿ ‘ਪਹਿਲਾਂ ਜਾਰੀ ਕੀਤੇ ਸਾਰੇ 100 ਰੁਪਏ ਦੇ ਨੋਟ ਵੀ ਕਾਨੂੰਨੀ ਟੈਂਡਰ ਵਜੋਂ ਜਾਰੀ ਰਹਿਣਗੇ’। ਇਸ ਤੋਂ ਇਲਾਵਾ 8 ਨਵੰਬਰ 2016 ਨੂੰ ਨੋਟਬੰਦੀ ਤੋਂ ਬਾਅਦ ਬੈਂਕ ਨੇ 2000 ਰੁਪਏ ਦੇ ਨੋਟ ਤੋਂ ਇਲਾਵਾ 200 ਰੁਪਏ ਦੇ ਨੋਟ ਜਾਰੀ ਕੀਤੇ ਸਨ।