ਬਿਉਰੋ ਰਿਪੋਰਟ – ਸੰਸਦ (Parliament) ਦੇ ਸਰਦ ਰੁੱਤ ਸੈਸ਼ਨ (Winter session) ਵਿਚ ਅੱਜ ਦੂਜੇ ਦਿਨ ਵੀ ਗੌਤਮ ਅਡਾਨੀ ਦੇ ਮੁੱਦੇ ਨੂੰ ਲੈ ਕੇ ਹੰਗਾਮਾ ਦੇਖਣ ਨੂੰ ਮਿਲਿਆ ਹੈ। ਅੱਜ ਸਵੇਰੇ 11 ਵਜੇ ਜਿਵੇਂ ਹੀ ਲੋਕ ਸਭਾ (Lok Sabha) ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਵੱਲੋਂ ਅਡਾਨੀ ਦੇ ਮੁੱਦੇ ‘ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਉੱਤਰ ਪ੍ਰਦੇਸ਼ ਦੇ ਸੰਭਲ ਵਿਚ ਹੋਈ ਹਿੰਸਾ ਦਾ ਮੁੱਦਾ ਵੀ ਸੰਸਦ ਵਿਚ ਚੁੱਕਿਆ ਹੈ, ਜਿਸ ਤੋਂ ਬਾਅਦ ਦੋਵੇਂ ਸਦਨਾਂ ਦੀ ਕਾਰਵਾਈ 28 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਅਡਾਨੀ ‘ਤੇ ਅਮਰੀਕਾ ‘ਚ 2 ਹਜ਼ਾਰ ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਦੋਸ਼ ਹੈ। ਉਸਨੂੰ ਜੇਲ੍ਹ ਵਿਚ ਹੋਣਾ ਚਾਹੀਦਾ ਹੈ। ਮੋਦੀ ਸਰਕਾਰ ਉਨ੍ਹਾਂ ਨੂੰ ਬਚਾ ਰਹੀ ਹੈ।
ਦੱਸ ਦੇਈਏ ਕਿ ਅਮਰੀਕਾ ਦੇ ਅਟਾਰਨੀ ਦਫਤਰ ਵੱਲੋਂ ਅਡਾਨੀ ਨੇ ਭਾਰਤ ਵਿਚ ਸੂਰਜੀ ਊਰਜਾ ਨਾਲ ਸਬੰਧਿਤ ਇਕ ਠੇਕਾ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ (ਕਰੀਬ 2200 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਸੀ ਜਾਂ ਦੇਣ ਦੀ ਯੋਜਨਾ ਬਣਾਈ ਸੀ।
ਇਸ ‘ਤੇ ਅਡਾਨੀ ਗਰੁੱਪ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਚੇਅਰਮੈਨ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਅਤੇ ਸੀਨੀਅਰ ਕਾਰਜਕਾਰੀ ਵਿਨੀਤ ਜੈਨ ‘ਤੇ ਅਮਰੀਕਾ ‘ਚ ਰਿਸ਼ਵਤਖੋਰੀ ਨਾਲ ਜੁੜੇ ਕੋਈ ਦੋਸ਼ ਨਹੀਂ ਹਨ। ਅਡਾਨੀ ਗਰੁੱਪ ਮੁਤਾਬਕ ਕਈ ਮੀਡੀਆ ਹਾਊਸਾਂ ‘ਚ ਚੱਲ ਰਹੀਆਂ ਖਬਰਾਂ ‘ਗਲਤ’ ਹਨ। ਦੱਸ ਦੇਈਏ ਕਿ ਜਦੋਂ ਤੋਂ ਇਹ ਮੁੱਦਾ ਸਾਹਮਣੇ ਆਇਆ ਹੈ ਉਦੋਂ ਤੋਂ ਹੀ ਵਿਰੋਧੀ ਧਿਰ ਅਡਾਨੀ ਦੇ ਨਾਲ-ਨਾਲ ਭਾਰਤ ਸਰਕਾਰ ‘ਤੇ ਹਮਲਾਵਰ ਹਨ।
ਇਹ ਵੀ ਪੜ੍ਹੋ – ਪੁਲਿਸ ਨੇ ਨਸ਼ਾ ਤਸਕਰ ਕੀਤਾ ਕਾਬੂ! ਸਪਲਾਈ ਦੇਣ ਸਮੇਂ ਆਇਆ ਅੜਿੱਕੇ