The Khalas Tv Blog Punjab “ਪੰਜਾਬੀਆਂ ਤੋਂ ਵੱਧ ਦੇਸ਼ ਭਗਤ ਹੋਰ ਕੋਈ ਨਹੀਂ ”
Punjab

“ਪੰਜਾਬੀਆਂ ਤੋਂ ਵੱਧ ਦੇਸ਼ ਭਗਤ ਹੋਰ ਕੋਈ ਨਹੀਂ ”

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਵਿਖੇ ਹੋਏ ਸੂਬਾ ਪੱਧਰੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਮਾਨ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਪਰੇਡ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਦੇਸ਼ ਦੀ ਆਜ਼ਾਦੀ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਮੂਹ ਆਜ਼ਾਦੀ ਘੁਲਾਟੀਆਂ ਨੂੰ ਸਿੱਜਦਾ ਕੀਤਾ।

ਉਹਨਾਂ ਦੇ ਨਾਲ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਸਨ। ਪੰਜਾਬ ਵਾਸੀਆਂ ਦੇ ਨਾਂ ਆਪਣੇ ਸੰਦੇਸ਼ ਵਿੱਚ ਉਹਨਾਂ ਸੂਬੇ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਆਪਣੇ ਸੰਬੋਧਨ ਵਿੱਚ ਉਹਨਾਂ ਤਿਰੰਗੇ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬੀਆਂ ਤੋਂ ਵੱਧ ਕੇ ਇਸ ਤਿਰੰਗੇ ਦੇ ਕੋਈ ਨੇੜੇ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਾਉਣ ਵਿੱਚ ਪੰਜਾਬੀਆਂ ਦੀ ਬਹੁਤ ਵੱਡੀ ਭੂਮਿਕਾ ਹੈ। ਮਾਨ ਨੇ ਕਿਹਾ ਕਿ ਦੇਸ਼ ਦੇ ਲਈ ਲੜਨ ਦਾ ਜਜ਼ਬਾ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਤੋਂ ਮਿਲਿਆ ਹੈ।

ਸੀ ਐੱਮ ਮਾਨ ਨੇ ਕਿਹਾ ਕਿ ਕੱਲ੍ਹ 14 ਅਗਸਤ ਵੰਡ ਦਾ ਦਰਦਨਾਕ ਦਿਨ ਸੀ। 10 ਲੱਖ ਲੋਕ ਮਾਰੇ ਗਏ, ਹਰ ਪਾਸੇ ਲੋਕਾਂ ਦਾ ਖ਼ੂਨ ਵਹਿ ਰਿਹਾ ਸੀ। ਸਾਰੇ ਉਸ ਦੇ ਆਪਣੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸਨ। ਪੰਜਾਬ ਅਤੇ ਲੋਕ ਵੰਡੇ ਗਏ। ਇਸੇ ਲਈ ਆਜ਼ਾਦੀ ਦੀ ਕੀਮਤ ਪੰਜਾਬ ਨੂੰ ਜ਼ਿਆਦਾ ਪਈ ਅਤੇ ਇਤਿਹਾਸ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ।

ਮਾਨ ਨੇ ਕਿਹਾ ਕਿ ਜੋ ਆਜ਼ਾਦੀ ਸਾਡੇ ਸ਼ਹੀਦਾਂ ਨੇ ਸੋਚੀ ਸੀ ਉਹ ਘਰ ਘਰ ਨਹੀਂ ਪਹੁੰਚੀ। ਮਾਨ ਨੇ ਕਿਹਾ ਕਿ ਅੱਜ ਵੀ ਪੰਜਾਬੀ ਦੇਸ਼ ਦੇ ਬਾਰਡਰ ‘ਤੇ ਸੀਨਾ ਤਾਣ ਕੇ ਖੜ੍ਹੇ ਹਨ। ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਕੁਝ ਲੋਕ ਸਾਨੂੰ ਦੇਸ਼ ਭਗਤੀ ਸਿਖਾਉਣ ਲੱਗ ਜਾਂਦੇ ਹਨ। ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਉਹ ਇਸ ਆਜ਼ਾਦੀ ਨੂੰ ਬਰਕਰਾਰ ਰੱਖਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਦੁਸ਼ਮਣਾਂ ਦੇ ਵੱਲੋਂ ਗੋਲੀ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਸੀਨਾ ਪੰਜਾਬੀਆਂ ਦਾ ਹੁੰਦਾ ਹੈ।

ਨਸ਼ਿਆਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਪੁਰਾ ਇੰਤਜ਼ਾਮ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਨਸ਼ੇ ਦੇ ਤਸਕਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚਿੱਟੇ ਦੇ ਖ਼ਿਲਾਫ਼ ਸਾਰਾ ਤਾਣਾ-ਬਾਣਾ ਤਿਆਰ ਹੈ। ਹੁਣ ਅਸੀਂ ਬਹੁਤ ਵੱਡੀ ਪਲਾਨਿੰਗ ਨਾਲ ਤਿਆਰ ਹਾਂ ਅਤੇ ਲੋਕਾਂ ਸਾਹਮਣੇ ਜਲਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਚਿੱਟਾ ਖਾਂਦੇ ਹਨ, ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਵੇਗਾ ਤੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੀ 15 ਅਗਸਤ ਤੋਂ ਪਹਿਲਾਂ ਪੰਜਾਬ ਚਿੱਟੇ ਦਾ ਕਲੰਕ ਧੋਣ ‘ਚ ਕਾਮਯਾਬ ਹੋ ਜਾਵੇਗਾ।

ਪੰਜਾਬ ਵਿੱਚੋਂ ਨੌਜਵਾਨਾਂ ਦੇ ਬਾਹਰ ਜਾਣ ਦੇ ਰੁਝਾਨ ‘ਤੇ ਬੋਲਦਿਆਂ ਮਾਨ ਨੇ ਕਿਹਾ ਕਿ ਸਾਡੇ ਬੱਚੇ ਬਾਹਰ ਜਾਣ ਲਈ ਮਜਬੂਰ ਹਨ ਪਰ ਅਸੀਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਾਂਗੇ, ਨਵੇਂ ਸਕੂਲ ਖੋਲੇ ਜਾਣਗੇ ਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕੀਤੇ ਜਾਣਗੇ। ਉਹਨਾਂ ਪੰਜਾਬੀਆਂ ਨੂੰ ਬੇਨਤੀ ਕਿ ਕਿ ਬਾਹਰ ਜਾਣ ਦੀ ਬਜਾਇ ਇੱਥੇ ਹੀ ਰਹਿਣ।ਅਸੀਂ ਉਹਨਾਂ ਗੋਰਿਆਂ ਨੂੰ ਇੱਥੋਂ ਕੱਢਿਆ ਹੈ,ਹੁਣ ਪੈਸੇ ਖ਼ਰਚ ਕੇ ਉਹਨਾਂ ਕੋਲ ਜਾ ਰਹੇ ਹਾਂ ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕੁਰੱਪਸ਼ਨ ਫ਼ਰੀ ਦੀ ਨੀਂਹ ਰੱਖੀ ਗਈ ਹੈ । ਉਨ੍ਹਾਂ ਨੇ ਕਿਹਾ ਕਿ ਹਰ ਰੋਜ਼ ਭ੍ਰਿਸ਼ਟਾਚਾਰ ਦੇ ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ।

ਹੜ੍ਹਾਂ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਗਿਰਦਾਵਰੀ ਹੋ ਚੁੱਕੀ ਹੈ। ਅੱਜ ਤੋਂ ਬਾਅਦ ਮੁਆਵਜ਼ਾ ਮਿਲਣਾ ਸ਼ੁਰੂ ਹੋ ਜਾਵੇਗਾ। ਮਾਨ ਨੇ ਕਿਹਾ ਕਿ ਦਿਹਾੜੀਦਾਰ ਜਿਨ੍ਹਾਂ ਦੀਆਂ ਦਿਹਾੜੀਆਂ ਮਰੀਆਂ ਹਨ ਉਨ੍ਹਾਂ ਦੀ ਵੀ ਪੂਰੀ ਮਦਦ ਕੀਤੀ ਜਾਵੇਗੀ।

ਪੰਚਾਇਤੀ ਅਤੇ ਨਗਰ ਨਿਗਮ ਦੀਆਂ ਚੋਣਾਂ ਬਾਰੇ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ।

ਮਾਨ ਨੇ ਐਲਾਨ ਕਰਦਿਆਂ ਕਿਹਾ ਕਿ ਸਰਪੰਚ ਪਾਰਟੀ ਦਾ ਨਹੀਂ, ਬਲਕਿ ਪਿੰਡ ਦਾ ਚੁਣੋ। ਮਾਨ ਨੇ ਕਿਹਾ ਕਿ ਜੇਕਰ ਕੋਈ ਪਿੰਡ ਸਰਬਸੰਮਤੀ ਨਾਲ ਸਰਪੰਚ ਚੁਣੇਗਾ ਤਾਂ ਉਸ ਪਿੰਡ ਨੂੰ ਪੰਜ ਲੱਖ ਰੁਪਏ ਦਾ ਇਨਾਮ ਮਿਲੇਗਾ।

Exit mobile version