ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੋਟਿੰਗ ਹੋ ਰਹੀ ਹੈ। ਉੱਤਰ ਪ੍ਰਦੇਸ਼ ਤੋਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਚੋਣ ਕਮਿਸ਼ਨ ਉੱਤੇ ਸਖਤ ਸਵਾਲ ਖੜ੍ਹੇ ਕੀਤੇ ਹਨ। ਫਰੂਖ਼ਾਬਾਦ ਸੰਸਦੀ ਹਲਕੇ ਵਿੱਚ ਪੈਂਦੇ ਏਟਾ ਜ਼ਿਲ੍ਹੇ ਦੇ ਪੋਲਿੰਗ ਬੂਥ ‘ਤੇ ਇੱਕ 17 ਸਾਲਾ ਨੌਜਵਾਨ 7 ਵਾਰ ਭਾਜਪਾ ਦੇ ਹੱਕ ਵਿੱਚ ਵੋਟ ਪਾ ਰਿਹਾ ਹੈ। ਇਸ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਦੇ ਨਾਲ ਹੀ ਪੋਲਿੰਗ ਸਟੇਸ਼ਨ ਦੀ ਪੋਲਿੰਗ ਟੀਮ ਦੇ ਸਾਰੇ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਪੋਲਿੰਗ ਸਟੇਸ਼ਨ ‘ਤੇ ਦੁਬਾਰਾ ਵੋਟਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਵੀਡੀਓ ਵਿੱਚ ਸਾਫ ਦਿੱਖ ਰਿਹਾ ਹੈ ਕਿ ਇਹ ਨੌਜਵਾਨ ਵਾਰ-ਵਾਰ ਕੱਪੜੇ ਬਦਲ ਕੇ ਆਉਂਦਾ ਹੈ ਅਤੇ ਸ਼ਰੇਆਮ ਆਪਣਾ ਚਿਹਰਾ ਦਿਖਾ ਕੇ 7 ਵਾਰ ਕਮਲ ਦਾ ਬਟਨ ਦਬਾ ਰਿਹਾ ਹੈ। ਇਸ ਵੀਡੀਓ ਨੂੰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਐਕਸ ’ਤੇ ਸਾਂਝਾ ਕੀਤਾ ਹੈ ਅਤੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ – ਸ਼ਰਧਾਲੂਆਂ ’ਤੇ ਗਰਮੀ ਦੀ ਮਾਰ! ਸ੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤਾਂ ਦੀ ਗਿਣਤੀ ਅੱਧੀ ਹੋਈ