ਚੰਡੀਗੜ੍ਹ : ਪੰਜਾਬ ਵਿੱਚ ਇੱਕ ਪਾਸੇ ਜਿੱਥੇ ਮੌਸਮ ਦੀ ਮਾਰ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਜਿੰਨਾਂ ਦੀ ਫ਼ਸਲ ਬਚ ਗਈ ਉਨ੍ਹਾਂ ਦੇ ਵਾਰੇ ਨਿਆਰੇ ਹੋ ਗਏ ਹਨ। ਮੀਂਹ ਤੇ ਝੱਖੜ ਤੋਂ ਬਚੇ ਖੇਤਾਂ ਵਿੱਚ ਐਤਕੀਂ 22 ਤੋਂ 24 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ ਜਦਕਿ ਪਿਛਲੇ ਵਰ੍ਹੇ ਇਨ੍ਹਾਂ ਖੇਤਾਂ ਵਿੱਚ ਝਾੜ ਕਰੀਬ 20 ਕੁਇੰਟਲ ਸੀ। ਮੌਸਮ ਦੀ ਮਾਰ ਤੋਂ ਬਚੀ ਫ਼ਸਲ ਦਾ ਝਾੜ ਪਿਛਲੇ ਵਰ੍ਹੇ ਨਾਲੋਂ ਵੱਧ ਨਿਕਲ ਰਿਹਾ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਗਰਮੀ ਦੀ ਮਾਰ ਕਾਰਨ ਕਣਕ ਦੀ ਫ਼ਸਲ ਦਾ ਕਰੀਬ 15 ਤੋਂ 20 ਫ਼ੀਸਦੀ ਝਾੜ ਘਟਿਆ ਸੀ। ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਲ ਹੋਇਆ ਸੀ। ਪਰ ਇਸ ਵਾਰ ਜਿੰਨਾਂ ਕਿਸਾਨਾਂ ਦੀ ਕਣਕ ਦੀ ਫਸਲ ਮੌਸਮ ਦੀ ਕਾਰਨ ਬਚ ਗਈ ,ਉਨ੍ਹਾਂ ਦਾ ਇਸ ਵਾਰ ਝਾੜ ਵਧੀਆ ਨਿਕਲਿਆ ਹੈ।
ਪੰਜਾਬ ਸਰਕਾਰ ਦੇ ਸਰਵੇ ਅਨੁਸਾਰ ਇਸ ਵਾਰ ਕਰੀਬ 40 ਫ਼ੀਸਦੀ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਖੇਤੀ ਮਹਿਕਮੇ ਨੇ ਹਾਲ ਹੀ ਵਿੱਚ ਜ਼ਿਲ੍ਹਾ ਸੰਗਰੂਰ ਵਿੱਚ ਲਗਏ ਗਏ ਜ਼ਾਇਜੇ ਮੁਤਾਬਕ ਤੇਜ਼ ਹਵਾਵਾਂ ਕਾਰਨ ਡਿੱਗੀਆਂ ਫ਼ਸਲ ਦਾ ਝਾੜ 40 ਤੋਂ 45 ਮਣ ਆਇਆ ਹੈ, ਜਦੋਂ ਕਿ ਝੱਖੜ ਤੋਂ ਬਚੀ ਫ਼ਸਲ ਦਾ ਝਾੜ 53 ਮਣ ਤੱਕ ਨਿਕਲਿਆ ਹੈ।
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਮੁਤਾਬਕ ਜਿੰਨਾ ਨੁਕਸਾਨ ਬਾਰੇ ਕਿਹਾ ਜਾ ਰਿਹਾ ਸੀ, ਸਰਵੇ ਦੌਰਾਨ ਹਕੀਕਤ ਵਿੱਚ ਉਨਾ ਨਹੀਂ ਦਿਸ ਰਿਹਾ। ਉਨ੍ਹਾਂ ਨੇ ਕਿਹਾ ਕਿ 100 ਫ਼ੀਸਦੀ ਪ੍ਰਭਾਵਿਤ ਫ਼ਸਲ ਦਾ ਰਕਬਾ ਕਾਫ਼ੀ ਘੱਟ ਹੈ ਅਤੇ ਪਿਛਲੇ ਸਾਲ ਨਾਲੋਂ ਪੈਦਾਵਾਰ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਡਾਇਰੈਕਟਰ ਨੇ ਦੱਸਿਆ ਕਿ ਸੂਬੇ ਵਿੱਚ ਕਰੀਬ 10 ਲੱਖ ਮੀਟਰਿਕ ਟਨ ਦੀ ਪੈਦਾਵਾਰ ਘਟਣ ਦਾ ਅਨੁਮਾਨ ਹੈ।
ਖ਼ਰਾਬ ਮੌਸਮ ਵੀ ਕੁੱਝ ਨਾ ਵਿਗਾੜ ਸਕਿਆ, ਬਿਨਾਂ ਢਹੇ ਅਡੋਲ ਖੜ੍ਹੀ ਰਹੀ ਇਸ ਤਰੀਕੇ ਨਾਲ ਬੀਜੀ ਕਣਕ
ਜ਼ਿਕਰਯੋਗ ਹੈ ਕਿ ਪਿਛਲੇ ਸਾਲ 96.45 ਲੱਖ ਮੀਟਰਿਕ ਟਨ ਕਣਕ ਮੰਡੀਆਂ ਵਿੱਚ ਖ਼ਰੀਦੀ ਗਈ ਸੀ, ਜਦੋਂ ਕਿ ਉਸ ਤੋਂ ਪਿਛਲੇ ਸਾਲ 127.14 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ ਸੀ। ਪੰਜਾਬ ਵਿੱਚ ਐਤਕੀਂ 34.90 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਂਦ ਸੀ ਅਤੇ ਮੁੱਢਲੇ ਟੀਚਿਆਂ ਅਨੁਸਾਰ 170 ਲੱਖ ਮੀਟਰਿਕ ਟਨ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਸੀ।