ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਐਕਸ ਅਕਾਊਂਟ ‘ਤੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ। ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਉਨ੍ਹਾਂ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਅਗਵਾਈ ‘ਚ ਵਿਸ਼ਵਾਸ ਕੀਤਾ ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਪੂਰਾ ਸਹਿਯੋਗ ਦਿੱਤਾ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ 18 ਨਵੰਬਰ ਨੂੰ 12 ਵਜੇ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਬੁਲਾਈ ਹੈ। ਕਮੇਟੀ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਅਸਤੀਫ਼ੇ ’ਤੇ ਵਿਚਾਰ ਕਰੇਗੀ ਅਤੇ ਅਗਲੀ ਕਾਰਵਾਈ ਤੈਅ ਕਰੇਗੀ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਅਹੁਦੇ ਲਈ ਚੋਣਾਂ 14 ਦਸੰਬਰ, 2024 ਨੂੰ ਹੋਣੀਆਂ ਹਨ, ਜਦੋਂ ਮੌਜੂਦਾ ਸਦਨ ਦੀ ਪੰਜ ਸਾਲ ਦੀ ਮਿਆਦ ਸਮਾਪਤ ਹੋ ਰਹੀ ਹੈ।