ਅਸਾਮ ਦੇ ਗੁਹਾਟੀ ਵਿੱਚ ਇੱਕ ਔਰਤ ਨੇ ਦੋ ਦੋਸਤਾਂ ਨਾਲ ਮਿਲ ਕੇ ਆਪਣੇ ਪਤੀ ਅਤੇ ਸੱਸ ਦਾ ਕਤਲ ਕਰ ਦਿੱਤਾ। ਫਿਰ ਲਾਸ਼ਾਂ ਦੇ ਟੁਕੜੇ ਕਰ ਕੇ ਮੇਘਾਲਿਆ ਦੀਆਂ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤੇ ਗਏ। ਪੁਲਿਸ ਨੇ ਸੋਮਵਾਰ ਨੂੰ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਦੋਵੇਂ ਕਤਲ ਪਿਛਲੇ ਸਾਲ ਜੁਲਾਈ ਅਤੇ ਅਗਸਤ ਵਿੱਚ ਹੋਏ ਸਨ। ਇਸ ਦੇ ਨਾਲ ਹੀ ਔਰਤ ਨੇ ਆਪਣੇ ਪਤੀ ਅਤੇ ਸੱਸ ਦਾ ਕਤਲ ਕਰਨ ਤੋਂ ਬਾਅਦ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।
ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਔਰਤ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਆਪਣੇ ਪਤੀ-ਸੱਸ ਦਾ ਕਤਲ ਕਰ ਦਿੱਤਾ ਸੀ। ਫਿਰ ਲਾਸ਼ਾਂ ਦੇ ਟੁਕੜੇ-ਟੁਕੜੇ ਕਰ ਕੇ ਤਿੰਨ ਦਿਨਾਂ ਲਈ ਫਰਿੱਜ ਵਿਚ ਰੱਖਿਆ ਗਿਆ। ਬਾਅਦ ਵਿੱਚ ਲਾਸ਼ਾਂ ਦੇ ਟੁਕੜੇ ਮੇਘਾਲਿਆ ਵਿੱਚ ਇੱਕ ਖਾਈ ਵਿੱਚ ਸੁੱਟ ਦਿੱਤੇ ਗਏ।
ਗੁਹਾਟੀ ਦੇ ਪੁਲਿਸ ਕਮਿਸ਼ਨਰ ਦਿਗੰਤਾ ਬਾਰਾਹ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਮਰਿੰਦਰ ਡੇ (ਮੁਲਜ਼ਮ ਮਹਿਲਾ ਦਾ ਪਤੀ) ਅਤੇ ਸ਼ੰਕਰੀ ਡੇ (ਔਰਤ ਦੀ ਸੱਸ) ਵਜੋਂ ਹੋਈ ਹੈ। ਮੁਲਜ਼ਮ ਮਹਿਲਾ ਬੰਦਨਾ ਕਲਿਤਾ, ਉਸ ਦਾ ਪ੍ਰੇਮ ਧਨਜੀਤ ਡੇਕਾ ਤੇ ਦੋਸਤ ਅਨੂਪ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦਿਗੰਤਾ ਬਰਾਹ ਨੇ ਦੱਸਿਆ ਕਿ ਜੁਲਾਈ 2022 ਵਿੱਚ ਬੰਦਨਾ ਨੇ ਲਾਪਤਾ ਹੋਣ ਦੀ ਐਫਆਈਆਰ ਦਰਜ ਕਰਵਾਈ ਸੀ। ਇਸ ਤੋਂ ਬਾਅਦ ਨਵੰਬਰ 2022 ਵਿੱਚ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਨੇ ਗੁਹਾਟੀ ਦੇ ਇੱਕ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ। ਉਸ ਨੇ ਦੱਸਿਆ ਕਿ ਅਮਰਜੋਤੀ ਅਤੇ ਸ਼ੰਕਰੀ ਪਿਛਲੇ ਕਈ ਮਹੀਨਿਆਂ ਤੋਂ ਲਾਪਤਾ ਸਨ, ਰਿਸ਼ਤੇਦਾਰ ਨੂੰ ਵੀ ਖਦਸ਼ਾ ਹੈ ਕਿ ਦੋਵਾਂ ਦਾ ਕਤਲ ਹੋ ਸਕਦਾ ਹੈ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਐਫਆਈਆਰਜ਼ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਨੂੰ ਬੰਦਨਾ ‘ਤੇ ਸ਼ੱਕ ਹੋਇਆ, ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਬੰਦਨਾ ਨੇ ਦੋਹਾਂ ਕਤਲਾਂ ਦੀ ਗੱਲ ਕਬੂਲ ਕਰ ਲਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬੰਦਨਾ ਨੇ 26 ਜੁਲਾਈ ਨੂੰ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ। ਅਗਲੇ ਦਿਨ 27 ਤਰੀਕ ਨੂੰ ਲਾਸ਼ ਦੇ ਟੁਕੜੇ ਮੇਘਾਲਿਆ ਵਿੱਚ ਸੁੱਟ ਦਿੱਤੇ ਗਏ। ਇਸੇ ਤਰ੍ਹਾਂ 17 ਅਗਸਤ ਨੂੰ ਬੰਦਨਾ ਨੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਅਤੇ 18 ਅਗਸਤ ਨੂੰ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ। ਆਪਣੇ ਪਤੀ ਦੀ ਹੱਤਿਆ ਤੋਂ ਅਗਲੇ ਦਿਨ ਬੰਦਨਾ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
ਉਸ ਨੇ ਦੱਸਿਆ ਕਿ ਉਹ ਲਗਾਤਾਰ ਪੁਲਿਸ ਤੋਂ ਇਸ ਮਾਮਲੇ ਸਬੰਧੀ ਅੱਪਡੇਟ ਵੀ ਲੈ ਰਿਹੀ ਸੀ, ਤਾਂ ਜੋ ਪੁਲਿਸ ਨੂੰ ਉਸ ‘ਤੇ ਸ਼ੱਕ ਨਾ ਹੋਵੇ। ਪੁਲਿਸ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੇਘਾਲਿਆ ਦੇ ਚਿਰਾਪੂੰਜੀ ਵਿਚ ਦੋ ਵੱਖ-ਵੱਖ ਖਾਈ ਵਿਚ ਟੁਕੜਿਆਂ ਨੂੰ ਸੁੱਟਿਆ ਸੀ। ਸੱਸ ਦੀ ਲਾਸ਼ ਦੇ ਕੁਝ ਟੁਕੜਿਆਂ ਨੂੰ ਮੇਘਾਲਿਆ ਤੋਂ ਬਰਾਮਦ ਕੀਤਾ ਗਿਆ ਹੈ। ਬਾਕੀ ਸਬੂਤਾਂ ਦੀ ਵੀ ਜਾਂਚ ਜਾਰੀ ਹੈ। ਤਿੰਨੋਂ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।