ਲੁਧਿਆਣਾ : ਸੂਬੇ ਵਿੱਚ ਲੁੱਟਾਂ ਖੋਹਾ, ਚੋਰੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ । ਆਏ ਦਿਨ ਇਨ੍ਹਾਂ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤਾਂ ਦੂਜੇ ਪਾਸੇ ਪੁਲਿਸ ਵੀ ਇਨ੍ਹਾਂ ਮੁਲਜਮਾਂ ਨੂੰ ਫੜਨ ਲਈ ਥਾਂ ਥਾਂ ‘ਤੇ ਛਾਪੇ ਮਾਰ ਰਹੀ ਹੈ। ਇਸੇ ਦੌਰਾਨ ਹੈਬੋਵਾਲ ਥਾਣੇ ਦੀ ਪੁਲਿਸ ਨੇ ਬਾਈਕ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ‘ਚ ਸ਼ਾਮਲ ਗਿਰੋਹ ਦੇ 9 ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ ਕੌਰ, ਅਕਾਸ਼ਦੀਪ ਉਰਫ ਕੱਦੂ, ਰਜਿੰਦਰ ਸਿੰਘ ਉਰਫ ਰਾਜੂ, ਅੰਮ੍ਰਿਤਪਾਲ ਸਿੰਘ, ਕੋਮਲਪ੍ਰੀਤ ਸਿੰਘ ਉਰਫ ਬਚੀ, ਅਕਾਸ਼ਦੀਪ ਚਿਕੜਾ, ਹਰਪ੍ਰੀਤ ਸਿੰਘ ਉਰਫ ਸਿੰਗਾ, ਕਰਨਵੀਰ ਸਿੰਘ ਵਿਰਦੀ ਉਰਫ ਅੱਕੂ ਅਤੇ ਅਮਨਦੀਪ ਵਜੋਂ ਹੋਈ ਹੈ। ਜਦਕਿ ਫਰਾਰ ਮੁਲਜ਼ਮ ਕੰਚਾ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਸੰਦੀਪ ਕੌਰ ਹੀ ਸੀ ਜਿਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਗਰੋਹ ਬਣਾਇਆ ਸੀ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਪੁਲੀਸ ਨੇ 17 ਮੋਟਰਸਾਈਕਲ ਬਰਾਮਦ ਕੀਤੇ ਹਨ, ਜਦੋਂ ਕਿ ਪੰਜ ਹੋਰ ਵਾਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜੁਆਇੰਟ ਸੀਪੀ ਸੌਮਿਆ ਮਿਸ਼ਰਾ, ਏਡੀਸੀਪੀ ਸ਼ੁਭਮ ਅਗਰਵਾਲ, ਏਸੀਪੀ ਮਨਦੀਪ ਸਿੰਘ, ਐਸਐਚਓ ਹੈਬੋਵਾਲ ਬਿਟਨ ਕੁਮਾਰ ਨੇ ਪ੍ਰੈਸ ਕਾਨਫਰੰਸ ਕਰ ਇਹ ਜਾਣਕਾਰੀ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ ਇਸ ਗਰੋਹ ਵਿੱਚ ਤਿੰਨ ਆਗੂ ਹਨ, ਜੋ ਚੋਰੀ ਤੋਂ ਲੈ ਕੇ ਵਾਹਨ ਵੇਚਣ ਤੱਕ ਦਾ ਸਾਰਾ ਕੰਮ ਸੰਭਾਲਦੇ ਸਨ। ਇਨ੍ਹਾਂ ਵਿੱਚੋਂ ਇੱਕ ਦਾ ਨਾਂ ਸੰਦੀਪ ਕੌਰ, ਦੂਜਾ ਅਕਾਸ਼ਦੀਪ ਅਤੇ ਤੀਜਾ ਰਾਜੂ ਹੈ। ਸੰਦੀਪ ਕੌਰ ਦੀ ਗੱਡੀਆਂ ਦੀ ਰੇਕੀ ਕਰਵਾਉਣ ਅਤੇ ਵਾਹਨਾਂ ਨੂੰ ਵੇਚਣ ਵਿੱਚ ਮਦਦ ਕਰਦੀ ਸੀ।
ਆਕਾਸ਼ਦੀਪ ਨੇ ਆਪਣੇ ਨਾਲ ਹੋਰ ਲੋਕ ਵੀ ਸ਼ਾਮਲ ਕਰ ਲਏ ਸਨ, ਜੋ ਵਾਹਨ ਚੋਰੀ ਕਰਦੇ ਸਨ। ਰਾਜੂ ਦੀ ਸਿੱਧਵਾਂ ਬੇਟ ਵਿੱਚ ਸਾਈਕਲ ਰਿਪੇਅਰ ਦੀ ਦੁਕਾਨ ਹੈ, ਉਹ ਅੱਗੇ ਵਾਹਨ ਵੇਚਦਾ ਸੀ। ਪੁਲਿਸ ਅਨੁਸਾਰ ਹੈਬੋਵਾਲ, ਰੱਖਬਾਗ, ਰੋਜ਼ ਗਾਰਡਨ, ਦੰਦੀ ਸਵਾਮੀ ਅਤੇ ਹੋਰ ਇਲਾਕਿਆਂ ਵਿੱਚੋਂ ਵਾਹਨ ਚੋਰੀ ਕਰਦੇ ਸਨ।
ਪੁਲਿਸ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਵਿੱਚ ਉਹ ਕਰੀਬ 22 ਬਾਈਕ ਚੋਰੀ ਕਰ ਚੁੱਕੇ ਹਨ। ਗੱਡੀ ਵੇਚਣ ਤੋਂ ਬਾਅਦ ਉਹ ਪੈਸੇ ਵੰਡ ਲੈਂਦੇ ਸਨ ਅਤੇ ਇਸ ਦਾ ਨਸ਼ਾ ਕਰ ਲੈਂਦੇ ਸਨ। ਪੁਲਿਸ ਨੂੰ ਅਜੇ ਵੀ ਉਸ ਕੋਲੋਂ ਹੋਰ ਬਰਾਮਦਗੀ ਦੀ ਉਮੀਦ ਹੈ। ਪੁਲਿਸ ਨੇ ਦੱਸਿਆ ਕਿ 7 ਦੋਸ਼ੀਆਂ ਖਿਲਾਫ ਪਹਿਲਾਂ ਹੀ ਨਸ਼ਾ ਤਸਕਰੀ ਅਤੇ ਚੋਰੀ ਦੇ ਪਰਚੇ ਦਰਜ ਕੀਤੇ ਜਾ ਚੁੱਕੇ ਹਨ, ਜਦਕਿ ਬਾਕੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਕੁਝ ਪੜ੍ਹੇ ਲਿਖੇ ਹਨ, ਜਦਕਿ ਜ਼ਿਆਦਾਤਰ ਅਨਪੜ੍ਹ ਹਨ।