ਜਬਰ ਜਨਾਹ ਦੇ ਦੋਸ਼ ’ਚ ਜੇਲ੍ਹ ‘ਚ ਸਜ਼ਾ ਭੁਗਤ ਰਹੇ ਬਲਾਤਕਾਰੀ ਸਾਧ ਰਾਮ ਰਹੀਮ ਦੇ ਇਕ ਵਾਰੀ ਫਿਰ ਜੇਲ੍ਹ ਤੋਂ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਹਰਿਆਣਾ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸੌਦਾ ਸਾਧ ਨੂੰ ਇਕ ਵਾਰੀ ਫਿਰ ਪੈਰੋਲ ਦੇਣ ਲਈ ਹਰਿਆਣਾ ਸਰਕਾਰ ਨੂੰ ਇਜਾਜ਼ਤ ਦੇ ਦਿੱਤੀ ਹੈ। ਰਾਮ ਰਹੀਮ ਨੇ 20 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਨੂੰ ਇਜਾਜ਼ਤ ਦੇ ਦਿੱਤੀ ਹੈ।
ਦੱਸ ਦੇਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 20 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਸੀ। ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ। ਦੱਸ ਦਈਏ ਕਿ ਡੇਰਾ ਮੁਖੀ ਪਹਿਲਾਂ ਵੀ 10 ਵਾਰ ਪੈਰੋਲ ਜਾਂ ਛੁੱਟੀ ‘ਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ।
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਚੋਣ ਜ਼ਾਬਤੇ ਦੇ ਨਿਯਮਾਂ ਨੂੰ ਦੇਖਦੇ ਹੋਏ ਸੌਦਾ ਸਾਧ ਨੂੰ ਪੈਰੋਲ ਦੇ ਸਕਦਾ ਹੈ। ਇਸ ਦੇ ਲਈ ਕਮਿਸ਼ਨ ਨੇ 3 ਸ਼ਰਤਾਂ ਵੀ ਲਗਾਈਆਂ ਹਨ। ਸੂਤਰਾਂ ਮੁਤਾਬਕ ਹਰਿਆਣਾ ਸਰਕਾਰ ਨੂੰ ਭੇਜੇ ਪੱਤਰ ਵਿੱਚ 3 ਸ਼ਰਤਾਂ ਦਾ ਜ਼ਿਕਰ ਕੀਤਾ ਗਿਆ ਹੈ। ਪਹਿਲੀ ਸ਼ਰਤ ਇਹ ਹੈ ਕਿ ਸੌਦਾ ਸਾਧ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਰਿਆਣਾ ‘ਚ ਨਹੀਂ ਜਾਵੇਗਾ।
ਦੂਜੀ ਸ਼ਰਤ ਇਹ ਰੱਖੀ ਗਈ ਹੈ ਕਿ ਉਹ ਚੋਣਾਂ ਦੌਰਾਨ ਕੋਈ ਸਿਆਸੀ ਸਰਗਰਮੀ ਨਹੀਂ ਕਰੇਗਾ। ਇਸ ਦੇ ਨਾਲ ਹੀ ਸੌਦਾ ਸਾਧ ਸੋਸ਼ਲ ਮੀਡੀਆ ਰਾਹੀਂ ਕਿਸੇ ਵੀ ਚੋਣ ਗਤੀਵਿਧੀ ਵਿੱਚ ਹਿੱਸਾ ਨਹੀਂ ਲਵੇਗਾ। ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਜੇਕਰ ਸੌਦਾ ਸਾਧ ਚੋਣ ਜ਼ਾਬਤੇ ਜਾਂ ਦਿੱਤੀਆਂ ਗਈਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੀ ਪੈਰੋਲ ਤੁਰੰਤ ਰੱਦ ਕਰ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਸੌਦਾ ਸਾਧ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਪਿਛਲੇ ਮਹੀਨੇ 21 ਦਿਨਾਂ ਦੀ ਛੁੱਟੀ ਮਿਲੀ ਸੀ
ਰਾਮ ਰਹੀਮ ਨੂੰ ਪਿਛਲੇ ਮਹੀਨੇ ਦੀ 13 ਤਰੀਕ ਨੂੰ 21 ਦਿਨਾਂ ਲਈ ਫਰਲੋ ਦਿੱਤਾ ਗਿਆ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ 10 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਦੱਸ ਦਈਏ ਕਿ ਰਾਮ ਰਹੀਮ ਨੂੰ ਸਾਲ 2017 ਵਿੱਚ ਸਾਧਵੀ ਬਲਾਤਕਾਰ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਉਸ ਨੂੰ ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਉਦੋਂ ਤੋਂ ਉਹ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਪਿਛਲੀ ਵਾਰ 19 ਜਨਵਰੀ ਨੂੰ ਸਰਕਾਰ ਨੇ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਸੀ, ਜੋ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਬਿਤਾਇਆ ਗਿਆ ਸੀ।
ਰਾਮ ਰਹੀਮ ਕਦੋਂ ਆਇਆ ਜੇਲ੍ਹ ਤੋਂ ਬਾਹਰ?
- 20 ਅਕਤੂਬਰ 2020- ਇੱਕ ਦਿਨ ਦੀ ਪੈਰੋਲ
- 12 ਮਈ 2021- ਇੱਕ ਦਿਨ ਦੀ ਪੈਰੋਲ
- 17 ਮਈ 2021- ਇੱਕ ਦਿਨ ਦੀ ਪੈਰੋਲ
- 3 ਜੂਨ, 2021- ਸੱਤ ਦਿਨਾਂ ਦੀ ਪੈਰੋਲ
- 13 ਜੁਲਾਈ 2021- ਏਮਜ਼ ਵਿੱਚ ਦਿਖਾਉਣ ਲਈ ਪੈਰੋਲ
- 7 ਫਰਵਰੀ 2022- 21 ਦਿਨਾਂ ਦੀ ਪੈਰੋਲ
- 17 ਜੂਨ, 2022- 30 ਦਿਨਾਂ ਦੀ ਪੈਰੋਲ
- ਅਕਤੂਬਰ 2022- 40 ਦਿਨਾਂ ਦੀ ਪੈਰੋਲ
- 21 ਜਨਵਰੀ, 2023- 40 ਦਿਨਾਂ ਦੀ ਪੈਰੋਲ
- 20 ਜੁਲਾਈ, 2023- 30 ਦਿਨਾਂ ਦੀ ਪੈਰੋਲ
- 20 ਨਵੰਬਰ 2023- 21 ਦਿਨਾਂ ਦੀ ਪੈਰੋਲ
- 19 ਜਨਵਰੀ, 2024- 50 ਦਿਨਾਂ ਦੀ ਪੈਰੋਲ
- 13 ਅਗਸਤ 2024- 21 ਦਿਨਾਂ ਦੀ ਪੈਰੋਲ