‘ਦ ਖ਼ਾਲਸ ਬਿਊਰੋ :- ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ‘ਚ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਵੱਖ-ਵੱਖ ਤਰ੍ਹਾਂ ਦੀ ਪ੍ਰੇਸ਼ਾਨੀਆਂ ਨੂੰ ਝੱਲ ਰਹੇ ਆਰਜ਼ੀ ਵੀਜ਼ੇ ਵਾਲੇ ਲੋਕਾਂ ਦੀ ਆਵਾਜ਼ ਦੇਰ ਸਹੀ ਪਰ ਕੱਲ੍ਹ ਲਿਖਤੀ ਰੂਪ ’ਚ ਨਿਊਜ਼ੀਲੈਂਡ ਸਰਕਾਰ ਤੱਕ ਪੁੱਜ ਗਈ ਹੈ। ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਪਰਵਾਸੀਆਂ ਦੇ ਤਿੰਨ ਮਹੱਤਵਪੂਰਨ ਮੁੱਦਿਆਂ ਬਾਰੇ ਇਮੀਗਰੇਸ਼ਨ ਮੰਤਰੀ EN ਲੀਸ-ਗੈਲੋਵੇਅ ਨੂੰ ਇੱਕ ਪੱਤਰ ਲਿਖ ਅਪੀਲ ਕੀਤੀ ਹੈ, ਜਿਸ ‘ਤੇ ਹਾਲੇ ਤੱਕ ਮੰਤਰੀ ਨੇ ਕੋਈ ਵਾਅਦਾ ਤਾਂ ਨਹੀਂ ਕੀਤਾ ਪਰ ਅਗਲੇ ਕੁੱਝ ਦਿਨਾਂ ’ਚ ਭਾਈਚਾਰੇ ਨਾਲ ਇਸ ਮਾਮਲੇ ‘ਤੇ ਗੱਲਬਾਤ ਕਰਨ ਦੇ ਸੰਕੇਤ ਦਿੱਤੇ ਹਨ।
ਜੈ ਬਾਠ ਤੇ ਜੈਸਮੀਨ ਬਾਠ ਵੱਲੋਂ ਤਿਆਰ ਕੀਤੇ ਗਏ ਮੰਗ ਪੱਤਰ ’ਚ ਨਿਊਜ਼ੀਲੈਂਡ ਤੋਂ ਬਾਹਰ ਫਸੇ ਬੈਠੇ ਆਰਜ਼ੀ ਵਰਕ ਵੀਜ਼ੇ ਵਾਲੇ ਲੋਕਾਂ ਨੂੰ ਵਾਪਸ ਲਿਆਉਣ ’ਤੇ ਜ਼ੋਰ ਦਿੱਤਾ ਗਿਆ ਹੈ ਅਤੇ ਇੱਥੋ ਦੇ ਪੜ੍ਹਾਈ ਮੁਕੰਮਲ ਕਰ ਚੁੱਕੇ ਨੌਜਵਾਨਾਂ ਨੂੰ ਵੀ ਵਰਕ ਵੀਜ਼ੇ ਜਾਰੀ ਕਰਨ ਦੀ ਮੰਗ ਰੱਖੀ ਗਈ ਹੈ। ਅਜਿਹੇ ਲੋਕਾਂ ਵੱਲ ਵੀ ਧਿਆਨ ਦੇਣ ’ਤੇ ਜ਼ੋਰ ਦਿੱਤਾ ਗਿਆ ਹੈ ਜੋ ਇਸ ਵੇਲੇ ਓਵਰ ਸਟੇਅ ਹੋ ਚੁੱਕੇ ਹਨ। ਅਜਿਹੇ ਮਾਪਿਆਂ ਬਾਰੇ ਵੀ ਮੱਦਾ ਚੁੱਕਿਆ ਗਿਆ ਹੈ, ਜੋ ਇਸ ਵੇਲੇ ਨਿਊਜ਼ੀਲੈਂਡ ’ਚ ਆਪਣੇ ਧੀਆਂ – ਪੁੱਤਾਂ ਕੋਲ ਆਏ ਹੋਏ ਹਨ ,ਪਰ ਉਨ੍ਹਾਂ ਦੇ ਵੀਜ਼ੇ ਖ਼ਤਮ ਹੋ ਚੁੱਕੇ ਹਨ। ਉਨ੍ਹਾਂ ਦਾ ਵੀਜ਼ਾ ਆਪਣੇ-ਆਪ ਇੱਕ ਸਾਲ ਲਈ ਵਧਾਉਣ ਦੀ ਅਪੀਲ ਕੀਤੀ ਗਈ ਹੈ।
ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਕਿ ਟੈਂਪਰੇਰੀ ਵੀਜ਼ੇ ਵਾਲਿਆਂ ਨਾਲ ਸਬੰਧਤ ਕਈ ਹੋਰ ਮੱਦੇ ਵੀ ਉਨ੍ਹਾਂ ਮੰਤਰੀ ਨਾਲ ਸਾਂਝੇ ਕੀਤੇ ਹਨ। ਲੇਬਰ ਪਾਰਟੀ ਦੀ ਚੋਣ ਮੁਹਿੰਮ ਬਾਰੇ ਉਨ੍ਹਾਂ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਾਨਿਨੀ ’ਚ ਆਉਣ ਦੀ ਇੱਛਾ ਵੀ ਪ੍ਰਗਟ ਕੀਤੀ ਹੈ।