ਰੂਸ ਨਾਲ ਜੰਗ ‘ਚ ਫੌਜੀ ਮਦਦ ਦੇ ਤੌਰ ‘ਤੇ ਅਮਰੀਕਾ ਯੂਕਰੇਨ ਨੂੰ 2.2 ਅਰਬ ਡਾਲਰ ਦਾ ਵਾਧੂ ਪੈਕੇਜ ਦੇਣ ਜਾ ਰਿਹਾ ਹੈ। ਇਸ ਤਹਿਤ ਅਮਰੀਕਾ ਉਸ ਨੂੰ ਲੰਬੀ ਦੂਰੀ ਦੇ ਗਾਈਡਿਡ ਰਾਕੇਟ ਦੇਣ ਜਾ ਰਿਹਾ ਹੈ।
ਜ਼ਮੀਨ ਤੋਂ ਲਾਂਚ ਕੀਤੇ ਇਸ ਰਾਕੇਟ ਨੂੰ ਘੱਟ ਵਿਆਸ ਵਾਲੇ ਬੰਬ ਵਜੋਂ ਜਾਣਿਆ ਜਾਂਦਾ ਹੈ। ਇਸ ਰਾਕੇਟ ਤੋਂ ਇਲਾਵਾ ਅਮਰੀਕਾ ਇਸ ਪੈਕੇਜ ‘ਚ ਯੂਕਰੇਨ ਨੂੰ ਹਵਾਈ ਰੱਖਿਆ ਪ੍ਰਣਾਲੀ, ਟੈਂਕ ਵਿਰੋਧੀ ਮਿਜ਼ਾਈਲਾਂ ਅਤੇ ਬਖਤਰਬੰਦ ਵਾਹਨ ਵੀ ਦੇਵੇਗਾ।
ਹਾਲਾਂਕਿ ਪੈਂਟਾਗਨ ਦੇ ਬੁਲਾਰੇ ਜਨਰਲ ਪੈਟਰਿਕ ਰਾਈਡਰ ਨੇ ਪ੍ਰੈੱਸ ਕਾਨਫਰੰਸ ‘ਚ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਕੀ ਯੂਕਰੇਨ ਕ੍ਰੀਮੀਆ ‘ਚ ਰੂਸ ਖਿਲਾਫ ਲੰਬੀ ਦੂਰੀ ਦੇ ਇਸ ਰਾਕੇਟ ਦੀ ਵਰਤੋਂ ਕਰੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ, ਇਹ ਯੂਕਰੇਨ ਨੇ ਤੈਅ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਯੂਕਰੇਨ ਸੁਰੱਖਿਆ ਸਹਾਇਤਾ ਪੈਕੇਜ ਦੇ ਤਹਿਤ ਅਸੀਂ ਯੂਕਰੇਨ ਨੂੰ ਜ਼ਮੀਨ ਤੋਂ ਛੱਡੇ ਜਾਣ ਵਾਲੇ ਛੋਟੇ ਵਿਆਸ ਵਾਲੇ ਬੰਬ ਪ੍ਰਦਾਨ ਕਰਵਾਉਣਗੇ। ਰਾਈਡਰ ਨੇ ਕਿਹਾ, “ਇਹ ਉਨ੍ਹਾਂ ਨੂੰ ਲੰਬੀ ਰੇਂਜ ‘ਤੇ ਹਮਲਾ ਕਰਨ ਦੀ ਸਮਰੱਥਾ ਦੇਵੇਗਾ, ਜਿਸ ਨਾਲ ਉਨ੍ਹਾਂ ਨੂੰ ਦੇਸ਼ ਦੀ ਰੱਖਿਆ ਕਰਨ ਅਤੇ ਰੂਸ ਦੇ ਕਬਜ਼ੇ ਹੇਠ ਆਏ ਆਪਣੇ ਖੇਤਰਾਂ ਨੂੰ ਮੁੜ ਹਾਸਲ ਕਰਨ ‘ਚ ਮਦਦ ਮਿਲੇਗੀ। ਜਿੱਥੋਂ ਤੱਕ ਇਸ ਦੀ ਵਰਤੋਂ ਦਾ ਸਵਾਲ ਹੈ, ਇਹ ਸਪੱਸ਼ਟ ਤੌਰ ‘ਤੇ ਉਨ੍ਹਾਂ ਦਾ ਫੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਹਵਾਈ ਰੱਖਿਆ ਸਮਰੱਥਾ ਨੂੰ ਸੁਧਾਰਨਾ ਅਮਰੀਕੀ ਸਹਾਇਤਾ ਦਾ ਮੁੱਖ ਕੇਂਦਰ ਹੈ।