ਪਟਿਆਲਾ ਵਿੱਚ ਵੀ ਸਿੱਖ ਨੌਜਵਾਨਾਂ ਵੱਲੋਂ 2 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਐਨੀਮੇਟਿਡ ਫਿਲਮ ‘ਦਾਸਤਾਨ-ਏ-ਸਰਹਿੰਦ’ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਪਟਿਆਲਾ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਚੌਂਕ ਵਿਖੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਕੱਠੇ ਹੋ ਕੇ ਫਿਲਮ ਦਾ ਵਿਰੋਧ ਕੀਤਾ।
ਨੌਜਵਾਨਾਂ ਨੇ ਕਿਹਾ ਕਿ ਗੁਰੂ ਪਰਿਵਾਰ ਨੂੰ ਤਸਵੀਰਾਂ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਬੁੱਤਪ੍ਰਸਤੀ ਵੱਲ ਧੱਕ ਰਹੀਆਂ ਹਨ। ਕਈਆਂ ਨੇ ਇਸਨੂੰ ਰਾਮਲੀਲਾ ਕਰਨ ਵਾਂਗ ਕਰਾਰ ਦਿੱਤਾ। ਨੌਜਵਾਨਾਂ ਨੇ ਅਜਿਹੀਆਂ ਫਿਲਮਾਂ ਨਾ ਬਣਨ ਦੇਣ ਲਈ ਹੁਕਮਨਾਮਾ ਜਾਰੀ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਗੁਰੂ ਸਾਹਿਬ ਜੀ, ਉਨ੍ਹਾਂ ਦੇ ਪਰਿਵਾਰ, ਅਨੇਕਾਂ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਕਿਰਦਾਰ ਕੋਈ ਵੀ ਨਹੀਂ ਨਿਭਾ ਸਕਦਾ।
ਉੱਧਰ ਰੋਪੜ ਵਿੱਚ ਸਿਨੇਮਾ ਮਾਲਕਾਂ ਨੇ ਸਿੱਖ ਜਥੇਬੰਦੀਆਂ ਨੂੰ ਜ਼ੁਬਾਨ ਦਿੰਦਿਆਂ ਕਿਹਾ ਕਿ ਉਹ ਆਪਣੇ ਸਿਨੇਮਿਆਂ ਵਿੱਚ ਇਹ ਫਿਲਮ ਨਹੀਂ ਲਗਾਉਣਗੇ। ਇਲਾਕਾ ਲੱਖੀ ਜੰਗਲ ਵਿੱਚ ਵੀ ਇਸ ਫਿਲਮ ਦਾ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਿਨੇਮਾ ਘਰਾਂ ਨੂੰ ਇਹ ਫਿਲਮ ਨਾ ਲਗਾਉਣ ਲਈ ਕਿਹਾ ਹੈ। ਪ੍ਰਸ਼ਾਸਨ ਵੱਲੋਂ ਸਿੱਖ ਜਥੇਬੰਦੀਆਂ ਨੂੰ ਇਹ ਫਿਲਮ ਨਾ ਲੱਗਣ ਦੇਣ ਦਾ ਭਰੋਸਾ ਵੀ ਦਿੱਤਾ ਗਿਆ।