‘ਦ ਖ਼ਾਲਸ ਬਿਊਰੋ : ਕੇਂਦਰੀ ਵਿਦੇਸ਼ ਮੰਤਰਾਲੇ(union ministry of external affairs india) ਨੇ ਪੰਜਾਬ ਦੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ (Punjab Cabinet Minister Aman Arora)ਨੂੰ ਯੂਰਪ ਦੇ ਅਧਿਕਾਰਤ ਦੌਰੇ ਦੀ ਮੰਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਦੀ ਭਾਜਪਾ ਸਰਕਾਰ ਅਤੇ ‘ਆਪ’ ਸਰਕਾਰ ਦਰਮਿਆਨ ‘ਅਪਰੇਸ਼ਨ ਲੋਟਸ’ ਨੂੰ ਲੈ ਕੇ ਪਹਿਲਾਂ ਹੀ ਟਕਰਾਅ ਚੱਲ ਰਿਹਾ ਸੀ ਅਤੇ ਹੁਣ ਸਿਆਸੀ ਤਲਖੀ ਹੋਰ ਵਧਣ ਦੇ ਆਸਾਰ ਹਨ। ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ 24 ਸਤੰਬਰ ਤੋਂ 2 ਅਕਤੂਬਰ ਤੱਕ ਜਰਮਨੀ, ਬੈਲਜੀਅਮ ਅਤੇ ਨੀਦਰਲੈਂਡ ਦੇ ਦੌਰੇ ’ਤੇ ਜਾਣਾ ਸੀ।
ਇੰਡੋ ਜਰਮਨ ਐਨਰਜੀ ਫੋਰਮ ਵੱਲੋਂ ਭਾਰਤ ਦੇ ਅੱਠ ਸੂਬਿਆਂ ਦੀਆਂ 13 ਹਸਤੀਆਂ ਨੂੰ ਗਰੀਨ ਹਾਈਡਰੋਜਨ ਸਬੰਧੀ ਗਿਆਨ ਦੇ ਆਦਾਨ-ਪ੍ਰਦਾਨ ਲਈ ਅਤੇ ਪ੍ਰਦੂਸ਼ਣ ਸਬੰਧੀ ਸਟੱਡੀ ਟੂਰ ਲਈ ਸੱਦਾ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਸਿਰਫ਼ ਅਮਨ ਅਰੋੜਾ ਹੀ ਸਿਆਸੀ ਸ਼ਖ਼ਸੀਅਤ ਸਨ ਜਦੋਂ ਕਿ ਬਾਕੀ ਸਭ ਨੌਕਰਸ਼ਾਹ ਅਤੇ ਟੈਕਨੋਕਰੇਟ ਸਨ। ਇਨ੍ਹਾਂ ਵਿੱਚੋਂ ਵਿਦੇਸ਼ ਮੰਤਰਾਲੇ ਨੇ ਅਮਨ ਅਰੋੜਾ ਨੂੰ ਰਾਜਸੀ ਪ੍ਰਵਾਨਗੀ ਨਹੀਂ ਦਿੱਤੀ। ਇਸੇ ਤਰ੍ਹਾਂ ਆਸਾਮ ਦੇ ਆਈਏਐੱਸ ਅਧਿਕਾਰੀ ਨੀਰਜ ਵਰਮਾ ਨੂੰ ਵੀ ਹਰੀ ਝੰਡੀ ਨਹੀਂ ਮਿਲੀ। ਵਿਦੇਸ਼ ਮੰਤਰਾਲੇ ਵੱਲੋਂ ਅਮਨ ਅਰੋੜਾ ਨੂੰ ਰਾਜਸੀ ਪ੍ਰਵਾਨਗੀ ਨਾ ਦੇਣ ਦੀ ਕੋਈ ਵਜ੍ਹਾ ਨਹੀਂ ਦੱਸੀ ਗਈ। ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਇਸ ਦੌਰੇ ਵਾਸਤੇ 13 ਮੈਂਬਰੀ ਵਫ਼ਦ ਦੀ ਸੂਚੀ ਨੂੰ 14 ਸਤੰਬਰ ਨੂੰ ਪ੍ਰਵਾਨਗੀ ਦਿੱਤੀ ਸੀ, ਪਰ ਵਿਦੇਸ਼ ਮੰਤਰਾਲੇ ਨੇ ਅਮਨ ਅਰੋੜਾ ਦੇ ਨਾਂ ਨੂੰ ਹਰੀ ਝੰਡੀ ਦੇਣ ਤੋਂ ਨਾਂਹ ਕਰ ਦਿੱਤੀ। ਸਿਆਸੀ ਮਾਹਿਰ ਇਸ ਨਾਂਹ-ਨੁੱਕਰ ਪਿੱਛੇ ਕਈ ਅੰਦਾਜ਼ੇ ਲਗਾ ਰਹੇ ਹਨ। ਇੱਕ ਅਨੁਮਾਨ ਇਹ ਹੈ ਕਿ ‘ਅਪਰੇਸ਼ਨ ਲੋਟਸ’ ਨੂੰ ਲੈ ਕੇ ‘ਆਪ’ ਵੱਲੋਂ ਲਾਏ ਦੋਸ਼ਾਂ ਤੋਂ ਭਾਜਪਾ ਕਾਫ਼ੀ ਔਖ ਵਿਚ ਹੈ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਕਰਕੇ ਅਮਨ ਅਰੋੜਾ ਨੂੰ ਪ੍ਰਵਾਨਗੀ ਨਾ ਦੇਣਾ ਭਾਜਪਾ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ।
ਉਂਝ ਵਿਦੇਸ਼ ਮੰਤਰਾਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਰਮਨੀ ਦੌਰੇ ਮੌਕੇ ਅਜਿਹਾ ਕੋਈ ਅੜਿੱਕਾ ਨਹੀਂ ਪਾਇਆ ਜਦੋਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 31 ਜੁਲਾਈ ਤੋਂ 7 ਅਗਸਤ 2022 ਤੱਕ ਦੇ ਸਿੰਗਾਪੁਰ ਦੌਰੇ ਲਈ ਪ੍ਰਵਾਨਗੀ ਦੇਣ ਤੋਂ ਕੇਂਦਰ ਸਰਕਾਰ ਨੇ ਨਾਂਹ ਕਰ ਦਿੱਤੀ ਸੀ। ਉਸ ਤੋਂ ਪਹਿਲਾਂ ਵੀ ਅਕਤੂਬਰ 2019 ਵਿਚ ਵੀ ਕੇਜਰੀਵਾਲ ਨੂੰ ਡੈਨਮਾਰਕ ਦੌਰੇ ਲਈ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਸੂਤਰ ਮੁੱਖ ਮੰਤਰੀ ਦੇ ਜਰਮਨੀ ਵਿਵਾਦ ਨਾਲ ਵੀ ਇਸ ਨਾਂਹ-ਨੁੱਕਰ ਨੂੰ ਜੋੜ ਰਹੇ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਕੌਮਾਂਤਰੀ ਮੇਜ਼ਬਾਨਾਂ ਵੱਲੋਂ ਹਵਾਈ ਟਿਕਟਾਂ ਵੀ ਭੇਜ ਦਿੱਤੀਆਂ ਗਈਆਂ ਸਨ ਪ੍ਰੰਤੂ ਐਨ ਮੌਕੇ ’ਤੇ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪ੍ਰਵਾਨਗੀ ਦੇਣ ਤੋਂ ਨਾਂਹ ਕਰ ਦਿੱਤੀ।
ਇਸ ਤੋ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਬਿਆਨ ਸਾਹਮਣੇ ਆਇਆ ਹੈ। ਉਨਾਂ ਨੇ ਕਿਹਾ ਕਿ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਦਾ ਦੌਰਾ ਰੱਦ ਕੀਤਾ ਗਿਆ ਹੈ।
ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹੇ ਹਥਕੰਢਿਆਂ ਨਾਲ ਕਦੋਂ ਤੱਕ ਰੋਕੇਗੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਸਿਆਸੀ ਖ਼ਤਰਾ ਹੋਣ ਕਰਕੇ ਕੇਂਦਰ ਸਰਕਾਰ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਦੇ ਵਿਦੇਸ਼ ਦੌਰੇ ਦਾ ਕੇਂਦਰ ਜਾਂ ਸੂਬਾਈ ਖ਼ਜ਼ਾਨੇ ’ਤੇ ਕੋਈ ਬੋਝ ਨਹੀਂ ਪੈਣਾ ਸੀ ਅਤੇ ਇਸ ਸਟੱਡੀ ਟੂਰ ਦੌਰਾਨ ਪਰਾਲੀ ਅਤੇ ਹੋਰ ਪ੍ਰਦੂਸ਼ਣ ਦੇ ਹੱਲ ਲੱਭੇ ਜਾਣੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਚੜ੍ਹਤ ਕੇਂਦਰ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈ ਅਤੇ ਗੈਰ-ਭਾਜਪਾਈ ਸਰਕਾਰਾਂ ਖ਼ਿਲਾਫ਼ ਅਜਿਹੇ ਹੱਥਕੰਢੇ ਵਰਤੇ ਜਾ ਰਹੇ ਹਨ। ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਵਿਦੇਸ਼ੀ ਦੌਰੇ ਨੂੰ ਮਨਜ਼ੂਰੀ ਨਾ ਦੇਣਾ ਕੇਂਦਰ ਦੀ ਭਾਜਪਾ ਸਰਕਾਰ ਦੀ ਨਿੱਕੀ ਮਾਨਸਿਕਤਾ ਦੀ ਮਿਸਾਲ ਹੈ।