The Khalas Tv Blog India ਕੀ ਤੁਸੀਂ ਕਦੇ ਡੀਜ਼ਲ ਨਾਲ ਬਣਿਆ ਪਰੌਂਠਾ ਖਾਧਾ ਹੈ? ਢਾਬਾ ਮਾਲਕ ਨੇ ਦੱਸਿਆ ਪੂਰਾ ਸੱਚ!
India Lifestyle Manoranjan

ਕੀ ਤੁਸੀਂ ਕਦੇ ਡੀਜ਼ਲ ਨਾਲ ਬਣਿਆ ਪਰੌਂਠਾ ਖਾਧਾ ਹੈ? ਢਾਬਾ ਮਾਲਕ ਨੇ ਦੱਸਿਆ ਪੂਰਾ ਸੱਚ!

ਬਿਉਰੋ ਰਿਪੋਰਟ – ਸੋਸ਼ਲ ਮੀਡੀਆ ’ਤੇ ਵਿਊਜ਼ ਹਾਸਲ ਕਰਨ ਦੇ ਲਈ YOUTUBER ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਅਜਿਹਾ ਹੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਡੀਜ਼ਲ ਦੇ ਵਿੱਚ ਪਰੌਂਠਾ ਤਲਿਆ ਗਿਆ ਹੈ। ਜਿਸ ਤੋਂ ਬਾਅਦ ਲੋਕ ਇਸ ਵੀਡੀਓ ’ਤੇ ਆਪਣੀ ਕਾਫੀ ਨਰਾਜ਼ਗੀ ਜ਼ਾਹਿਰ ਕਰ ਰਹੇ ਸਨ, ਕੋਈ ਇਸ ਨੂੰ ਸਿਹਤ ਨਾਲ ਖਿਲਵਾੜ ਦੱਸ ਰਿਹਾ ਸੀ ਕੋਈ ਸਸਤੀ ਪਬਲਿਸਿਟੀ ਦੱਸ ਰਿਹਾ ਸੀ ਪਰ ਹੁਣ ਇਸੇ ਢਾਬੇ ਵਾਲੇ ਨੇ ਇਸ ‘ਡੀਜ਼ਲ ਪਰੌਂਠੇ’ ਬਾਰੇ ਵੱਡੇ ਸੱਚ ਦਾ ਖ਼ੁਲਾਸਾ ਕੀਤਾ ਹੈ ।

ਇਹ ਵੀਡੀਓ ਚੰਡੀਗੜ੍ਹ ਦੇ ਬਬਲੂ ਵੈਸ਼ਨੂ ਢਾਬੇ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਾਇਰਲ ਹੋਣ ਪਿੱਛੋਂ ਹੁਣ ਢਾਬੇ ਦੇ ਮਾਲਕ ਨੇ ਲੋਕਾਂ ਦੇ ਸਾਰੇ ਦਾਅਵਿਆਂ ਦਾ ਖੰਡਨ ਕੀਤਾ ਹੈ। ਖ਼ਬਰ ਏਜੰਸੀ ANI ਨੂੰ ਦਿੱਤੇ ਬਿਆਨ ਵਿੱਚ ਢਾਬਾ ਮਾਲਕ ਚੰਨੀ ਸਿੰਘ ਨੇ ਕਿਹਾ ਕਿ ਨਾ ਤਾਂ ਅਸੀਂ ‘ਡੀਜ਼ਲ ਪਰੌਂਠਾ’ ਵਰਗਾ ਕੁਝ ਬਣਾਉਂਦੇ ਹਾਂ ਅਤੇ ਨਾ ਹੀ ਗਾਹਕਾਂ ਨੂੰ ਇਸ ਤਰ੍ਹਾਂ ਦੀ ਕੋਈ ਚੀਜ਼ ਪਰੋਸਦੇ ਹਾਂ। ਇੱਕ ਬਲਾਗਰ ਨੇ ਸਿਰਫ਼ ਮਨੋਰੰਜਨ ਲਈ ਵੀਡੀਓ ਬਣਾਈ ਸੀ। ਇਸ ਤਰ੍ਹਾਂ ਦਾ ਪਰੌਂਠਾ ਕੋਈ ਵੀ ਨਹੀਂ ਤਿਆਰ ਕਰੇਗਾ। ਪਰੌਂਠਾ ਡੀਜ਼ਲ ਵਿੱਚ ਨਹੀਂ ਪਕਾਇਆ ਜਾਂਦਾ। ਉਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਵੀਡੀਓ ਕਿਵੇਂ ਵਾਇਰਲ ਹੋ ਰਿਹਾ ਹੈ, ਮੈਨੂੰ ਕੱਲ੍ਹ ਹੀ ਪਤਾ ਲੱਗਾ।

ਚੰਨੀ ਨੇ ਕਿਹਾ ਕਿ ਇਸ ਵੀਡੀਓ ਨੂੰ ਸਬੰਧਿਤ ਬਲਾਗਰ ਨੇ ਹਟਾ ਦਿੱਤਾ ਹੈ ਅਤੇ ਲੋਕਾਂ ਤੋਂ ਮੁਆਫ਼ੀ ਵੀ ਮੰਗੀ ਹੈ। ਢਾਬਾ ਮਾਲਕ ਨੇ ਦੱਸਿਆ ਕਿ ਅਸੀਂ ਸਿਰਫ਼ ਖਾਣ ਵਾਲੇ ਤੇਲ ਦੀ ਹੀ ਵਰਤੋਂ ਕਰਦੇ ਹਾਂ ਅਤੇ ਇੱਥੇ ਲੋਕਾਂ ਨੂੰ ਸਾਫ਼-ਸੁਥਰਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਅਸੀਂ ਇੱਥੋਂ ਲੰਗਰ ਵੀ ਸਪਲਾਈ ਕਰਦੇ ਹਾਂ। ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰਦੇ।

ਦਰਅਸਲ ਇੰਟਰਨੈੱਟ ’ਤੇ ‘ਕੈਂਸਰ ਡਾਕਟਰ’ ਦੇ ਐਕਸ ਨਾਮਕ ਯੂਜ਼ਰ ਨੇ ਇਹ ਵੀਡੀਓ ਪੋਸਟ ਕਰਕੇ ਲਿਖਿਆ ਹੈ ਕਿ ਅੱਗੇ ਕੀ ਹੋਵੇਗਾ, ਹਾਰਪਿਕ ਪਰਾਠਾ? ਜਦੋਂ ICMR ਤੁਹਾਨੂੰ ਵੇਅ ਪ੍ਰੋਟੀਨ ਤੋਂ ਬਚਣ ਦੀ ਸਲਾਹ ਦਿੰਦਾ ਹੈ ਅਤੇ FSSAI ਮਸਾਲੇ ਵਿੱਚ ਐਥੀਲੀਨ ਆਕਸਾਈਡ ਦੇ ਪੱਧਰਾਂ ਦੀ ਪਰਵਾਹ ਨਹੀਂ ਕਰਦਾ… ਅਸੀਂ ਕੀ ਕਹਿ ਸਕਦੇ ਹਾਂ? ਕੋਈ ਹੈਰਾਨੀ ਨਹੀਂ ਕਿ ਭਾਰਤ ਦੁਨੀਆ ਦੀ ਕੈਂਸਰ ਦੀ ਰਾਜਧਾਨੀ ਹੈ।

ਸੋਸ਼ਲ ਮੀਡੀਆ ’ਤੇ ਇਸ ਪਰੌਂਠੇ ਬਾਰੇ ਨਕਾਰਾਤਮਕ ਟਿੱਪਣੀਆਂ ਤੋਂ ਬਾਅਜ ਢਾਬਾ ਮਾਲਕ ਨੇ ਹੁਣ ਆਪਣਾ ਪੱਖ ਸਾਂਝਾ ਕੀਤਾ ਹੈ।

Exit mobile version