ਨਵਾਂਸ਼ਹਿਰ : ਗੁਰੂ ਰਵਿਦਾਸ ਜੀ ਦੇ ਨਿਵਾਸ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਨਵਾਂਸ਼ਹਿਰ ਦੇ ਸ਼ਰਧਾਲੂਆਂ ਦੀ ਟਰਾਲੀ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ‘ਚ 3 ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 34 ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਅਧੀਨ ਪੈਂਦੇ ਸਿਹਤ ਕੇਂਦਰ ਬਥਰੀ ਵਿਖੇ ਲਿਜਾਇਆ ਗਿਆ, ਜਿੱਥੋਂ ਕੁਝ ਨੂੰ ਨਵਾਂਸ਼ਹਿਰ ਰੈਫ਼ਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਸ਼ਰਧਾਲੂ ਨਵਾਂਸ਼ਹਿਰ ਦੇ ਪਿੰਡ ਪਰਾਗਪੁਰ ਅਤੇ ਮੁਬਾਰਕਪੁਰ ਤੋਂ ਮੱਥਾ ਟੇਕਣ ਜਾ ਰਹੇ ਸਨ ਕਿ ਰਸਤੇ ਵਿੱਚ ਪਿੰਡ ਬੱਸੀ ਦੇ ਕੋਲ ਟਰਾਲੀ ਬੇਕਾਬੂ ਹੋ ਡੂੰਘੀ ਖੱਡ ਵਿੱਚ ਜਾ ਡਿੱਗੀ। ਟਰਾਲੀ ਹੇਠਾਂ ਦੱਬ ਕੇ ਤਿੰਨ ਔਰਤਾਂ ਭੁਪਿੰਦਰ ਕੌਰ ਵਾਸੀ ਮੁਬਾਰਕਪੁਰ, ਸੁਖਪ੍ਰੀਤ ਕੌਰ ਤੇ ਮਹਿੰਦਰ ਕੌਰ ਵਾਸੀ ਪਰਾਗਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਿਮਾਚਲ ਦੇ ਬਠੜੀ ਤੋਂ ਸਿਵਲ ਹਸਪਤਾਲ ਨਵਾਂਸ਼ਹਿਰ ਆਏ 34 ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ।
ਬਾਕੀ 31 ਜ਼ਖ਼ਮੀਆਂ ਵਿੱਚ ਗੋਪਾਲ ਰਾਮ ਤੇ ਸਰਬਜੀਤ ਸਿੰਘ ਵਾਸੀ ਖੁਰਾਲਗੜ੍ਹ, ਰਣਜੀਤ ਸਿੰਘ ਤੇ ਹਰਬਿਲਾਸ ਵਾਸੀ ਗੜ੍ਹੀ ਮੱਟੋ, ਥਾਣਾ ਗੜ੍ਹਸ਼ੰਕਰ, ਸਮਰ, ਤਨਵੀਰ ਸਿੰਘ, ਪਰਮਿੰਦਰ ਕੌਰ, ਅਰਵਿੰਦਰ ਕੁਮਾਰ, ਕਮਲਜੀਤ ਸਿੰਘ, ਸਤਨਾਮ ਸਿੰਘ, ਮੋਹਨ ਲਾਲ, ਪੂਨਮ, ਸੀਮਾ ਰਾਣੀ, ਡਾ. ਕੁਲਵਿੰਦਰ ਕੌਰ, ਹਰਦੀਪ ਕੌਰ, ਕੁਲਵੀਰ ਸਿੰਘ, ਨਵਪ੍ਰੀਤ, ਸੁਨੀਤਾ, ਪਰਮਿੰਦਰ ਕੌਰ, ਪ੍ਰਨੀਤ, ਚਮਨ ਲਾਲ, ਬਬੀਤਾ ਅਤੇ ਰਾਮ ਪਾਲ ਵਾਸੀ ਪਰਾਗਪੁਰ (ਨਵਾਂਸ਼ਹਿਰ), ਹਰਪ੍ਰੀਤ ਕੌਰ ਅਤੇ ਜਤਿਨ ਵਾਸੀ ਮੱਟਨ ਖੁਰਦ, ਪ੍ਰੇਮ ਚੰਦ, ਪਰਮਵੀਰ ਸਿੰਘ ਅਤੇ ਸ਼ਾਦੀ ਰਾਮ ਵਾਸੀ ਸ. ਮੁਬਾਰਕਪੁਰ, ਥਾਣਾ ਕਾਠਗੜ੍ਹ, ਜ਼ਿਲ੍ਹਾ ਨਵਾਂਸ਼ਹਿਰ, ਵਾਸੀ ਬਲਜੀਤ ਕੌਰ ਅਤੇ ਕੁਲਦੀਪ ਕੌਰ ਵਾਸੀ ਗਾਨੂ ਮਾਜਰਾ (ਰੋਪੜ) ਦਾ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਚੱਲ ਰਿਹਾ ਹੈ।