‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੂੰ ਕੱਟ ਕੇ ਟੈਕਸਟਾਈਲ ਪਾਰਕ ਬਣਾਉਣ ਦਾ ਵਿਰੋਧ ਵਿੱਚ ਵੱਡੇ ਪੱਧਰ ‘ਤੇ ਸੰਘਰਸ਼ ਛਿੜ ਪਿਆ ਹੈ। ਮੈਗਾ ਟੈਕਸਟਾਈਲ ਪਾਰਕ ਪ੍ਰਾਜੈਕਟ ਦੇ ਵਿਰੋਧ ‘ਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰਨ ਵਾਲਿਆਂ ਦਾ ਤਰਕ ਹੈ ਕਿ ਮੈਗਾ ਟੈਕਸਟਾਈਲ ਪ੍ਰਾਜੈਕਟ ਨਾਲ ਹਜ਼ਾਰਾਂ ਏਕੜ ਜੰਗਲਾਂ ਤੇ ਸਤਲੁਜ ਦਰਿਆ ਦਾ ਵੱਡਾ ਇਲਾਕਾ ਪ੍ਰਭਾਵਿਤ ਹੋਵੇਗਾ। ਇਸ ਦੇ ਨਾਲ ਉਜਾੜਾ ਹੋਵੇਗਾ, ਜਿਸ ਨਾਲ ਸਿਰਫ ਮਨੁੱਖ ਹੀ ਨਹੀਂ ਬਲਕਿ ਪਸ਼ੂ, ਪੰਛੀ ਤੇ ਹੋਰ ਜੀਵ ਵੀ ਪ੍ਰਭਾਵਿਤ ਹੋਣਗੇ। ਉਹਨਾਂ ਦੀ ਮੰਗ ਹੈ ਕਿ ਇਹ ਪ੍ਰਾਜੈਕਟ ਰੱਦ ਕੀਤਾ ਜਾਵੇ।
ਮੱਤੇਵਾੜਾ ਜੰਗਲ ਤੇ ਸਤਲੁਜ ਦੇ ਪਾਣੀ ਨੂੰ ਬਚਾਉਣ ਲਈ ਕੀਤੇ ਗਏ ਇਕੱਠ ਦੇ ਸੁੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਦੇ ਕੋਨੇ ਕੋਨੇ ਤੋਂ ਆਮ ਲੋਕ ਇਸ ਮੁਹਿੰਮ ਨੂੰ ਸਹਿਯੋਗ ਕਰਨ ਲਈ ਇਥੇ ਪਹੁੰਚ ਰਹੇ ਹਨ । ਕਿਸਾਨ ਆਗੂਆਂ ਵਿਚੋਂ ਜਥੇਦਾਰ ਬਲਦੇਵ ਸਿੰਘ ਸਿਰਸਾ , ਬਲਵੀਰ ਸਿੰਘ ਰਾਜੇਵਾਲ ,ਮਨਜੀਤ ਸਿੰਘ ਰਾਏ ,ਸੁੱਚਾ ਸਿੰਘ ਛੋਟੇਪੁਰ ਅਤੇ ਹੋਰ ਕਿਸਾਨ ਆਗੂ ਇਥੇ ਪਹੁੰਚੇ ਹਨ। ਪੰਜਾਬ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਤੋਂ ਆਗੂ ਇਥੇ ਪਹੁੰਚੇ ਹਨ । ਪੰਜਾਬ ਦੇ ਰਾਜਸੀ ਲੀਡਰਾਂ ਚੋ ਸੁਖਪਾਲ ਸਿੰਘ ਖਹਿਰਾ ਤੇ ਡਾ ਧਰਮਵੀਰ ਗਾਂਧੀ ਵੀ ਸਮਾਗਮ ਵਿਚ ਪਹੁੰਚ ਚੁਕੇ ਹਨ ।
ਇਸ ਮੁੱਦੇ ‘ਤੇ ਸਿਆਸਤ ਵੀ ਖੂਬ ਹੋ ਰਹੀ ਹੈ।ਹੁਣ ਕਾਂਗਰਸ ਪ੍ਰਧਾਨ ਨੇ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਹੈ। ਪੰਜਾਬ ਪ੍ਰਦੇਸ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਏ ਹਨ। ਇਸ ਸਬੰਧੀ ਵੜਿੰਗ ਨੇ ਟਵੀਟ ਵੀ ਕੀਤਾ ਹੈ। ਵੜਿੰਗ ਨੇ ਇਸ ਦਾ ਵਿਰੋਧ ਕਰਦਿਆਂ ਟਵੀਟ ਕਰਦਿਆਂ ਕਿਹਾ ਕਿ “ਸਰਕਾਰ ਜਿਸ ਉਦਯੋਗਿਕ ਪਾਰਕ ਨੂੰ ਮੱਤੇਵਾੜਾ ਦੇ ਨਜ਼ਦੀਕ ਲਿਆਉਣਾ ਚਾਹੁੰਦੀ ਹੈ ਉਹ ਇਸ ਜੰਗਲ ਨੂੰ ਤਬਾਹ ਕਰ ਦੇਵੇਗਾ। ਪ੍ਰਸਤਾਵਿਤ ਪ੍ਰੋਜੈਕਟ ਪੰਜਾਬ ਲਈ ਬਹੁਤ ਗ਼ਲਤ ਹੈ ਅਤੇ ਮੈਂ ਇਸਦਾ ਸਖ਼ਤ ਵਿਰੋਧ ਕਰਦਾ ਹਾਂ।
ਕਿਸਾਨਾਂ ਸਮੇਤ ਦੋ ਦਰਜਨ ਤੋਂ ਵੱਧ ਜਥੇਬੰਦੀਆਂ ਮੱਤੇਵਾੜਾ ਪਹੁੰਚ ਰਹੀਆਂ ਹਨ। ਇਸ ਇਕੱਠ ਵਿੱਚ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੱਤੇਵਾੜਾ ਜੰਗਲ ਨੂੰ ਨਾ ਉਜੜਨ ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਾਤਾਵਰਣ ਪ੍ਰੇਮੀ ਮੱਤੇਵਾੜਾ ਵਿਖੇ ਪਹੁੰਚ ਰਹੇ ਹਨ।
ਇਸ ਰੋਸ ਧਰਨੇ ਦਾ ਸੱਦਾ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ, ਸਤਲੁਜ, ਬੁੱਢਾ ਨਾਲ ਵੱਲੋਂ ਦਿੱਤਾ ਗਿਆ ਸੀ। ਐਕਸ਼ਨ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਇਸ ਇਕੱਠ ਵਿਚ ਪੁੱਜਣ ਦਾ ਸੱਦਾ ਦਿੱਤਾ ਹੈ। ਅਕਾਲੀ ਦਲ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੇਗਾ। ਅਕਾਲੀ ਦਲ ਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਵਿਰੋਧੀ ਧਿਰ ਵਿਚ ਹੁੰਦਿਆਂ ਭਗਵੰਤ ਮਾਨ ਨੇ ਪ੍ਰਾਜੈਕਟ ਦਾ ਵਿਰੋਧ ਕੀਤਾ ਸੀ ਪਰ ਮੁੱਖ ਮੰਤਰੀ ਬਣ ਕੇ ਪ੍ਰਾਜੈਕਟ ਲਈ ਪ੍ਰਵਾਨਗੀ ਦੇ ਦਿੱਤੀ।
ਇਸ ਰੋਸ ਧਰਨੇ ਵਿੱਚ ਵੱਖ ਵੱਖ ਸਕੂਲਾਂ ਤੋਂ ਆਏ ਬਚੇ ਵਲੰਟੀਅਰ ਹੱਥ ਵਿਚ ਬੈਨਰ ਫੜੀ ਲੋਕਾਂ ਨੂੰ ਜਾਗਰੂਕ ਕਰਦੇ ਨਜ਼ਰ ਆ ਰਹੇ ਹਨ। ਮੱਤੇਵਾੜਾ ਜੰਗਲ ਨੂੰ ਕੱਟ ਕੇ ਟੈਕਸਟਾਈਲ ਪਾਰਕ ਬਣਾਉਣ ਦੇ ਵਿਰੋਧ ਵਿੱਚ ਕਿਸਾਨ ਆਗੂਆਂ ਦਾ ਆਉਣਾ ਵੀ ਲਗਾਤਾਰ ਜਾਰੀ ਹੈ। ਇਸੇ ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੀ ਰੋਸ ਧਰਨੇ ਵਿਚ ਪਹੁੰਚ ਚੁਕੇ ਹਨ।
ਪ੍ਰਦਰਸ਼ਨ ਕਰਨ ਵਾਲਿਆਂ ਦਾ ਤਰਕ ਹੈ ਕਿ ਮੈਗਾ ਟੈਕਸਟਾਈਲ ਪ੍ਰਾਜੈਕਟ ਨਾਲ ਹਜ਼ਾਰਾਂ ਏਕੜ ਜੰਗਲਾਂ ਅਤੇ ਸਤਲੁਜ ਦਰਿਆ ਦਾ ਵੱਡਾ ਇਲਾਕਾ ਪ੍ਰਭਾਵਿਤ ਹੋਵੇਗਾ। ਇਸ ਦੇ ਨਾਲ ਉਜਾੜਾ ਹੋਵੇਗਾ, ਜਿਸ ਨਾਲ ਸਿਰਫ ਮਨੁੱਖ ਹੀ ਨਹੀਂ ਬਲਕਿ ਪਸ਼ੂ, ਪੰਛੀ ਤੇ ਹੋਰ ਜੀਵ ਵੀ ਪ੍ਰਭਾਵਿਤ ਹੋਣਗੇ। ਵਾਤਾਵਰਣ ਪ੍ਰੇਮੀਆਂ ਨੇ ਪੰਜਾਬ ਸਰਕਾਰ ਨੂੰ ਇਹ ਪ੍ਰੋਜੈਕਟ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।