The Khalas Tv Blog Punjab 1 ਜੂਨ ਤੋਂ 10 ਜੂਨ ਤੱਕ ਦੀ ਕਹਾਣੀ, ਨੌਵੇਂ ਦਿਨ ਕੀ-ਕੀ ਹੋਇਆ ਸੀ , ਪੜੋ ਪੂਰੀ ਦਾਸਤਾਨ
Punjab

1 ਜੂਨ ਤੋਂ 10 ਜੂਨ ਤੱਕ ਦੀ ਕਹਾਣੀ, ਨੌਵੇਂ ਦਿਨ ਕੀ-ਕੀ ਹੋਇਆ ਸੀ , ਪੜੋ ਪੂਰੀ ਦਾਸਤਾਨ

ਦ ਖ਼ਾਲਸ ਬਿਊਰੋ :ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਦਿਨੀਂ ਜੂਨ 1984 ਘੱਲੂਘਾਰੇ ਦੀ 40ਵੀਂ ਬਰਸੀ ਮਨਾਈ ਗਈ ਸੀ।  ਅੱਜ ਉਸ ਤਸ਼ੱਦਦ ਭਰੇ ਦਿਨਾਂ ਦਾ 9ਵਾਂ  ਦਿਨ ਹੈ। ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਇਹ 9ਵਾਂ ਦਿਨ ਸੀ। ਇਸ ਦਿਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਹਰ ਸਿੱਖ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ 365 ਸਿੱਖਾਂ ਨੇ 5 ਸਾਲ ਜੋਧਪੁਰ ਜੇਲ੍ਹਾਂ ਕੱਟੀਆਂ। ਫੌਜੀ ਕਾਰਵਾਈ ਦੀ ਖ਼ਬਰ ਬੀਬੀਸੀ ਲੰਡਨ ਰੇਡੀਓ ਤੋਂ ਪ੍ਰਸਾਰਿਤ ਕੀਤੀ ਗਈ, ਜਿਸਨੂੰ ਸੁਣ ਕੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਭਾਰਤੀ ਸਫਾਰਤਖਾਨਿਆਂ ‘ਤੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ। ਅੰਮ੍ਰਿਤਸਰ ਵਿੱਚ ਪਿੰਘਲਵਾੜੇ ਦੀ ਸੇਵਾ ਚਲਾਉਣ ਵਾਲੇ ਭਗਤ ਪੂਰਨ ਸਿੰਘ ਨੇ ਆਪਣਾ ਪਦਮ ਸ੍ਰੀ ਪੁਰਸਕਾਰ ਭਾਰਤ ਸਰਕਾਰ ਨੂੰ ਰੋਸ ਵਜੋਂ ਵਾਪਸ ਕਰ ਦਿੱਤਾ। ਸਿੱਖ ਫੌਜੀਆਂ ਨੇ ਪੂਰੇ ਦੇਸ਼ ਵਿੱਚ ਬਗਾਵਤ ਕਰ ਦਿੱਤੀ। ਵੱਖ ਵੱਖ ਥਾਵਾਂ ਤੋਂ ਸਿੱਖ ਫੌਜੀ ਆਪਣੀਆਂ ਬੈਰਕਾਂ ਛੱਡ ਕੇ ਹਥਿਆਰਾਂ ਨਾਲ ਲੈਸ ਹੋ ਕੇ ਅੰਮ੍ਰਿਤਸਰ ਵੱਲ ਨੂੰ ਤੁਰ ਪਏ। ਕਈ ਥਾਵਾਂ ‘ਤੇ ਮੁਕਾਬਲੇ ਹੋਏ, ਜਿਸ ਵਿੱਚ ਅਨੇਕਾਂ ਸਿੱਖ ਫੌਜੀ ਸ਼ਹੀਦ ਹੋ ਗਏ, ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ।

6 ਜੂਨ ਤੱਕ ਸਿੱਖ ਕੌਮ ਵੱਲੋਂ ਘੱਲੂਘਾਰੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਵੱਖ ਵੱਖ ਥਾਵਾਂ ਉੱਤੇ ਕਰਵਾਏ ਜਾਣਗੇ ਪਰ ਮੁੱਖ ਸਮਾਗਮ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗਾ।

1 ਜੂਨ ਤੋਂ 10 ਜੂਨ ਤੱਕ ਦਾ ਇਤਿਹਾਸ

1 ਜੂਨ 1984

ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਇਹ ਪਹਿਲਾ ਦਿਨ ਸੀ। ਭਾਰਤੀ ਫੌਜ ਨੇ ਸਮੁੱਚੇ ਕੰਪਲੈਕਸ ਨੂੰ ਘੇਰ ਲਿਆ ਸੀ। ਚਸ਼ਮਦੀਦਾਂ ਮੁਤਾਬਕ ਫੌਜ ਦੀ ਗੋਲੀ ਦੁਪਹਿਰ 12.30 ਵਜੇ ਤੋਂ ਰਾਤ 8 ਵਜੇ ਤੱਕ ਲਗਾਤਾਰ ਕੰਪਲੈਕਸ ਦੇ ਅੰਦਰ ਚੱਲਦੀ ਰਹੀ। ਪਹਿਲੇ ਦਿਨ ਅੰਦਰੋਂ ਇੱਕ ਵੀ ਫਾਇਰਿੰਗ ਨਹੀਂ ਹੋਈ।

2 ਜੂਨ 1984

1 ਜੂਨ ਦੀ ਪੂਰੇ ਦਿਨ ਦੀ ਗੋਲੀਬਾਰੀ ਤੋਂ ਬਾਅਦ 2 ਜੂਨ ਨੂੰ ਗੋਲੀਬਾਰੀ ਨਹੀਂ ਕੀਤੀ ਗਈ। ਭਾਰਤੀ ਫੌਜ ਅਤੇ ਸੀਆਰਪੀਐੱਫ਼ ਨੇ ਪੂਰੇ ਪੰਜਾਬ ਦੀ ਘੇਰਾਬੰਦੀ ਕਰ ਲਈ ਸੀ। ਫੌਜ ਦੀਆਂ 7 ਡਿਵੀਜ਼ਨਾਂ ਪੰਜਾਬ ਦੇ ਪਿੰਡਾਂ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਸਖ਼ਤ ਕਰਫਿਊ ਲਾ ਕੇ ਰੇਲ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ। ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਦਾ ਦੇਸ਼ ਤੇ ਦੁਨੀਆ ਨਾਲੋਂ ਰਾਬਤਾ ਕੱਟ ਦਿੱਤਾ ਗਿਆ ਸੀ। ਪ੍ਰੈਸ ‘ਤੇ ਰੋਕ ਲਾ ਦਿੱਤੀ ਗਈ ਸੀ।

2 ਜੂਨ 1984 (ਤਤਕਾਲੀ ਪ੍ਰਧਾਨ ਮੰਤਰੀ ਦਾ ਭਾਸ਼ਣ)

2 ਜੂਨ ਨੂੰ ਰਾਤ 8.30 ਵਜੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਰਦਰਸ਼ਨ ਅਤੇ ਅਕਾਸ਼ਵਾਣੀ ‘ਤੇ ਕਰੀਬ 40 ਮਿੰਟ ਦਾ ਭਾਸ਼ਣ ਦਿੱਤਾ, ਜਿਹੜਾ ਪ੍ਰਧਾਨ ਮੰਤਰੀ ਦੀ ਕਰਨੀ ਤੋਂ ਬਿਲਕੁਲ ਉਲਟ ਸੀ। ਭਾਸ਼ਣ ਵਿਚ ਇੰਦਰਾ ਗਾਂਧੀ ਦੇ ਆਖਰੀ ਬੋਲ ਸਨ, “ਖ਼ੂਨ ਨਾ ਵਹਾਓ, ਨਫ਼ਰਤ ਤਿਆਗੋ।”

3 ਜੂਨ 1984

ਇਸ ਦਿਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਵੱਡੀ ਗਿਣਤੀ ਵਿੱਚ ਸੰਗਤ ਪਹਿਲਾਂ ਹੀ ਮੱਥਾ ਟੇਕਣ ਲਈ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਹੋਈ ਸੀ। ਸ਼ਹੀਦੀ ਦਿਹਾੜੇ ਮੌਕੇ ਹੀ ਸਰਕਾਰ ਨੇ 36 ਘੰਟਿਆਂ ਦੇ ਕਰਫਿਊ ਦਾ ਫੁਰਮਾਨ ਸੁਣਾ ਦਿੱਤਾ ਸੀ ਤਾਂ ਕਿ ਕੋਈ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਆ ਜਾ ਨਾ ਸਕੇ। ਸੰਗਤ ਨੂੰ ਇੱਕ ਤਰੀਕੇ ਨਾਲ ਸ਼੍ਰੀ ਦਰਬਾਰ ਸਾਹਿਬ ਪਰਿਸਰ ਅੰਦਰ ਕੈਦ ਕਰ ਦਿੱਤਾ ਗਿਆ ਸੀ।

4 ਜੂਨ 1984

ਤੜਕੇ ਪੌਣੇ 5 ਵਜੇ ਚਾਰੇ ਪਾਸਿਆਂ ਤੋਂ ਗੋਲੀਆਂ ਵਰ੍ਹਨੀਆਂ ਸ਼ੁਰੂ ਹੋ ਗਈਆਂ। ਗੋਲੀਆਂ ਦੇ ਨਾਲ ਬੰਬਾਂ ਦੀ ਆਵਾਜ਼ ਹੇਠਾਂ ਸੰਗਤ ਦਾ ਚੀਕ ਚਿਹਾੜਾ ਦੱਬ ਕੇ ਰਹਿ ਗਿਆ ਸੀ। ਧੜਾਧੜ ਲਾਸ਼ਾਂ ਪਰਿਸਰ ਦੇ ਅੰਦਰ ਡਿੱਗ ਰਹੀਆਂ ਸਨ। ਇੱਕ ਬੰਬ ਸ਼੍ਰੀ ਦਰਬਾਰ ਸਾਹਿਬ ਨੂੰ ਬਿਜਲੀ ਸਪਲਾਈ ਕਰਨ ਵਾਲੇ ਬਿਜਲੀ ਘਰ ‘ਤੇ ਵੀ ਡਿੱਗਿਆ, ਜਿਸ ਨਾਲ ਸ਼੍ਰੀ ਦਰਬਾਰ ਸਾਹਿਬ ਅਤੇ ਆਸ ਪਾਸ ਦੇ ਇਲਾਕਿਆਂ ਦੀ ਬਿਜਲੀ ਵੀ ਬੰਦ ਹੋ ਗਈ। ਪੂਰਾ ਦਿਨ ਗੋਲੀਆਂ ਤੇ ਬੰਬ ਚੱਲਦੇ ਰਹੇ। ਇਸੇ ਦਿਨ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਰੀਬ 8 ਵਜੇ ਹੀ ਸੁਖਆਸਨ ਕਰਕੇ ਪਹਿਲੀ ਮੰਜ਼ਿਲ ‘ਤੇ ਲਿਜਾਇਆ ਗਿਆ।

5 ਜੂਨ 1984

ਪੂਰਾ ਦਿਨ ਦੋਵਾਂ ਪਾਸਿਆਂ ਤੋਂ ਗਹਿ ਗੱਚ ਲੜਾਈ ਹੋਈ। ਅੰਦਰੋਂ ਮੁਕਾਬਲਾ ਕਰ ਰਹੇ ਸਿੰਘਾਂ ਨੇ ਵੀ ਭਾਰਤੀ ਫੌਜ ਦੀਆਂ ਗੋਡਣੀਆਂ ਲਵਾ ਦਿੱਤੀਆਂ। ਹਾਲਾਂਕਿ, ਮੁਕਾਬਲੇ ਵਿੱਚ ਹਜ਼ਾਰਾਂ ਸਿੰਘਾਂ ਨੂੰ ਵੀ ਫੌਜ ਨੇ ਸ਼ਹੀਦ ਕਰ ਦਿੱਤਾ ਸੀ। ਰਾਤ 10 ਵਜੇ ਦੇ ਕਰੀਬ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਟੈਂਕ ਵਾੜ ਦਿੱਤੇ, ਮਰਿਆਦਾ ਦੀ ਰੱਜ ਕੇ ਉਲੰਘਣਾ ਹੋਈ। ਫੌਜ ਨੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰਲੇ ਹਿੱਸੇ ਨੂੰ ਵੀ ਗੋਲੀਆਂ ਦਾ ਨਿਸ਼ਾਨਾ ਬਣਾਇਆ। ਗੋਲੀਬਾਰੀ ਕਾਰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਰਾਗੀ ਭਾਈ ਅਵਤਾਰ ਸਿੰਘ ਪਾਰੋਵਾਲ, ਜਿਹੜੇ ਉਸ ਸਮੇਂ ਕੀਰਤਨ ਦੀ ਸੇਵਾ ਨਿਭਾ ਰਹੇ ਸਨ, ਗੋਲੀਆਂ ਲੱਗਣ ਕਾਰਨ ਥਾਂ ‘ਤੇ ਹੀ ਸ਼ਹੀਦ ਹੋ ਗਏ ਸੀ। ਇੱਕ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਲੱਗੀ।

6 ਜੂਨ 1984

ਇਹ ਦਿਨ ਦੋਵਾਂ ਪਾਸਿਆਂ ਤੋਂ ਹੋਈ ਲੜਾਈ ਦਾ ਆਖਰੀ ਦਿਨ ਸੀ। ਫੌਜਾਂ ਨੇ ਟੈਂਕਾਂ ਨਾਲ ਤਬਾਹਕੁੰਨ ਹਮਲਾ ਕਰਕੇ ਸਿੱਖ ਕੌਮ ਦੇ ਸ਼੍ਰੋਮਣੀ ਅਗਵਾਈ ਵਾਲੇ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਵੱਡਾ ਹਿੱਸਾ ਢਾਹ ਦਿੱਤਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਰਨਲ ਸ਼ੁਬੇਗ ਸਿੰਘ ਸਮੇਤ ਸਿੱਖ ਫੌਜਾਂ ਦੇ ਕਈ ਹੋਰ ਵੱਡੇ ਆਗੂ ਸ਼ਹੀਦ ਕਰ ਦਿੱਤੇ ਗਏ। ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਸਰੋਵਰ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ, ਪਾਣੀ ਲਾਲ ਹੋ ਗਿਆ ਸੀ, ਜ਼ਖ਼ਮੀ ਕੁਰਲਾ ਰਹੇ ਸੀ, ਬਚੇ ਹੋਏ ਸਿੰਘ ਸਿੰਘਣੀਆਂ ਨੂੰ ਫੌਜ ਨੇ ਬੰਦੀ ਬਣਾ ਕੇ ਪਰਿਕਰਮਾ ਵਿੱਚ ਬਿਠਾ ਲਿਆ। ਕਿਸੇ ਨੂੰ ਵੀ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ। ਗਰਮੀ ਕਾਰਨ ਸਾਰਿਆਂ ਦਾ ਬੁਰਾ ਹਾਲ ਸੀ। ਅਚਾਨਕ ਇੱਕ ਬੰਬ ਨੇ ਪਰਿਕਰਮਾ ਵਿੱਚ ਬੈਠੀ ਸਾਰੀ ਸੰਗਤ ਦੇ ਚੀਥੜੇ ਉਡਾ ਦਿੱਤੇ।

7 ਜੂਨ 1984

ਇਸ ਦਿਨ ਫੌਜ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਲਾਸ਼ਾਂ ਹਟਾਉਣ ਦਾ ਕੰਮ ਕਰ ਰਹੀ ਸੀ। ਗਰਮੀ ਕਾਰਨ ਲਾਸ਼ਾਂ ਫੁਲ ਚੁੱਕੀਆਂ ਸਨ, ਬਦਬੂ ਆ ਰਹੀ ਸੀ। ਕਈ ਲਾਸ਼ਾਂ ਤਾਂ ਏਨੀਆਂ ਗਲ ਚੁੱਕੀਆਂ ਸਨ ਕਿ ਹੱਥ ਲਾਇਆ ਅੰਗ ਵੀ ਲਹਿ ਜਾਂਦੇ ਸਨ। ਲਾਸ਼ਾਂ ‘ਤੇ ਡੀਡੀਟੀ ਦਾ ਛਿੜਕਾਅ ਕੀਤਾ ਗਿਆ, ਕੂੜਾ ਢਾਹੁਣ ਵਾਲੀਆਂ ਗੱਡੀਆਂ ਵਿੱਚ ਲਾਸ਼ਾਂ ਲੱਦ ਕੇ ਸਥਾਨਕ ਸ਼ਹੀਦ ਗੰਜ ਬਾਬਾ ਦੀਪ ਸਿੰਘ ਨੇੜੇ ਬਣੇ ਸ਼ਮਸ਼ਾਨਘਾਟ ਵਿਖੇ ਲਿਜਾਇਆ ਗਿਆ। ਸਮੂਹਿਕ ਤੌਰ ‘ਤੇ ਲਾਸ਼ਾਂ ਦਾ ਸਸਕਾਰ ਕੀਤਾ ਗਿਆ, ਹਰ ਚਿਖਾ ‘ਤੇ 15 ਦੇ ਕਰੀਬ ਲਾਸ਼ਾਂ ਰੱਖ ਕੇ ਬਿਨਾਂ ਕਿਸੇ ਧਾਰਮਿਕ ਰਹੁ ਰੀਤਾਂ ਦੇ ਅੱਗ ਲਗਾਈ ਜਾ ਰਹੀ ਸੀ।

7 ਜੂਨ 1984 (ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਬਰਬਾਦੀ)

6 ਜੂਨ ਦਿਨ ਢਲਦੇ ਤੱਕ ਵੱਡੇ ਖ਼ਜ਼ਾਨੇ ਨਾਲ ਭਰੀ ਹੋਈ ਸਿੱਖ ਰੈਫਰੈਂਸ ਲਾਇਬ੍ਰੇਰੀ ਸਹੀ ਸਲਾਮਤ ਸੀ ਪਰ 7 ਜੂਨ ਤੜਕੇ ਲਾਇਬ੍ਰੇਰੀ ਭੇਤ ਭਰੇ ਹਾਲਾਤ ਵਿੱਚ ਸੜੀ ਹੋਈ ਮਿਲੀ, ਕਿਤਾਬਾਂ ਸਮੇਤ ਗੁਰੂ ਸਾਹਿਬਾਨਾਂ ਦੇ ਹੱਥ ਲਿਖਤ ਪਾਵਨ ਤੇ ਦੁਰਲੱਭ ਸਰੂਪਾਂ ਸਮੇਤ ਸਭ ਕੁਝ ਲੁੱਟ ਲਿਆ ਗਿਆ ਸੀ।

8 ਜੂਨ 1984

ਪੂਰੇ ਪੰਜਾਬ ਵਿੱਚ ਮੁੜ 24 ਘੰਟਿਆਂ ਦਾ ਕਰਫਿਊ ਲਗਾ ਕੇ ਪੂਰੀ ਦੁਨੀਆ ਨਾਲੋਂ ਸੰਪਰਕ ਤੋੜ ਦਿੱਤਾ ਗਿਆ ਸੀ। ਅਖੀਰ ਦੁਪਹਿਰ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਸਫਾਈ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਤਿਆਰੀ ਕੀਤੀ ਗਈ। ਇਸ ਕੰਮ ਲਈ ਸਿੱਖ ਫੌਜੀ ਮਦਦ ਲਈ ਅੱਗੇ ਆਏ। ਗਿਆਨੀ ਸਾਹਿਬ ਸਿੰਘ ਦੀ ਅਗਵਾਈ ਵਿੱਚ ਵਹਿੰਦੇ ਹੰਝੂਆਂ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਸਫਾਈ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ।

9 ਜੂਨ 1984

ਇਸ ਦਿਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਹਰ ਸਿੱਖ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ 365 ਸਿੱਖਾਂ ਨੇ 5 ਸਾਲ ਜੋਧਪੁਰ ਜੇਲ੍ਹਾਂ ਕੱਟੀਆਂ। ਫੌਜੀ ਕਾਰਵਾਈ ਦੀ ਖ਼ਬਰ ਬੀਬੀਸੀ ਲੰਡਨ ਰੇਡੀਓ ਤੋਂ ਪ੍ਰਸਾਰਿਤ ਕੀਤੀ ਗਈ, ਜਿਸਨੂੰ ਸੁਣ ਕੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਭਾਰਤੀ ਸਫਾਰਤਖਾਨਿਆਂ ‘ਤੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ। ਅੰਮ੍ਰਿਤਸਰ ਵਿੱਚ ਪਿੰਘਲਵਾੜੇ ਦੀ ਸੇਵਾ ਚਲਾਉਣ ਵਾਲੇ ਭਗਤ ਪੂਰਨ ਸਿੰਘ ਨੇ ਆਪਣਾ ਪਦਮ ਸ੍ਰੀ ਪੁਰਸਕਾਰ ਭਾਰਤ ਸਰਕਾਰ ਨੂੰ ਰੋਸ ਵਜੋਂ ਵਾਪਸ ਕਰ ਦਿੱਤਾ। ਸਿੱਖ ਫੌਜੀਆਂ ਨੇ ਪੂਰੇ ਦੇਸ਼ ਵਿੱਚ ਬਗਾਵਤ ਕਰ ਦਿੱਤੀ। ਵੱਖ ਵੱਖ ਥਾਵਾਂ ਤੋਂ ਸਿੱਖ ਫੌਜੀ ਆਪਣੀਆਂ ਬੈਰਕਾਂ ਛੱਡ ਕੇ ਹਥਿਆਰਾਂ ਨਾਲ ਲੈਸ ਹੋ ਕੇ ਅੰਮ੍ਰਿਤਸਰ ਵੱਲ ਨੂੰ ਤੁਰ ਪਏ। ਕਈ ਥਾਵਾਂ ‘ਤੇ ਮੁਕਾਬਲੇ ਹੋਏ, ਜਿਸ ਵਿੱਚ ਅਨੇਕਾਂ ਸਿੱਖ ਫੌਜੀ ਸ਼ਹੀਦ ਹੋ ਗਏ, ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ।

10 ਜੂਨ 1984

ਤੀਜੇ ਘੱਲੂਘਾਰੇ ਦਾ ਦਸਵਾਂ ਅਤੇ ਆਖਰੀ ਦਿਨ ਸੀ। ਦੁਨੀਆ ਭਰ ਦੇ ਲੋਕਾਂ ਲਈ ਸ਼ਰਧਾ ਭਰੇ ਅਸਥਾਨ ‘ਤੇ ਖੂਨ ਪੀਣੀਆਂ ਬੰਦੂਕਾਂ ਸ਼ਾਂਤ ਹੋਈਆਂ। ਫੌਜ ਨੇ ਚਾਲੇ ਵੀ ਪਾ ਦਿੱਤੇ। ਸਿੱਖ ਕੌਮ ਇਸਨੂੰ ਨਾ ਭੁੱਲਣਯੋਗ, ਨਾ ਮੰਨਣਯੋਗ, ਨਾ ਬਖਸ਼ਣਯੋਗ ਮੰਨਦੀ ਹੈ।

Exit mobile version