The Khalas Tv Blog International ਕਰਤਾਰਪੁਰ ਸਾਹਿਬ ’ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ
International

ਕਰਤਾਰਪੁਰ ਸਾਹਿਬ ’ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਸਿੱਖ ਸਾਮਰਾਜ ਦੇ ਪਹਿਲੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਕਰਤਾਰਪੁਰ ਸਾਹਿਬ ’ਚ ਸਥਾਪਤ ਕੀਤੇ ਗਏ ਬੁੱਤ ਤੋਂ ਅੱਜ 450 ਤੋਂ ਵੱਧ ਭਾਰਤੀ ਸਿੱਖਾਂ ਦੀ ਹਾਜ਼ਰੀ ਵਿੱਚ ਪਰਦਾ ਹਟਾਇਆ ਗਿਆ। ਪਾਕਿਸਤਾਨ ਤੇ ਭਾਰਤ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮਹਾਰਾਜਾ ਦੇ ਬੁੱਤ ਦੇ ਸਾਹਮਣੇ ਤਸਵੀਰਾਂ ਖਿਚਵਾਈਆਂ।

ਪੰਜਾਬ ਦੇ ਪਹਿਲੇ ਸਿੱਖ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਬੁੱਤ ਦਾ ਉਦਘਾਟਨ ਕੀਤਾ। ਅਰੋੜਾ ਨੇ ਦੱਸਿਆ, ‘ਅਸੀਂ ਸਥਾਨਕ ਲੋਕਾਂ ਤੇ ਭਾਰਤੀ ਸਿੱਖਾਂ ਦੀ ਹਾਜ਼ਰੀ ਵਿੱਚ ਅੱਜ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ’ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕੀਤਾ ਹੈ।’ ਪੀਐੱਮਐੱਲ-ਐੱਨ ਦੇ 44 ਸਾਲਾ ਆਗੂ ਨੇ ਕਿਹਾ ਕਿ ਮੁੜ ਸਥਾਪਤ ਬੁੱਤ ਮੁੱਖ ਤੌਰ ’ਤੇ ਕਰਤਾਰਪੁਰ ਸਾਹਿਬ ’ਚ ਰੱਖਿਆ ਗਿਆ ਹੈ ਤਾਂ ਜੋ ਗਲਿਆਰੇ ਰਾਹੀਂ ਸਰਹੱਦ ਪਾਰੋਂ ਇੱਥੇ ਆਉਣ ਵਾਲੇ ਭਾਰਤੀ ਸਿੱਖ ਵੀ ਇਸ ਨੂੰ ਦੇਖ ਸਕਣ।

ਉਨ੍ਹਾਂ ਕਿਹਾ ਕਿ ਇਸ ਬੁੱਤ ਲਈ ਬਿਹਤਰ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਮਹਾਰਾਜਾ ਸਿੰਘ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਿਛਲੇ ਹਫ਼ਤੇ ਭਾਰਤ ਤੋਂ ਇੱਥੇ ਪੁੱਜਿਆ 455 ਸਿੱਖਾਂ ਦਾ ਜਥਾ ਵੀ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਇਆ। ਮਹਾਰਾਜਾ ਦਾ ਨੌਂ ਫੁੱਟ ਉੱਚਾ ਬੁੱਤ ਪਹਿਲਾਂ 2019 ਵਿੱਚ ਲਾਹੌਰ ਕਿਲੇ ਨੇੜੇ ਉਨ੍ਹਾਂ ਦੀ ਸਮਾਧ ’ਤੇ ਸਥਾਪਤ ਕੀਤਾ ਗਿਆ ਸੀ ਜਿਸ ਨੂੰ ਤਹਿਰੀਕ-ਏ-ਲਬਾਇਕ ਪਾਕਿਸਤਾਨ ਦੇ ਕਾਰਕੁਨਾਂ ਨੇ ਦੋ ਵਾਰ ਨੁਕਸਾਨ ਪਹੁੰਚਾਇਆ ਸੀ।

Exit mobile version