The Khalas Tv Blog Punjab ਵਿਧਾਨ ਸਭਾ ਦਾ ਅੱਜ ਬੁਲਾਇਆ  ਗਿਆ ਵਿਸ਼ੇਸ਼ ਸੈਸ਼ਨ ਖਤਮ, ਮਤਾ ਸਰਬਸਮੰਤੀ ਨਾਲ ਪਾਸ
Punjab

ਵਿਧਾਨ ਸਭਾ ਦਾ ਅੱਜ ਬੁਲਾਇਆ  ਗਿਆ ਵਿਸ਼ੇਸ਼ ਸੈਸ਼ਨ ਖਤਮ, ਮਤਾ ਸਰਬਸਮੰਤੀ ਨਾਲ ਪਾਸ

‘ਦ ਖਾਲਸ ਬਿਉਰੋ: ਪੰਜਾਬ ਵਿਧਾਨ ਸਭਾ ਨੇ ਇੱਕ ਮਤਾ ਪਾਸ ਕਰਕੇ ਚੰਡੀਗੜ ਵਿੱਚ ਕੇਂਦਰੀ ਸਿਵਲ ਸਰਵਿਜ਼ਸ ਨਿਯਮ ਲਾਗੂ ਕਰਨ ਦਾ ਨੋਟੀਫੀਕੇਸ਼ਨ ਰੱਦ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੂਜੇ ਸ਼ੈਸ਼ਨ ਦੌਰਾਨ ਸੱਤਾਧਾਰੀ ਅਤੇ ਵਿਰੋਧੀ ਧਿਰ ਕਈ ਮਸਲਿਆਂ ਨੂੰ ਲੈ ਕੇ ਆਪਸ ਵਿੱਚ ਭਿੜਦੇ ਰਹੇ ਪਰ ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਰਵੱਈਏ ਵਿਰੋਧ ਇੱਕਜੁਟ ਨਜ਼ਰ ਆਏ। ਵਿਧਾਨ ਸਭਾ ਨੇ ਕੇਂਦਰ ਦੀ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਨ ਦੀ ਨੀਅਤ ਦਾ ਡਟਵਾਂ ਵਿਰੋਧ ਰਲ ਕੇ ਕਰਨ ਦਾ ਅਹਿਦ ਲਿਆ। ਭਾਰਤੀ ਜਨਤੀ ਪਾਰਟੀ ਦੇ ਵਿਧਾਇਕ ਅਸ਼ਵਨੀ ਸ਼ਰਮਾ ਦੀ ਵੱਖਰੀ ਸੁਰ ਦਿੱਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਨੂੰ ਤਗੜੇ ਰਗੜੇ ਲਾਏ। ਪਹਿਲੀ ਵਾਰ ਆਜ਼ਾਦ ਤੌਰ ‘ਤੇ ਵਿਧਾਇਕ ਬਣੇ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਾਹਰ ਦਾ ਰਸਤਾ ਦਿਖਾਇਆ।  ਵਿਧਾਨ ਸਭਾ ਦਾ ਇੱਕ ਦਿਨਾੰ ਸ਼ੈਸ਼ਨ ਦੁਪਹਿਰ ਵੇਲੇ ਅਣਮਿੱਥੇ ਸਮੇਂ ਲਈ ਉੱਠਾ ਦਿੱਤਾ ਗਿਆ।

ਪੰਜਾਬ ‘ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੰਡੀਗੜ੍ਹ ਦੇ ਮੁੱਦੇ ’ਤੇ ਵਿਧਾਨ ਸਭਾ ਦਾ ਅੱਜ ਬੁਲਾਇਆ  ਗਿਆ ਵਿਸ਼ੇਸ਼ ਸੈਸ਼ਨ ਖਤਮ ਹੋ ਗਿਆ । ਭਗਵੰਤ ਮਾਨ ਸਰਕਾਰ ਦਾ ਇਹ ਪਹਿਲਾ ਵਿਸ਼ੇਸ਼ ਸੈਸ਼ਨ ਸੀ, ਜਿਸ ਵਿੱਚ ਕੇਂਦਰ ਸਰਕਾਰ ਦੇ ਚੰਡੀਗੜ੍ਹ ਵਿਚ ਕੇਂਦਰੀ ਨਿਯਮ ਲਾਗੂ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਤੇ ਕੇਂਦਰੀ ਨਿਯਮਾਂ ਨੂੰ ਲਾਗੂ ਕਰਨ ਵਿਰੁੱਧ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਮਤਾ ਸਰਬਸਮੰਤੀ ਨਾਲ ਪਾਸ ਕਰ ਦਿਤਾ ਗਿਆ ਹੈ ।ਵਿਧਾਨ ਸਭਾ ਵਿੱਚ ਇਸ ਸੰਬੰਧੀ ਕਰਾਈ ਗਈ ਵੋਟਿੰਗ ਦੋਰਾਨ ਤਕਰੀਬਨ ਸਾਰੇ ਵਿਧਾਇਕਾਂ ਨੇ ਇਸ ਮਤੇ ਦੇ ਪੱਖ ਵਿੱਚ ਵੋਟ ਪਾਈ ਪਰ ਭਾਜਪਾ ਦੇ ਇੱਕੋ-ਇੱਕ ਵਿਧਾਇਕ ਅਸ਼ਵਨੀ ਸ਼ਰਮਾ ਨੇ ਇਸ  ਮਤੇ ਦਾ ਵਿਰੋਧ  ਕੀਤਾ ਤੇ ਪੰਜਾਬੀਆਂ ਨੂੰ  ਗੁੰਮਰਾਹ ਕਰਨ ਵਾਲਾ ਦਸਿਆ।

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ ਕੇਂਦਰੀ ਨਿਯਮਾਂ ਨੂੰ ਲਾਗੂ ਕਰਨ ਵਿਰੁੱਧ ਮਤਾ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਚੀਮਾ ਨੇ ਮਾਨ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਤੇ ਕਿਹਾ ਕਿ ਸੰਸਦ ਵਿੱਚ ਸਿਰਫ ਭਗਵੰਤ ਮਾਨ ਹੀ ਪੰਜਾਬ  ਦੇ ਮੁੱਦਿਆਂ ਨੂੰ  ਉਠਾਉਂਦੇ ਰਹੇ ਹਨ। ਬਾਕੀ ਸੰਸਦ ਮੈਂਬਰ ਖਾਮੋਸ਼ ਬੈਠੇ ਰਹਿੰਦੇ ਸੀ।ਜਿਸ ਤੇ ਕਾਂਗਰਸੀ ਵਿਧਾਇਕਾਂ ਨੇ ਰੋਕ-ਟੋਕ ਸ਼ੁਰੂ ਕੀਤੀ ਤੇ ਹੰਗਾਮਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਵਿਧਾਨ ਸਭਾ ਸ਼ੈਸ਼ਨ ਵਿੱਚ ਆਪ ਅਤੇ ਕਾਂਗਰਸੀ ਆਗੂਆਂ ਵਿਚ  ਬਹਿਸ ਸ਼ੁਰੂ ਹੋ ਗਈ ਹੈ।

ਇਸ ਦੌਰਾਨ ਸੀ.ਐਮ.ਭਗਵੰਤ ਮਾਨ ਨੇ ਕਿਹਾ ਕਿ ਅੱਜ ਚੰਡੀਗੜ੍ਹ ਵਿੱਚ ਇਹ ਨਿਯਮ ਲਾਗੂ ਹੋ ਰਿਹਾ ਹੈ ਤੇ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ। ਉਹਨਾਂ ਕਾਂਗਰਸੀ ਵਿਧਾਇਕਾਂ ਨੂੰ ਸਵਾਲ ਕਰਦਿਆਂ ਪੁਛਿਆ ਕਿ  ਤੁਸੀਂ ਪਿਛਲੇ 5 ਸਾਲਾਂ ਵਿੱਚ ਕੀ ਕੀਤਾ। ਸਿਸਵਾਂ ਮਹਿਲ ਦੇ ਦਰਵਾਜ਼ੇ 5 ਸਾਲਾਂ ਤੋਂ ਨਹੀਂ ਖੁੱਲ੍ਹੇ। ਸੀਐਮ ਨੇ ਕਿਹਾ ਕਿ ਜਦੋਂ ਸੱਤਾ ਜਾਂਦੀ ਹੈ ਤਾਂ ਮੁਸ਼ਕਲ ਹੁੰਦਾ ਹੈ, ਪਰ ਮੈਂ ਵੀ 7 ਸਾਲ ਸੰਸਦ ਵਿੱਚ ਰਿਹਾ ਹਾਂ, ਮੈਨੂੰ ਪਤਾ ਹੈ ਕਿ ਸਾਰਿਆਂ ਨੂੰ ਕਿਵੇਂ ਬਿਠਾਉਣਾ ਹੈ।

ਮਾਣਯੋਗ ਸਪੀਕਰ ਸਾਹਿਬ ਦੇ ਦਖਲ ਮਗਰੋਂ ਇਹ ਬਹਿਸ ਖਤਮ ਹੋਈ ਤੇ ਮਤੇ ਤੇ ਬਹਿਸ ਸ਼ੁਰੂ ਹੋਈ ।ਆਪਣੀ ਤਕਰੀਰ ਜਾਰੀ ਰੱਖਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿਛਲੀਆਂ ਅਕਾਲੀ-ਕਾਂਗਰਸ ਸਰਕਾਰਾਂ ਤੇ ਵਰਦਿਆਂ  ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦਾ ਮੁਦਾ ਉਠਾਇਆ।ਉਹਨਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਪੇਂਡੂ ਵਿਕਾਸ ਫ਼ੰਡ ਰੋਕਣ ਦੀ ਗੱਲ ਤੇ ਵੀ ਇਤਰਾਜ਼ ਕੀਤਾ।

ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਵਿੱਚ ਬੁਤ ਲਗਾਉਣ ਦੇ ਮਸਲੇ ਤੇ ਮੁੱਖ ਮੰਤਰੀ ਨੂੰ ਘੇਰਿਆ ਤੇ ਗਲਤ ਸ਼ਬਦਾਵਲੀ ਵਰਤਣ ਦਾ ਇਲਜ਼ਾਮ ਵੀ ਲਾਇਆ।ਉਹਨਾਂ ਇਹ ਵੀ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਲਈ ਪਹਿਲਾਂ ਵੀ 2018 ਵਿੱਚ ਐਸਐਸਪੀ ਦੀਆਂ ਪੋਸਟਾਂ ਬਾਰੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ,ਜੋ ਕਾਂਗਰਸ ਨੇ ਵਾਪਸ ਕਰਵਾਇਆ।

ਪ੍ਰਿੰਸੀਪਾਲ ਬੁੱਧ  ਰਾਮ ਨੇ ਮਤੇ ਤੇ ਕਿਹਾ ਕਿ ਇਹ ਪੰਜਾਬ ਨਾਲ ਸਰਾਸਰ ਧੱਕਾ ਹੈ । 1966 ਵਿੱਚ ਚੰਡੀਗੜ੍ਹ ਪੰਜਾਬ ਨੂੰ  ਮਿਲਣਾ ਚਾਹਿਦਾ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਗਈ ਰਾਜਧਾਨੀ ਤੇ ਕਿਸੇ ਹੋਰ ਦਾ ਹੱਕ ਕਿਵੇਂ ਹੋ ਗਿਆ ,ਰਾਜਧਾਨੀਆਂ ਸਵੈਮਾਣ ਦਾ ਪ੍ਰਤੀਕ ਹੁੰਦੀਆਂ ਹਨ ਤੇ ਪੰਜਾਬ ਕੋਲੋਂ ਇਹ ਮਾਣ ਖੋਹਿਆ ਜਾ ਰਿਹਾ ਹੈ।

ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਜਿਥੇ ਵੰਡ ਦੇ ਮੱਸਲੇ ਤੇ ਧਾਰਮਿਕ ਏਕਤਾ ਦੀ ਗੱਲ ਕੀਤੀ ਉਥੇ ਅਕਾਲੀ ਦਲ ਦੀ ਆਜਾਦੀ ਵਿੱਚ ਵੱਡੀ ਭੂਮਿਕਾ ਨੂੰ ਵੀ ਗਿਣਾਇਆ। ਉਹਨਾਂ ਇਹ ਵੀ ਕਿਹਾ ਕਿ ਇਹ ਵੱਡਾ ਦੁਖਾਂਤ ਸੀ ਕਿ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਬਾਅਦ ਵਿੱਚ ਜ਼ਰਾਇਮ ਪੇਸ਼ਾ ਕੌਮ ਦਸਿਆ ਗਿਆ।

ਆਪ ਵਿਧਾਇਕਾ ਬਲਜਿੰਦਰ ਕੋਰ ਨੇ ਆਪ ਨੂੰ ਮੌਕਾ ਦੇਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਅੱਜ ਦੇ ਸੈਸ਼ਨ ਨੂੰ ਖਾਸ ਦਸਿਆ।  ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਤੇ ਹਮਲੇ ਨੂੰ ਭਾਜਪਾ ਦੀ ਬੋਖਲਾਹਟ ਦਸਿਆ ।ਵਿਧਾਇਕ ਤ੍ਰਿਪਤ ਇੰਦਰ ਸਿੰਘ ਬਾਜਵਾ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ  ਦਿੱਲੀ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ ਤੇ ਅਸੀਂ ਇਸ ਮਸਲੇ ਤੇ ਆਵਾਜ਼ ਚੁੱਕਦੇ ਰਹਾਂਗੇ ।

ਵਿਧਾਇਕ ਅਮਨ ਅਰੋੜਾ ਦੀ ਮਤੇ ਦੇ  ਪੱਖ ਵਿੱਚ ਹੋਈ   ਤਕਰੀਰ ਦੋਰਾਨ ਆਖਰੀ ਸ਼ਬਦਾਂ ਤੇ ਫ਼ਿਰ ਬਹਿਸ ਸ਼ੁਰੂ ਹੋਈ ।ਉਹਨਾਂ ਕਿਹਾ ਸੀ ਕਿ ਪਿਛਲੇ ਲੀਡਰਾਂ ਨੇ ਵਿਧਾਨ ਸਭਾ ਵਿੱਚ ਸਿਰਫ਼ ਮੱਖੀਆਂ ਹੀ ਮਾਰੀਆਂ ਨੇ।  ਜਿਸ ਦਾ ਵਿਰੋਧੀ ਧਿਰ ਵਲੋਂ ਵਿਰੋਧ ਕੀਤਾ ਗਿਆ। ਵਿਧਾਇਕ ਅਮਨ ਅਰੋੜਾ ਨੇ  ਐਸਵਾਈਐਲ ਮੁੱਦੇ ਤੇ ਖਾਸ ਸੈਸ਼ਨ ਰੱਖਣ ਦੀ ਮੰਗ  ਵੀ ਕੀਤੀ।

ਇਸ ਤੋਂ ਬਾਅਦ ਹੋਰ ਤਕਰੀਰਾਂ ਵੀ ਹੋਈਆਂ ਤੇ ਤਕਰੀਬਨ ਸਾਰਿਆਂ ਨੇ ਪੇਸ਼ ਕੀਤੇ ਮਤੇ ਨਾਲ ਸਹਿਮਤੀ ਜਤਾਈ ਪਰ ਭਾਜਪਾ ਦੇ ਇੱਕੋ-ਇੱਕ ਵਿਧਾਇਕ ਅਸ਼ਵਨੀ ਸ਼ਰਮਾ ਨੇ ਪੇਸ਼ ਕੀਤੇ ਗਏ ਮਤੇ ਦਾ ਵਿਰੋਧ ਕੀਤਾ ਤੇ ਕਿਹਾ ਕਿ ਇਸ ਸੰਬੰਧ ਵਿੱਚ ਪੰਜਾਬ ਦੇ ਲੋਕਾਂ ਨੂੰ ਭਰਮਾਇਆ ਗਿਆ ਹੈ।ਉਹਨਾਂ ਦਾਅਵਾ ਕੀਤਾ ਕਿ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਦੇ ਨਿਯਮਾਂ ਨੂੰ ਲਾਗੂ ਕਰਨ ਪਿਛੇ ਕਰਮਚਾਰੀਆਂ ਦੀ ਮੰਗ ਸੀ,ਜਿਸ ਤੇ ਕਿਸੇ ਵੀ ਸਰਕਾਰ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਕਿਸੇ ਇੱਕ ਦੀ ਲੜਾਈ ਨਹੀਂ,ਸਭ ਦੀ ਹੈ। ਉਹਨਾਂ ਕਿਹਾ ਕਿ ਪੰਜਾਬ ਬਹੁਤ ਵਾਰੀ ਡਿਗਿਆ ਤੇ ਫ਼ੇਰ ਉਠ ਵੀ ਗਿਆ ਹੈ।ਮੇਰਾ ਸੰਸਦ ਵਿੱਚ ਇਹ ਨਿਜ਼ੀ ਤਜਰਬਾ ਰਿਹਾ ਹੈ ਕਿ ਸਾਰੇ ਦੱਖਣੀ ਸੂਬੇ ਆਪਣੇ ਮਸਲਿਆਂ ਲਈ ਇੱਕ ਹੋ ਜਾਂਦੇ ਸੀ ।ਉਹਨਾਂ ਦੇ ਆਪਸੀ ਵੱਖਰੇਵੇਂ ਇੱਕ ਪਾਸੇ ਰਹਿ ਜਾਂਦੇ ਸੀ । ਸਾਨੂੰ ਵੀ ਸਾਰੀਆਂ ਪਾਰਟੀਆਂ ਨੂੰ ਸਾਰੇ ਵੱਖਰੇਵੇਂ ਪਾਸੇ ਰੱਖ ਕੇ ਆਪਣੇ ਮਸਲਿਆਂ ਲਈ ਸੰਘਰਸ਼ ਕਰਨਾ ਪੈਣਾ ਹੈ। ਭਾਜਪਾ ਵਿਧਾਇਕ ਵੱਲੋਂ ਮਤੇ ਦੇ ਵਿਰੋਧ ਤੇ ਮਾਨ ਨੇ ਤੰਜ ਕਸਦਿਆਂ ਕਿਹਾ ਕਿ “ਨਾਗਪੁਰੀ ਸੰਤਰੇ ਤਾਂ ਸੁਣੇ ਸੀ ਪਰ ਨਾਗਪੂਰੀ ਭਾਸ਼ਣ ਪਹਿਲੀ ਵਾਰ ਸੁਣਿਆ ਹੈ “।ਦੇਸ਼ ਦੀ ਆਜ਼ਾਦੀ ਤੇ ਹੋਰ ਸੰਘਰਸ਼ਾਂ ਵਿੱਚ ਸਭ ਤੋਂ ਵੱਧ ਸ਼ਹੀਦ ਪੰਜਾਬ ਦੇ ਹੋਏ ਹਨ ।ਸਭ ਕੁਝ ਸਾਡਾ ਗਿਆ ਤੇ ਰਾਜਧਾਨੀ ਤੇ ਹੁਣ ਹੋਰਾਂ ਦਾ ਹੱਕ ਹੋ ਗਿਆ।

ਮਾਨ ਦੇ ਭਾਸ਼ਣ ਦੇ ਚੱਲਦਿਆਂ ਹੀ ਫ਼ਿਰ ਹੰਗਾਮਾ ਸ਼ੁਰੂ ਹੋ ਗਿਆ  ਤੇ ਸੁਲਤਾਨ ਪੁਰ ਲੋਧੀ ਤੋਂ ਵਿਧਾਇਕ ਇੰਦਰ ਪ੍ਰਤਾਪ ਸਿੰਘ ਨੂੰ ਸਪੀਕਰ ਨੇ ਵਿਧਾਨ ਸਭਾ ਤੋਂ ਬਾਹਰ ਕਰ ਦਿੱਤਾ।ਜਿਸ ਤੋਂ ਬਾਅਦ ਮੁੱਖ ਮੰਤਰੀ ਦਾ ਭਾਸ਼ਣ ਫ਼ੇਰ ਸ਼ੁਰੂ ਹੋਇਆ।ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਿਤਕਰੇ ਤੇ ਬੋਲਦਿਆਂ ਉਹਨਾਂ ਸਵਾਲ ਉਠਾਇਆ ਕਿ ਜਿਥੇ ਵੀ ਭਾਜਪਾ ਦੀ ਸਰਕਾਰ ਨਹੀਂ ,ਕੀ ਉਹ ਦੇਸ਼ ਦਾ ਹਿੱਸਾ  ਨਹੀਂ ਹਨ।ਉਹਨਾਂ ਕਿਹਾ ਕਿ ਕੇਂਦਰ ਅੱਗੇ ਪੰਜਾਬ ਦਾ ਪੱਖ ਮਜਬੂਤੀ ਨਾਲ ਰੱਖਿਆ ਜਾਵੇਗਾ।ਨਸ਼ਿਆਂ ਤੇ ਬੋਲਦਿਆਂ ਉਹਨਾਂ ਕਿਹਾ ਇਹ ਕਿਤਿਉਂ ਵੀ ਬਾਹਰੋਂ ਨਹੀਂ ਆਉਂਦਾ,ਸਭ ਇਥੇ ਹੀ ਪੈਦਾ ਹੁੰਦਾ ਹੈ ਤੇ  ਸਭ ਤੇ ਹੁਣ  ਜਲਦੀ ਕਾਰਵਾਈ ਹੋਵੇਗੀ ।ਉਹਨਾਂ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਤੇ ਤੰਜ ਕਸਦਿਆਂ ਕਿਹਾ ਕਿ ਫ਼ੋਕੇ ਦਿਖਾਵਿਆਂ ਦੀ ਬਜਾਇ ਕੰਮ ਕਰਨ ਨਾਲ ਲੋਕਾਂ ਦੇ ਦਿੱਲ ਜਿੱਤ ਹੁੰਦੇ,ਅਸੀਂ ਜੋ ਕਰਾਂਗੇ ਦੱਸ ਕੇ ਕਰਾਂਗੇ ਤੇ ਡੰਕੇ ਦੀ ਚੋਟ ਤੇ ਕਰਾਂਗੇ।ਪੰਜਾਬ ਤੇ ਪੰਜਾਬੀਅਤ ਲਈ ਹਰ ਲੜਾਈ ਲੜੀ ਜਾਵੇਗੀ ਤੇ ਪੰਜਾਬ ਨੂੰ ਮੁੱੜ ਖੁਸ਼ਹਾਲ ਬਣਾਇਆ ਜਾਵੇਗਾ । ਵਿਦੇਸ਼ਾਂ ਨੂੰ ਅੰਨੀ ਦੋੜ ਖਤਮ ਕਰਾਂਗੇ  ਤੇ ਸਭ ਨੂੰ ਇੱਥੇ ਹੀ ਰੋਜ਼ਗਾਰ ਮਿਲੇਗਾ।

ਇਸ ਤੋਂ ਬਾਅਦ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਮਤੇ ਸੰਬੰਧੀ ਕਰਾਈ ਗਈ ਵੋਟਿੰਗ ਦੋਰਾਨ ਤਕਰੀਬਨ ਸਾਰੇ ਵਿਧਾਇਕਾਂ ਨੇ ਇਸ ਮਤੇ ਦੇ ਪੱਖ ਵਿੱਚ ਵੋਟ ਪਾਈ ਤੇ ਅੰਤ ਵਿੱਚ ਇਹ ਮਤਾ ਵਿਧਾਨ ਸਭਾ ਵਿੱਚ ਪਾਸ ਹੋ ਗਿਆ।

Exit mobile version