ਭਾਰਤ ਵਿੱਚ ਖਾਦ, ਖੁਰਾਕ ਅਤੇ ਤੇਲ ਉੱਤੇ ਵੱਡਾ ਮਾਲੀ ਸੰਕਟ ਆਉਣ ਦੀ ਚਿਤਾਵਨੀ ਦਿੱਤੀ ਗਈ ਹੈ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਬੇਕਾਬੂ ਹੁੰਦੇ ਜਾ ਰਹੇ ਹਨ। ਇਹ ਚਿਤਾਵਨੀ ਸਾਡੀ ਨਹੀਂ ਬਲਕਿ ਦੇਸ਼ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਦਿੱਤੀ ਗਈ ਹੈ। ਇਸ ਸੰਕਟ ਦੇ ਲਪੇਟੇ ਤੋਂ ਕੋਈ ਨਹੀਂ ਬਚੇਗਾ। ਕਿਸਾਨ, ਖਪਤਕਾਰ ਅਤੇ ਸ਼ੇਅਰ ਬਾਜ਼ਾਰ ਸਭ ਇਸ ਦੇ ਅਸਰ ਹੇਠ ਆ ਸਕਦੇ ਹਨ। ਆਰਥਿਕ ਜਾਣਕਾਰਾਂ ਦਾ ਦਾਅਵਾ ਹੈ ਕਿ ਅਸੀਂ ਮੰਦੀ ਤੋਂ ਸਿਰਫ਼ ਪੰਜ ਕਦਮ ਦੂਰ ਹਾਂ। ਪਿਛਲੇ ਅੱਠ ਹਫ਼ਤਿਆਂ ਵਿੱਚ ਅਸੀਂ ਪੰਜਾਹ ਫੀਸਦੀ ਮੰਦੀ ਦੇ ਨਜ਼ਦੀਕ ਪਹੁੰਚ ਗਏ ਹਾਂ। ਜੇਕਰ ਬਾਕੀ ਪੰਜ ਫੀਸਦੀ ਰਸਤਾ ਤੈਅ ਕਰ ਲਿਆ ਤਾਂ 1993 ਅਤੇ 2001 ਵਰਗੀ ਮੰਦੀ ਆ ਸਕਦੀ ਹੈ।
ਭਾਰਤ ‘ਤੇ 4F ਸੰਕਟ ਦਾ ਸਾਇਆ
ਦੇਸ਼ ਦੇ ਮੌਜੂਦਾ ਆਰਥਿਕ ਹਾਲਾਤਾਂ ਨੂੰ ਲੈ ਕੇ ਇਹ ਰਿਪੋਰਟ ਮੌਜੂਦਾ ਚੁਣੌਤੀਆਂ ਅਤੇ ਹਾਲਾਤਾਂ ਦੇ ਮੱਦੇਨਜ਼ਰ ਤਿਆਰ ਕੀਤੀ ਗਈ ਹੈ। ਹਾਲਾਤ ਬਦਲ ਸਕਦੇ ਹਨ ਪਰ ਮੌਜੂਦਾ ਆਰਥਿਕ ਸਥਿਤੀ ਭਵਿੱਖ ਲਈ ਅਲਰਟ ਦੇ ਰਹੀ ਹੈ। ਸਭ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਦਾ ਬਿਆਨ ਸਮਝਣਾ ਜ਼ਰੂਰੀ ਹੈ ਜਿਸ ਤੋਂ ਆਰਥਿਕ ਹਾਲਾਤਾਂ ਬਾਰੇ ਚਿੰਤਾ ਵਧ ਜਾਂਦੀ ਹੈ। ਨਿਊਯਾਰਕ ਵਿੱਚ ਯੂਐਨਜੀਏ 81 ਸੰਮੇਲਨ ਵਿੱਚ ਬੋਲਦਿਆਂ ਜੈਸ਼ੰਕਰ ਨੇ ਕਿਹਾ ਕਿ 4ਐਫ ਸੰਕਟ ਆਉਣ ਵਾਲਾ ਹੈ। 4ਐਫ ਤੋਂ ਭਾਵ ਹੈ ਫਿਊਲ, ਫੂਡ, ਫਰਟੀਲਾਈਜ਼ਰ ਅਤੇ ਫਾਈਨੈਂਸ ਯਾਨੀ ਤੇਲ, ਭੋਜਨ, ਖਾਦ ਅਤੇ ਵਿੱਤ। ਇਹ ਸੰਕਟ ਭਾਰਤ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਸਾਹਮਣੇ ਖੜ੍ਹਾ ਹੋਣ ਵਾਲਾ ਹੈ। ਇਸ ਲਈ ਮੌਜੂਦਾ ਸਿਆਸੀ ਹਾਲਾਤ, ਮੁਕਾਬਲੇਬਾਜ਼ੀ, ਦੇਸ਼ਾਂ ਵਿਚਕਾਰ ਟਕਰਾਅ ਅਤੇ ਸਹਿਯੋਗ ਦੀ ਕਮੀ ਜ਼ਿੰਮੇਵਾਰ ਹੋਵੇਗੀ।
ਤੇਲ ਤੋਂ ਖੁਰਾਕ ਤੱਕ ਵੱਡਾ ਸੰਕਟ
ਲੋਕ ਅਕਸਰ ਜੰਗ ਵੇਲੇ ਮਿਜ਼ਾਈਲਾਂ ਡਿੱਗਣ ਅਤੇ ਬੰਬ ਫੱਟਣ ਵਾਲੇ ਦ੍ਰਿਸ਼ਾਂ ਨੂੰ ਚਿੰਤਾਜਨਕ ਮੰਨਦੇ ਹਨ। ਪਰ ਉਨ੍ਹਾਂ ਤਸਵੀਰਾਂ ਦੇ ਪਿੱਛੇ ਕੁਝ ਅਜਿਹਾ ਹੋ ਰਿਹਾ ਹੈ ਜੋ ਉਨ੍ਹਾਂ ਧਮਾਕਿਆਂ ਤੋਂ ਵੀ ਜ਼ਿਆਦਾ ਖਤਰਨਾਕ ਹੈ। ਭਾਰਤ ਦੇ ਵਿਦੇਸ਼ ਮੰਤਰੀ ਇਸੇ ਹਾਲਾਤ ਤੋਂ ਅਲਰਟ ਕਰ ਰਹੇ ਹਨ ਕਿਉਂਕਿ ਇਸ ਦਾ ਅਸਰ ਸਿੱਧਾ ਰਸੋਈ ਵਿੱਚ ਰੱਖੇ ਅਨਾਜ, ਗੈਸ, ਗੱਡੀ ਵਿੱਚ ਪੈਣ ਵਾਲੇ ਪੈਟਰੋਲ-ਡੀਜ਼ਲ ਅਤੇ ਪੈਸੇ ਦੀ ਘੱਟਦੀ ਤਾਕਤ ਉੱਤੇ ਪੈਂਦਾ ਹੈ। ਤਨਖਾਹ ਨਹੀਂ ਵੱਧ ਰਹੀ ਪਰ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਖਰੀਦ ਸ਼ਕਤੀ ਘੱਟ ਜਾਂਦੀ ਹੈ। ਜੈਸ਼ੰਕਰ ਨੇ ਕਿਹਾ ਕਿ ਈਰਾਨ, ਅਮਰੀਕਾ ਅਤੇ ਖਾੜੀ ਮੁਲਕਾਂ ਵਿਚਕਾਰ ਤਣਾਅ ਨੇ ਦੱਖਣੀ ਗਲੋਬਲ ਦੇਸ਼ਾਂ ਦੇ ਅਰਥਚਾਰੇ ਉੱਤੇ ਬਹੁਤ ਮਾੜਾ ਅਸਰ ਪਾਇਆ ਹੈ। ਮੰਗ ਦੇ ਮੁਕਾਬਲੇ ਤੇਲ ਦੀ ਸਪਲਾਈ ਬਹੁਤ ਘੱਟ ਹੋ ਰਹੀ ਹੈ। ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਜੰਗ ਦੇ ਮਾਹੌਲ ਵਿੱਚ ਤੇਲ ਕੱਢਣ ਵਾਲੇ ਖਾੜੀ ਅਤੇ ਹੋਰ ਦੇਸ਼ ਤੇਲ ਕੱਢ ਪਾਉਣਗੇ ਜਾਂ ਨਹੀਂ।
ਹਾਰਮੁਜ਼ ਸੰਕਟ ਦਾ ਭਾਰਤ ‘ਤੇ ਅਸਰ
ਉਦਾਹਰਣ ਵਜੋਂ ਕੁਝ ਦਿਨ ਪਹਿਲਾਂ ਯਮਨ ਦੇ ਹੂਤੀਆਂ ਨੇ ਸਾਊਦੀ ਅਰਬ ਦੇ ਤੇਲ ਅਤੇ ਗੈਸ ਪਲਾਂਟਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ। ਅਮਰੀਕਾ ਨੇ ਈਰਾਨ ਦੇ ਤੇਲ ਟਿਕਾਣਿਆਂ ਉੱਤੇ ਹਮਲੇ ਕੀਤੇ। ਈਰਾਨ ਨੇ ਯੂਏਈ ਅਤੇ ਬਹਿਰੀਨ ਦੇ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਯੂਕਰੇਨ ਨੇ ਰੂਸ ਦੇ ਤੇਲ ਅਤੇ ਗੈਸ ਪਲਾਂਟਾਂ ਉੱਤੇ ਹਮਲੇ ਕੀਤੇ। ਦੂਜੀ ਚੁਣੌਤੀ ਤੇਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਹੈ। ਸਟਰੇਟ ਆਫ ਹਾਰਮੋਜ਼ ਬੰਦ ਹੋਣ ਕਾਰਨ ਤੇਲ ਦੀ ਸਪਲਾਈ ਹੋਰ ਦੇਸ਼ਾਂ ਤੱਕ ਨਹੀਂ ਪਹੁੰਚ ਰਹੀ। ਇਸ ਤੋਂ ਵੱਡੀ ਖਤਰਨਾਕ ਗੱਲ ਤੇਲ ਨੂੰ ਲੈ ਕੇ ਚੱਲ ਰਹੀ ਸਿਆਸੀ ਲੜਾਈ ਹੈ ਕਿ ਕੌਣ ਕਿਸ ਤੋਂ ਤੇਲ ਖਰੀਦੇਗਾ। ਅਮਰੀਕਾ ਨੇ ਰੂਸ ਅਤੇ ਈਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਉੱਤੇ ਵੱਡਾ ਟੈਰਿਫ ਲਗਾਉਣ ਵਾਲਾ ਬਿੱਲ ਪਾਸ ਕੀਤਾ ਹੈ। ਉਸ ਤੋਂ ਬਾਅਦ ਕਿਸੇ ਦੇਸ਼ ਦੀ ਹਿੰਮਤ ਨਹੀਂ ਕਿ ਉਹ ਰੂਸ ਜਾਂ ਈਰਾਨ ਤੋਂ ਤੇਲ ਖਰੀਦ ਸਕੇ।
ਕੱਚਾ ਤੇਲ ਮਹਿੰਗਾ, ਰੁਪਏ ‘ਤੇ ਦਬਾਅ
ਜੈਸ਼ੰਕਰ ਨੇ ਕਿਹਾ ਕਿ ਇਹ ਤਿੰਨੋਂ ਚੀਜ਼ਾਂ ਇੱਕ ਦੂਜੇ ਨੂੰ ਹੋਰ ਮੁਸ਼ਕਿਲ ਬਣਾ ਰਹੀਆਂ ਹਨ। ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਵਧਣ ਕਾਰਨ ਤੇਲ ਦੀਆਂ ਕੀਮਤਾਂ 109 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈਆਂ। ਉਸ ਤੋਂ ਬਾਅਦ ਪੰਜਾਬ ਸਮੇਤ ਭਾਰਤ ਦੇ ਹੋਰ ਸੂਬਿਆਂ ਵਿੱਚ ਰਿਲਾਇੰਸ ਅਤੇ ਨਯਾਰਾ ਵਰਗੇ ਪ੍ਰਾਈਵੇਟ ਪੈਟਰੋਲ ਪੰਪਾਂ ਨੇ ਗਾਹਕਾਂ ਨੂੰ ਪੈਟਰੋਲ ਅਤੇ ਡੀਜ਼ਲ ਸਪਲਾਈ ਦੀ ਲਿਮਿਟ ਤੈਅ ਕਰ ਦਿੱਤੀ ਹੈ। ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਵਧਣ ਕਾਰਨ ਉਨ੍ਹਾਂ ਨੂੰ ਘਾਟਾ ਹੋ ਰਿਹਾ ਹੈ। ਇਸ ਤੋਂ ਇਲਾਵਾ ਕਣਕ ਐਕਸਪੋਰਟ ਕਰਨ ਵਾਲੇ ਦੇਸ਼ ਆਪਣਾ ਅਨਾਜ ਕਾਲੇ ਸਾਗਰ ਦੇ ਸਮੁੰਦਰੀ ਰਸਤੇ ਰਾਹੀਂ ਹੋਰ ਦੇਸ਼ਾਂ ਨੂੰ ਨਹੀਂ ਭੇਜ ਪਾ ਰਹੇ। ਸਟਰੇਟ ਆਫ ਹਾਰਮੋਜ਼ ਬੰਦ ਹੋਣ ਕਾਰਨ ਇਸ ਰਸਤੇ ਤੋਂ ਆਉਣ ਵਾਲੀ ਖਾਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜੇਕਰ ਸਮੇਂ ਸਿਰ ਖੇਤਾਂ ਵਿੱਚ ਖਾਦ ਨਹੀਂ ਪਹੁੰਚੇਗੀ ਤਾਂ ਅਨਾਜ ਦਾ ਸੰਕਟ ਖੜ੍ਹਾ ਹੋ ਸਕਦਾ ਹੈ।
ਇਸ ਸੰਕਟ ਨੂੰ ਲੈ ਕੇ ਜੈਸ਼ੰਕਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਦੇਸ਼ਾਂ ਨੂੰ ਸਿਰਫ਼ ਆਪਣੇ ਹਿੱਤਾਂ ਬਾਰੇ ਨਹੀਂ ਸੋਚਣਾ ਚਾਹੀਦਾ। ਉਨ੍ਹਾਂ ਦਾ ਇਸ਼ਾਰਾ ਅਮਰੀਕਾ ਵੱਲ ਸੀ। ਉਨ੍ਹਾਂ ਨੇ ਕਿਹਾ ਕਿ ਘੱਟੋ-ਘੱਟ ਇੰਨੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹੋਰ ਦੇਸ਼ਾਂ ਦੀਆਂ ਬੁਨਿਆਦੀ ਲੋੜਾਂ ਨੂੰ ਕੋਈ ਖਤਰਾ ਨਾ ਹੋਵੇ। ਨਿਵੇਸ਼ ਨੂੰ ਲੈ ਕੇ ਵੀ ਉਨ੍ਹਾਂ ਨੇ ਵੱਡੀ ਗੱਲ ਕਹੀ ਜਿਸ ਦਾ ਮਾੜਾ ਅਸਰ ਸ਼ੇਅਰ ਬਾਜ਼ਾਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਅੱਠ ਹਫ਼ਤਿਆਂ ਤੋਂ ਡਿੱਗ ਰਿਹਾ ਹੈ ਅਤੇ ਹੁਣ ਤੱਕ ਕੁੱਲ ਬਾਜ਼ਾਰ ਪੰਦਰਾਂ ਫੀਸਦੀ ਤੱਕ ਡਿੱਗ ਚੁੱਕਾ ਹੈ। ਜੇਕਰ ਇਹ ਗਿਰਾਵਟ ਵੀਹ ਫੀਸਦੀ ਤੱਕ ਪਹੁੰਚ ਗਈ ਤਾਂ ਮੰਨ ਲਿਆ ਜਾਵੇਗਾ ਕਿ ਮੰਦੀ ਆ ਗਈ ਹੈ। 1993 ਵਿੱਚ ਸ਼ੇਅਰ ਬਾਜ਼ਾਰ ਦਸ ਹਫ਼ਤੇ ਲਗਾਤਾਰ ਡਿੱਗਿਆ ਸੀ ਅਤੇ 2001 ਵਿੱਚ ਨੌਂ ਹਫ਼ਤੇ ਡਿੱਗਣ ਨਾਲ ਮੰਦੀ ਆਈ ਸੀ। ਅਗਲੇ ਹਫ਼ਤੇ ਬਾਜ਼ਾਰ ਨੌਵੇਂ ਹਫ਼ਤੇ ਵਿੱਚ ਦਾਖਲ ਹੋ ਰਿਹਾ ਹੈ ਜਿਸ ਵਿੱਚ ਲਗਾਤਾਰ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ।
ਦੇਸ਼ ਵਿੱਚ ਟਾਪ 500 ਸ਼ੇਅਰਾਂ ਨੂੰ ਡੀਲ ਕਰਨ ਵਾਲਾ ਨਿਫਟੀ-500 ਵਿੱਚ 81 ਫੀਸਦੀ ਸ਼ੇਅਰ ਪੰਜਾਹ ਦਿਨਾਂ ਦੀ ਔਸਤ ਤੋਂ ਵੀ ਹੇਠਾਂ ਟਰੇਡ ਕਰ ਰਹੇ ਹਨ। ਸਿਰਫ਼ ਸਤੰਬਰ ਮਹੀਨੇ ਵਿੱਚ ਹੀ ਨਿਫਟੀ 6.1 ਫੀਸਦੀ ਹੇਠਾਂ ਆਇਆ ਹੈ। ਅਮਰੀਕਾ ਵਿੱਚ ਬਾਂਡ ਉੱਤੇ ਵੱਧ ਵਿਆਜ ਦਰ ਹੋਣ ਕਾਰਨ ਵਿਦੇਸ਼ੀ ਨਿਵੇਸ਼ਕ ਭਾਰਤੀ ਸ਼ੇਅਰ ਬਾਜ਼ਾਰ ਤੋਂ ਪੈਸਾ ਕੱਢ ਕੇ ਅਮਰੀਕਾ, ਦੱਖਣੀ ਕੋਰੀਆ ਅਤੇ ਹੋਰ ਏਆਈ ਵਿਕਾਸਸ਼ੀਲ ਦੇਸ਼ਾਂ ਵਿੱਚ ਲੈ ਜਾ ਰਹੇ ਹਨ। ਇਸ ਕਾਰਨ ਇਸ ਸਾਲ 2 ਲੱਖ 60 ਹਜ਼ਾਰ ਕਰੋੜ ਰੁਪਏ ਦਾ ਵਿਦੇਸ਼ੀ ਨਿਵੇਸ਼ ਭਾਰਤੀ ਸ਼ੇਅਰ ਬਾਜ਼ਾਰ ਤੋਂ ਗਾਇਬ ਹੋ ਗਿਆ ਹੈ। ਸਟਰੇਟ ਆਫ ਹਾਰਮੋਜ਼ ਬੰਦ ਹੋਣ ਕਾਰਨ ਕੱਚਾ ਤੇਲ ਮਹਿੰਗਾ ਹੋ ਗਿਆ ਹੈ ਜਿਸ ਕਾਰਨ ਭਾਰਤੀ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਕਾਫੀ ਹੱਦ ਤੱਕ ਡਿੱਗ ਗਈ ਹੈ। ਇਹ ਸਾਰੀਆਂ ਚੀਜ਼ਾਂ ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਲਈ ਵੱਡੀਆਂ ਚੁਣੌਤੀਆਂ ਬਣ ਰਹੀਆਂ ਹਨ।
ਕੁੱਲ ਮਿਲਾ ਕੇ ਸਾਰਾ ਕੁਝ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੋਚ ਉੱਤੇ ਟਿਕਿਆ ਹੋਇਆ ਹੈ। ਨਵੰਬਰ ਵਿੱਚ ਅਮਰੀਕਾ ਵਿੱਚ ਹੋਣ ਵਾਲੀਆਂ ਮਿਡ ਟਰਮ ਚੋਣਾਂ ਵਿੱਚ ਜੇਕਰ ਟਰੰਪ ਜਿੱਤ ਹਾਸਲ ਕਰਦੇ ਹਨ ਤਾਂ ਉਨ੍ਹਾਂ ਕੋਲ ਈਰਾਨ ਉੱਤੇ ਹਮਲਾ ਕਰਨ ਦਾ ਬਹਾਨਾ ਹੋਵੇਗਾ ਕਿ ਲੋਕਾਂ ਨੇ ਹਮਲੇ ਦੀ ਹਮਾਇਤ ਕੀਤੀ। ਜੇਕਰ ਚੋਣਾਂ ਵਿੱਚ ਹਾਰ ਹੋਈ ਤਾਂ ਬਦਲਾ ਲੈਣ ਲਈ ਵੀ ਉਹ ਈਰਾਨ ਉੱਤੇ ਹਮਲਾ ਕਰ ਸਕਦੇ ਹਨ। ਯਾਨੀ ਸਾਰਾ ਕੁਝ ਟਰੰਪ ਦੀ ਰਣਨੀਤੀ ਉੱਤੇ ਨਿਰਭਰ ਕਰਦਾ ਹੈ।


