ਸਰਵਨ ਸਿੰਘ ਪੰਧੇਰ (Sarvan Singh Pandher) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਦੋਲਨ ਦੇ ਦੋਨੇਂ ਫੋਰਮਾਂ ਵੱਲੋਂ ਗਗਨ ਚੌਕ ਰਾਜਪੁਰਾ ਵਿੱਚ ਲਗਾਇਆ ਜਾਣ ਵਾਲਾ ਧਰਨਾ ਦੋ ਦਿਨਾਂ ਲਈ ਮੁਲਤਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਭੂ ਧਰਨੇ ਸਬੰਧੀ ਸਹੂਲਤਾਂ ਲੈਣ ਲਈ ਇਹ ਧਰਨਾ ਦਿੱਤਾ ਜਾਣਾ ਸੀ ਪਰ ਹੁਣ ਐਸਐਸਪੀ ਪਟਿਆਲਾ ਨਾਲ ਮੀਟਿੰਗ ਵਿੱਚ ਸਹਿਮਤੀ ਬਣੀ ਹੈ ਕਿ ਪ੍ਰਸਾਸ਼ਨ ਮੋਰਚੇ ਸਫਾਈ, ਪਾਣੀ, ਬਿਜਲੀ ਅਤੇ ਮੱਛਰ ਮਾਰਨ ਦਾ ਪ੍ਰਬੰਧ ਕਰੇਗਾ। ਇਸ ਕਰਕੇ ਇਸ ਧਰਨੇ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸਾਸ਼ਨ ਆਪਣੀ ਗੱਲ੍ਹ ਤੇ ਖਰਾ ਨਹੀਂ ਉਤਰਦਾ ਤੇ ਮੁੜ ਵਿਚਾਰ ਕੀਤੀ ਜਾਵੇਗੀ।
ਕੇਂਦਰ ਸਰਕਾਰ ਤੇ ਘੱਟ ਖਰੀਦ ਕਰਨ ਦੇ ਲਗਾਏ ਦੋਸ਼
ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਮੋਦੀ ਸਰਕਾਰ ‘ਤੇ ਵੱਡਾ ਅਰੋਪ ਲਗਾਉਂਦਿਆਂ ਕਿਹਾ ਕਿ ਇਹ ਸਰਕਾਰ ਦੇਸ਼ ਵਿੱਚ ਪੈਦਾ ਹੋਣ ਵਾਲੀ ਫਸਲ ਕਣਕ ਦੇ 100 ਪਰਸੈਂਟ ਵਿੱਚੋਂ ਕੇਵਲ 18 ਪਰਸੈਂਟ, ਚੌਲਾਂ ਵਿੱਚੋਂ ਸਿਰਫ 50 ਪਰਸੈਟ, ਮੋਟੇ ਆਨਾਜ ਵਿੱਚੋਂ 0.26, ਤਿੱਲ 0.13 ਅਤੇ ਦਾਲਾ 0.43 ਦੀ ਹੀ ਖਰੀਦ ਕਰ ਰਹੀ ਹੈ। ਪੰਧੇਰ ਨੇ ਕਿਹਾ ਕਿ ਇਸੇ ਕਰਕੇ ਕਿਸਾਨ ਐਮਐਸਪੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਾਲੇ 6 ਆਈਪੀਐਸ ਅਫਸਰਾਂ ਨੂੰ ਸਨਮਾਨਿਤ ਕਰਨ ਦੇ ਵਿਰੁਧ 1 ਅਗਸਤ ਨੂੰ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਰਕਾਰ ਦੀ ਅਰਥੀ ਸਾੜੀ ਜਾਵੇਗੀ ਅਤੇ ਲੌਂਗ ਮਾਰਚ ਕਰਕੇ ਵਿਰੋਧੀ ਧਿਰ ਨੂੰ ਜ਼ੋਰਦਾਰ ਢੰਗ ਨਾਲ ਆਵਾਜ਼ ਚੁੱਕਣ ਲਈ ਕਿਹਾ ਜਾਵੇਗਾ। ਇਸ ਦੇ ਨਾਲ ਹੀ 15 ਅਗਸਤ ਟਰੈਕਟਰ ਕਰਕੇ ਨਵੇਂ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।