ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 12 ਫਰਵਰੀ 2026): ਕੋਈ ਵਿਰਲਾ ਹੀ ਹੋਵੇਗਾ ਜੋ ਅੱਜ Epstein Files ਬਾਰੇ ਨਾ ਜਾਣਦਾ ਹੋਵੇ। ਦੁਨੀਆ ਜਾਣਦੀ ਹੈ ਕਿ ਕਿਵੇਂ ਇੱਕ ਅਰਬਪਤੀ ਨੇ ਸਾਲਾਂ ਤੱਕ ਨਾਬਾਲਿਗ ਕੁੜੀਆਂ ਦਾ ਸ਼ੋਸ਼ਣ ਕੀਤਾ। ਦੁਨੀਆ ਇਹ ਵੀ ਜਾਣਦੀ ਹੈ ਕਿ ਕਿਵੇਂ ਤਾਕਤਵਰ ਲੋਕਾਂ ਨੇ ਉਸਨੂੰ ਬਚਾਇਆ। ਪਰ ਜੋ ਅਕਸਰ ਲੋਕ ਭੁੱਲ ਜਾਂਦੇ ਹਨ, ਉਹ ਇਹ ਹੈ ਕਿ ਆਖ਼ਰ ਇਹ ਸਭ ਸਾਹਮਣੇ ਆਇਆ ਕਿਵੇਂ।
ਇਹ ਸੱਚ ਆਪਣੇ ਆਪ ਨਿਕਲ ਕੇ ਨਹੀਂ ਆਇਆ। ਇੱਕ ਆਮ ਨਿਊਜ਼ਰੂਮ ਵਿੱਚ ਬੈਠੀ ਇੱਕ ਆਮ ਜਿਹੀ ਕੁੜੀ ਨੇ ਇਸਨੂੰ ਬਾਹਰ ਲਿਆਂਦਾ ਗਿਆ। ਉਹ ਨਾ ਕੋਈ ਸਟਾਰ ਐਂਕਰ ਸੀ, ਨਾ ਹੀ ਕਿਸੇ ਵੱਡੇ ਮੀਡੀਆ ਹਾਊਸ ਦਾ ਕੋਈ ਖ਼ਾਸ ਚਿਹਰਾ ਸੀ। ਉਹ ਕੋਈ ਪਾਵਰਫੁਲ ਬੈਕਗ੍ਰਾਊਂਡ ਤੋਂ ਵੀ ਨਹੀਂ ਸੀ, ਬਲਕਿ ਉਹ ਆਮ ਜਿਹੇ ਘਰ ਦੀ ਇੱਕ ਇੱਕ ‘ਸਿੰਗਲ ਮਦਰ’ ਸੀ, ਯਾਨੀ ਇੱਕ ਅਜਿਹੀ ਮਾਂ ਜੋ ਇਕੱਲਿਆਂ ਆਪਣੀ 15 ਸਾਲਾਂ ਦੀ ਧੀ ਦਾ ਪਾਲਣ-ਪੋਸ਼ਣ ਕਰ ਰਹੀ ਸੀ। ਅਮਰੀਕਾ ਵਿੱਚ ਉਹ ਇੱਕ ਲੋਕਲ ਨਿਊਜ਼ਪੇਪਰ ਦੀ ਇਨਵੈਸਟਿਗੇਟਿਵ ਜਰਨਲਿਸਟ ਸੀ।
ਆਖ਼ਰ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ Epstein Files ਦਾ ਰਚੈਤਾ ਕੌਣ ਹੈ, ਕਿਸਨੇ ਇਨ੍ਹਾਂ ਫਾਈਲਜ਼ ਦੀ ਸ਼ੁਰੂਆਤ ਕੀਤੀ ਕਿ ਕਿੱਦਾਂ ਇਹ ਸੱਚ ਦੁਨੀਆ ਦੇ ਸਾਹਮਣੇ ਲਿਆਂਦਾ ਗਿਆ। ਉਸ ਮਹਾਨ ਸ਼ਖ਼ਸ ਦਾ ਨਾਂ ਸੀ Julie K. Brown।

ਕੌਣ ਹੈ ਜੂਲੀ ਕੇ ਬ੍ਰਾਊਨ?
ਜੂਲੀ ਮਿਆਮੀ ਦੇ ਇੱਕ ਛੋਟੇ ਜਿਹੇ ਨਿਊਜ਼ਰੂਮ ਵਿੱਚ ਕੰਮ ਕਰਦੀ ਸੀ, ਉਸਦੀ ਤਨਖ਼ਾਹ ਵੀ ਘੱਟ ਸੀ, ਜੋ ਪਿਛਲੇ ਪੰਜ ਸਾਲਾਂ ਤੋਂ ਨਹੀਂ ਵਧੀ ਸੀ, ਉਸ ਨਾਲ ਗੁਜ਼ਾਰਾ ਕਰਨਾ ਔਖਾ ਸੀ। ਉਸਦੇ ਸਾਥੀ ਉਸਨੂੰ ਮਰੀਆਂ ਹੋਈਆਂ ਕਹਾਣੀਆਂ ਦਾ ਪਿੱਛਾ ਕਰਨ ਵਾਲੀ ਰਿਪੋਰਟਰ ਕਹਿੰਦੇ ਸਨ। ਕਰੀਅਰ ਠਹਿਰਿਆ ਹੋਇਆ ਸੀ। ਉਸਦੇ ਐਡੀਟਰ ਉਸਨੂੰ ਅਕਸਰ ਕਹਿੰਦੇ ਸਨ ਕਿ ਇਨਵੈਸਟਿਗੇਟਿਵ ਜਰਨਲਿਜ਼ਮ ਹੁਣ ਰਿਸਕ ਵਾਲੀ ਗੱਲ ਹੈ। ਉਸਨੂੰ ਕਿਹਾ ਜਾਂਦਾ ਸੀ ਕਿ ਪਾਵਰਫੁਲ ਲੋਕਾਂ ਨਾਲ ਟੱਕਰ ਲੈਣ ਵਾਲੇ ਹਮੇਸ਼ਾ ਹਾਰਦੇ ਹਨ।
ਉਹ ਪਹਿਲਾਂ ਹੀ ਤਾਕਤਵਰ ਲੋਕਾਂ ਨਾਲ ਉਲਝਣ ਤੋਂ ਡਰਦੀ ਸੀ ਕਿਉਂਕਿ ਇੱਕ ਵਾਰ ਇੱਕ ਭ੍ਰਿਸ਼ਟ ਕੌਂਸਲਰ ਬਾਰੇ ਲਿਖਣ ’ਤੇ ਉਸਦੀ ਕਾਰ ਦੇ ਟਾਇਰ ਪਾੜ ਦਿੱਤੇ ਗਏ ਸਨ ਅਤੇ ਉਸਦੀ ਧੀ ਦਾ ਪਿੱਛਾ ਕੀਤਾ ਗਿਆ ਸੀ। ਉਸ ਵਾਰ ਉਸਦੀ ਸਟੋਰੀ ਦਬਾ ਦਿੱਤੀ ਗਈ ਸੀ। ਉਸ ਵਾਰ ਉਸਨੂੰ ਧਮਕੀਆਂ ਮਿਲੀਆਂ ਸਨ। ਉਸ ਵਾਰ ਉਸਦੀ ਧੀ ਤੱਕ ਨੂੰ ਡਰਾਇਆ ਗਿਆ ਸੀ। 42 ਸਾਲ ਦੀ ਉਮਰ ਵਿੱਚ ਉਸਨੂੰ ਲੱਗ ਰਿਹਾ ਸੀ ਕਿ ਉਹ ਹਾਰ ਰਹੀ ਹੈ।
ਇਸ ਲਈ ਜੂਲੀ ਹੁਣ ਸੇਫ਼ ਖੇਡ ਰਹੀ ਸੀ, ਛੋਟੇ ਕ੍ਰਾਈਮ.. ਲੋਕਲ ਸਕੈਂਡਲ ..ਕੋਈ ਵੱਡਾ ਨਾਮ ਨਹੀਂ.. ਕੋਈ ਵੱਡਾ ਖ਼ਤਰਾ ਨਹੀਂ।
ਪਰ ਸੇਫ਼ ਖੇਡਣ ਨਾਲ ਨਾ ਤਾਂ ਬਿੱਲ ਭਰਦੇ ਹਨ, ਤੇ ਨਾ ਹੀ ਡੁੱਬਦਾ ਕਰੀਅਰ ਬਚਦਾ ਹੈ। ਫਿਰ ਇੱਕ ਦਿਨ, ਸਿਰਫ਼ ਇੱਕ ਦਿਨ, ਸਭ ਕੁਝ ਬਦਲ ਜਾਂਦਾ ਹੈ।
ਇੰਞ ਹੋਈ ਐਪਸਟੀਨ ਫਾਈਲਜ਼ ਦੀ ਸ਼ੁਰੂਆਤ
ਪੁਰਾਣੀਆਂ ਫਾਈਲਾਂ ਸਾਫ਼ ਕਰਦਿਆਂ, ਜੂਲੀ ਦੇ ਹੱਥ ਇੱਕ ਪੁਰਾਣੀ ਪੁਲਿਸ ਰਿਪੋਰਟ ਲੱਗਦੀ ਹੈ। ਇਹ ਰਿਪੋਰਟ 2005 ਦੀ ਸੀ। ਉਸ ਰਿਪੋਰਟ ਵਿੱਚ ਇੱਕ ਨਾਂ ਲਿਖਿਆ ਸੀ। ਇਹ ਨਾਂ ਇੱਕ ਨਾਬਾਲਿਗ ਕੁੜੀ ਦਾ ਸੀ, ਵਰਜੀਨੀਆ ਰਾਬਰਟਸ, ਅਤੇ ਉਸਦੇ ਨਾਲ ਇੱਕ ਹੋਰ ਨਾਂ ਸੀ.. Jeffrey Epstein। ਨਾਲ ਲਿਖਿਆ ਸੀ “ਮਾਈਨਰ ਕੇਸ ਡਿਸਮਿਸਡ”
ਉਸ ਪਲ ਜੂਲੀ ਨੂੰ ਪਤਾ ਨਹੀਂ ਸੀ ਕਿ ਉਹ ਕੀ ਖੋਲ੍ਹ ਰਹੀ ਹੈ। ਉਸਨੂੰ ਇਹ ਵੀ ਪਤਾ ਨਹੀਂ ਸੀ ਕਿ ਇਹ ਇੱਕ ਸਟੋਰੀ ਨਹੀਂ। ਇਹ ਉਸਦੀ ਜ਼ਿੰਦਗੀ ਦੀ ਸਭ ਤੋਂ ਖ਼ਤਰਨਾਕ ਲੜਾਈ ਬਣਨ ਵਾਲੀ ਹੈ।
ਅਤੇ ਇਹ ਵੀ ਪਤਾ ਨਹੀਂ ਸੀ ਕਿ ਇੱਕ ਨਾਰਮਲ ਨਿਊਜ਼ਰੂਮ ਤੋਂ ਸ਼ੁਰੂ ਹੋਈ ਇਹ ਲੜਾਈ, ਪੂਰੀ ਦੁਨੀਆ ਦੀ ਨੀਂਦ ਉਡਾ ਦੇਵੇਗੀ।
ਅਜਿਹੀਆਂ ਸੈਂਕੜੇ ਨਾਬਾਲਗ ਕੁੜੀਆਂ ਸਨ ਜਿਨ੍ਹਾਂ ਨਾਲ ਇਹ ਸਭ ਹੋ ਰਿਹਾ ਸੀ ਅਤੇ ਦੁਨੀਆ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ। ਕੋਈ ਕੁਝ ਨਹੀਂ ਬੋਲਿਆ, ਕਿਉਂਕਿ ਉਹ ਇੰਨਾ ਤਾਕਤਵਰ ਆਦਮੀ ਸੀ ਕਿ ਅਮਰੀਕੀ ਰਾਸ਼ਟਰਪਤੀਆਂ ਤੋਂ ਲੈ ਕੇ ਬ੍ਰਿਟਿਸ਼ ਰਾਜਕੁਮਾਰਾਂ ਤੱਕ ਸਭ ਉਸਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਸਨ। ਪਰ ਜੋ ਕੰਮ ਕਾਨੂੰਨ ਦੇ ਵੱਡੇ ਮਾਹਿਰਾਂ ਦੀ ਫ਼ੌਜ ਵੀ ਨਾ ਕਰ ਸਕੀ, ਉਹ ਇੱਕ ਮਾਮੂਲੀ ਜਿਹੀ ਔਰਤ ਨੇ ਕਰ ਦਿਖਾਇਆ।
ਪੂਰਾ ਮਾਮਲਾ ਸਮਝਣ ਲਈ ਦੇਖੋ ਵੀਡੀਓ-
ਜੂਲੀ ਨੇ ਐਪਸਟਾਈਨ ਬਾਰੇ ਘੋਖ ਪੜਤਾਲ ਕਰਨੀ ਸ਼ੁਰੂ ਕੀਤੀ। ਜਦੋਂ ਜੂਲੀ ਨੇ ਰਿਸਰਚ ਕੀਤੀ ਤਾਂ ਉਹ ਹੈਰਾਨ ਰਹਿ ਗਈ। ਬਿਲ ਕਲਿੰਟਨ, ਡੋਨਾਲਡ ਟਰੰਪ, ਪ੍ਰਿੰਸ ਐਂਡਰਿਊ ਅਤੇ ਵੱਡੇ ਵਿਗਿਆਨੀਆਂ ਨਾਲ ਉਸਦੀਆਂ ਤਸਵੀਰਾਂ ਸਨ। ਉਸ ਕੋਲ ਆਪਣੇ ਟਾਪੂ, ਪ੍ਰਾਈਵੇਟ ਜੈੱਟ ਅਤੇ ਵੱਡੇ ਮਹਿਲ ਸਨ। ਜੂਲੀ ਨੂੰ 53 ਪੰਨਿਆਂ ਦੀ ਇੱਕ ਰਿਪੋਰਟ ਮਿਲੀ ਜਿਸ ਵਿੱਚ ਨਾਬਾਲਗ ਕੁੜੀਆਂ ਨੇ ਉਸ ’ਤੇ ਦੋਸ਼ ਲਗਾਏ ਸਨ, ਪਰ ਸਭ ਕੁਝ ਦਬਾ ਦਿੱਤਾ ਗਿਆ ਸੀ।
ਉਸਦੀ ਅਮੀਰੀ, ਪ੍ਰਾਈਵੇਟ ਜੈੱਟ, ਟਾਪੂ ਅਤੇ ਤਾਕਤਵਰ ਦੋਸਤਾਂ ਬਾਰੇ ਪੜ੍ਹਿਆ। ਉਸਨੇ ਇਹ ਵੀ ਦੇਖਿਆ ਕਿ ਉਸਦੇ ਖ਼ਿਲਾਫ਼ ਦਰਜਨਾਂ ਸ਼ਿਕਾਇਤਾਂ ਨੱਪ ਦਿੱਤੀਆਂ ਗਈਆਂ ਸਨ।
ਪਿਛਲੇ ਕੇਸ ਯਾਦ ਕਰਦਿਆਂ ਜੂਲੀ ਨੇ ਇਹ ਸਟੋਰੀ ਛੱਡ ਦੇਣ ਦੀ ਸੋਚੀ ਪਰ ਉਹ ਰਾਤ ਭਰ ਸੌਂ ਨਹੀਂ ਸਕੀ। ਉਸਨੇ ਸੋਚਿਆ ਕਿ ਵਰਜੀਨੀਆ ਨਾਲ ਅਸਲ ਵਿੱਚ ਹੋਇਆ ਕੀ ਸੀ। ਜੂਲੀ ਨੇ ਚੁੱਪਚਾਪ ਰਿਸਰਚ ਸ਼ੁਰੂ ਕੀਤੀ। ਰਾਤ ਨੂੰ, ਲੰਚ ਬ੍ਰੇਕਾਂ ਵਿੱਚ ਅਤੇ ਘਰ ਸੌਂ ਜਾਣ ਤੋਂ ਬਾਅਦ.. ਉਹ ਬੱਸ ਰਿਸਰਚ ਵਿੱਚ ਲੱਗੀ ਰਹਿੰਦੀ.. ਆਖ਼ਰ ਉਸਨੇ ਵਰਜੀਨੀਆ ਨੂੰ ਇੱਕ ਈਮੇਲ ਭੇਜੀ
ਉਸਨੇ ਲਿਖਿਆ ਕਿ ਮੈਂ ਤੁਹਾਡੇ ਤੇ ਵਿਸ਼ਵਾਸ ਕਰਦੀ ਹਾਂ। ਤਿੰਨ ਦਿਨ ਤੱਕ ਕੋਈ ਜਵਾਬ ਨਹੀਂ ਆਇਆ। ਪਰ ਆਖ਼ਰ ਚੌਥੀ ਰਾਤ ਫ਼ੋਨ ਵੱਜਿਆ। ਇਹ ਕਾਲ ਆਸਟ੍ਰੇਲੀਆ ਤੋਂ ਸੀ। ਵਰਜੀਨੀਆ ਦੀ ਆਵਾਜ਼ ਕੰਬ ਰਹੀ ਸੀ। ਉਸਨੇ ਦੱਸਿਆ ਕਿ ਕਿਵੇਂ 15 ਸਾਲ ਦੀ ਉਮਰ ਵਿੱਚ ਉਸਨੂੰ ਫੁਸਲਾਇਆ ਗਿਆ। ਕਿਵੇਂ ਉਸਨੂੰ ਅਮੀਰ ਆਦਮੀਆਂ ਲਈ ਤਿਆਰ ਕੀਤਾ ਗਿਆ। ਕਿਵੇਂ ਪੈਸਿਆਂ ਦੀ ਲੋੜ ਉਸਦੀ ਕਮਜ਼ੋਰੀ ਬਣਾਈ ਗਈ। ਵਰਜੀਨੀਆ ਦੀ ਕੰਬਦੀ ਹੋਈ ਆਵਾਜ਼ ਨੇ ਪੁੱਛਿਆ ਕਿ ਕੀ ਤੂੰ ਸੱਚਮੁੱਚ ਉਸਦੇ ਖ਼ਿਲਾਫ਼ ਜਾਵੇਂਗੀ? ਕਿਉਂਕਿ ਮੈਂ ਜਦੋਂ ਵੀ ਕੋਸ਼ਿਸ਼ ਕੀਤੀ, ਮੈਂ ਬਰਬਾਦ ਹੋਈ ਹਾਂ।
ਵਰਜੀਨੀਆ ਨੇ ਦੱਸਿਆ ਕਿ ਕਿਵੇਂ 15 ਸਾਲ ਦੀ ਉਮਰ ਵਿੱਚ ਉਸਨੂੰ ਇੱਕ ਬ੍ਰਿਟਿਸ਼ ਔਰਤ ਗਿਲਨ ਮੈਕਸਵੈੱਲ ਨੇ ਫਸਾਇਆ ਸੀ। ਉਸਨੂੰ ਲਾਲਚ ਦਿੱਤਾ ਗਿਆ ਕਿ ਇੱਕ ਅਮੀਰ ਆਦਮੀ ਨੂੰ ਮਸਾਜ ਕਰਨ ਵਾਲੀ ਚਾਹੀਦੀ ਹੈ ਅਤੇ ਉਸਨੂੰ 200 ਡਾਲਰ ਪ੍ਰਤੀ ਘੰਟਾ ਮਿਲਣਗੇ। ਵਰਜੀਨੀਆ ਗਰੀਬ ਸੀ, ਉਸਨੂੰ ਪੈਸਿਆਂ ਦੀ ਲੋੜ ਸੀ। ਪਰ ਉੱਥੇ ਪਹੁੰਚ ਕੇ ਉਸਦਾ ਜੀਵਨ ਨਰਕ ਬਣ ਗਿਆ। ਉਸਨੂੰ ਪ੍ਰਾਈਵੇਟ ਜੈੱਟਾਂ ਵਿੱਚ ਦੁਨੀਆ ਭਰ ਦੇ ਤਾਕਤਵਰ ਮਰਦਾਂ ਕੋਲ ਭੇਜਿਆ ਜਾਂਦਾ ਸੀ।
ਉਸਨੇ ਦੱਸਿਆ ਕਿ ਕਿਵੇਂ ਦੁਨੀਆ ਭਰ ਵਿੱਚ ਉਸਨੂੰ ਪ੍ਰਾਈਵੇਟ ਜੈੱਟਾਂ ਰਾਹੀਂ ਲਿਆਂਦਾ ਲਿਜਾਇਆ ਗਿਆ। ਜਿਸ ਨੇ ਵੀ ਐਪਸਟਾਈਨ ਦੇ ਖ਼ਿਲਾਫ਼ ਬੋਲਿਆ, ਉਸਨੂੰ ਤਬਾਹ ਕਰ ਦਿੱਤਾ ਗਿਆ। ਹੁਣ ਜੂਲੀ ਨੂੰ ਸਮਝ ਆ ਗਿਆ ਕਿ ਇਹ ਸਿਰਫ਼ ਸਟੋਰੀ ਨਹੀਂ ਹੈ.. ਬਲਕਿ ਇੱਕ ਸਿਸਟਮ ਹੈ, ਇੱਕ ਐਸਾ ਸਿਸਟਮ ਜੋ ਅਮੀਰਾਂ ਨੂੰ ਬਚਾਉਂਦਾ ਹੈ ਅਤੇ ਕਮਜ਼ੋਰਾਂ ਨੂੰ ਕੁਚਲਦਾ ਹੈ।
ਜੂਲੀ ਨੇ ਇੰਞ ਬਣਾਇਆ ਪੀੜਤ ਕੁੜੀਆਂ ਦਾ ਨੈਟਵਰਕ
ਜੂਲੀ ਨੇ ਫੈਸਲਾ ਕੀਤਾ ਕਿ ਉਹ ਇਸ ਕੇਸ ਨੂੰ ਲੜੇਗੀ। ਉਸਨੇ ਹੋਰ ਪੀੜਤ ਕੁੜੀਆਂ ਜਿਵੇਂ ਕੋਰਟਨੀ ਵਾਈਲਡ ਅਤੇ ਮਿਸ਼ੇਲ ਨਿਕਾਟਾ ਨੂੰ ਲੱਭਿਆ। ਹਰ ਕੁੜੀ ਦੀ ਕਹਾਣੀ ਇੱਕੋ ਜਿਹੀ ਸੀ, ਗਰੀਬੀ ਦਾ ਫਾਇਦਾ ਚੁੱਕਣਾ, ਪੈਸਿਆਂ ਦਾ ਲਾਲਚ ਦੇਣਾ ਅਤੇ ਫਿਰ ਉਨ੍ਹਾਂ ਦਾ ਸ਼ੋਸ਼ਣ ਕਰਨਾ। ਐਪਸਟੀਨ ਇੰਨਾ ਚਲਾਕ ਸੀ ਕਿ ਉਹ ਇਨ੍ਹਾਂ ਕੁੜੀਆਂ ਨੂੰ ਹੀ ਅੱਗੇ ਹੋਰ ਕੁੜੀਆਂ ਲਿਆਉਣ ਲਈ ਪੈਸੇ ਦਿੰਦਾ ਸੀ ਤਾਂ ਜੋ ਉਨ੍ਹਾਂ ਅੰਦਰ ਸ਼ਰਮ ਅਤੇ ਗੁਨਾਹ ਦੀ ਭਾਵਨਾ ਪੈਦਾ ਹੋ ਜਾਵੇ।
ਜੂਲੀ ਨੇ ਇਹੋ ਜਿਹੋ ਹੋਰ ਸਰਵਾਈਵਰਾਂ ਨੂੰ ਲੱਭਣਾ ਸ਼ੁਰੂ ਕੀਤਾ। ਉਹਨਾਂ ਵਿੱਚ ਚੌਦਾਂ, ਪੰਦਰਾਂ ਅਤੇ ਸੋਲ੍ਹਾਂ ਸਾਲ ਦੀਆਂ ਕੁੜੀਆਂ ਸਨ। ਉਹ ਸਭ ਅੱਜ ਵੱਡੀਆਂ ਔਰਤਾਂ ਸਨ ਪਰ ਅੰਦਰੋਂ ਅਜੇ ਵੀ ਟੁੱਟੀਆਂ ਹੋਈਆਂ। ਹਰ ਇੰਟਰਵਿਊ ਜੂਲੀ ਨੂੰ ਅੰਦਰੋਂ ਹਿਲਾ ਦਿੰਦਾ ਸੀ।
ਹੁਣ ਜੂਲੀ 18-18 ਘੰਟੇ ਕੰਮ ਕਰਨ ਲੱਗੀ। ਉਸਨੇ ਐਪਸਟੀਨ ਦੇ ਪ੍ਰਾਈਵੇਟ ਜੈੱਟ ‘ਲੋਲਿਤਾ ਐਕਸਪ੍ਰੈਸ’ ਦੇ ਰਿਕਾਰਡ ਕੱਢੇ। ਉਸਨੂੰ 2008 ਦੀ ਇੱਕ ਅਜਿਹੀ ‘ਸਵੀਟਹਾਰਟ ਡੀਲ’ ਬਾਰੇ ਪਤਾ ਲੱਗਾ। ਐਪਸਟੀਨ ਤੇ ਸੈਕਸ ਟ੍ਰੈਫਿਕਿੰਗ ਦੇ ਦੋਸ਼ ਸਨ, ਪਰ ਉਸਦੇ ਵਕੀਲਾਂ ਨੇ ਸਰਕਾਰੀ ਵਕੀਲ ਅਲੈਗਜ਼ੈਂਡਰ ਅਕੋਸਟਾ ਨਾਲ ਮਿਲ ਕੇ ਕੇਸ ਸੈਟਲ ਕਰ ਲਿਆ। ਉਸਨੂੰ ਸਿਰਫ਼ 13 ਮਹੀਨਿਆਂ ਦੀ ਮਾਮੂਲੀ ਸਜ਼ਾ ਮਿਲੀ ਅਤੇ ਉਹ ਹਫ਼ਤੇ ਵਿੱਚ ਛੇ ਦਿਨ ਜੇਲ੍ਹ ਤੋਂ ਬਾਹਰ ਜਾ ਕੇ ਆਪਣੇ ਦਫ਼ਤਰ ਵਿੱਚ ਕੰਮ ਕਰ ਸਕਦਾ ਸੀ। ਜਦੋਂ ਜੂਲੀ ਨੇ ਇਹ ਸਭ ਆਪਣੇ ਐਡੀਟਰ ਨੂੰ ਦੱਸਿਆ ਤਾਂ ਉਸਨੇ ਕਿਹਾ ਕਿ ਐਪਸਟੀਨ ਸਾਨੂੰ ਅਦਾਲਤ ਵਿੱਚ ਬਰਬਾਦ ਕਰ ਦੇਵੇਗਾ। ਪਰ ਜੂਲੀ ਨੇ ਹਰ ਤੱਥ ਦੇ ਤਿੰਨ-ਤਿੰਨ ਸਬੂਤ ਇਕੱਠੇ ਕੀਤੇ, ਕਿਉਂਕਿ ਉਸਦੇ ਐਡੀਟਰ ਦਾ ਕਹਿਣਾ ਸੀ ਕਿ ਜੇ ਇਹ ਸਟੋਰੀ ਕਰਨੀ ਹੈ ਤਾਂ ਹਰ ਤੱਥ ਦੇ 3-3 ਸੋਰਸਿਜ਼ ਇਕੱਠੇ ਕਰਨੇ ਪੈਣਗੇ।
ਐਪਸਟੀਨ ਫਾਈਲਸ ਪਬਲਿਸ਼ ਕਰਨਾ
ਹੁਣ ਜਦੋਂ ਸਟੋਰੀ ਛਪਣ ਲਈ ਤਿਆਰ ਹੋਈ ਤਾਂ ਧਮਕੀਆਂ ਸ਼ੁਰੂ ਹੋ ਗਈਆਂ। ਐਪਸਟੀਨ ਦੇ ਲੋਕਾਂ ਨੇ ਜੂਲੀ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਜੂਲੀ ਦੀ ਧੀ ਦਾ ਵੀ ਪਿੱਛਾ ਕੀਤਾ ਗਿਆ। ਸਕੂਲ ਵਿੱਚ ਜੂਲੀ ਦੇ ਖ਼ਿਲਾਫ਼ ਝੂਠੀਆਂ ਰਿਪੋਰਟਾਂ ਭੇਜੀਆਂ ਗਈਆਂ ਕਿ ਉਹ ਆਪਣੀ ਧੀ ਦਾ ਖ਼ਿਆਲ ਨਹੀਂ ਰੱਖ ਰਹੀ। ਲਾਅ ਫਰਮਾਂ ਨੇ ਕੇਸ ਕਰਨ ਦੀ ਧਮਕੀ ਦਿੱਤੀ.. ਜੂਲੀ ਦੇ ਐਡੀਟਰ ਨੂੰ ਵੱਡੀਆਂ ਲਾਅ ਫਰਮਾਂ ਤੋਂ ਧਮਕੀਆਂ ਆਉਣ ਲੱਗੀਆਂ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਜੂਲੀ ਡਰੀ ਨਹੀਂ।
ਉਸਨੂੰ ਪਤਾ ਸੀ ਕਿ ਜੇ ਉਹ ਹੁਣ ਰੁਕ ਗਈ ਤਾਂ ਉਹ ਰਾਖਸ਼ ਫਿਰ ਜਿੱਤ ਜਾਵੇਗਾ। ਅਖੀਰ ਇੱਕ ਪੁਰਾਣੇ ਜਾਸੂਸ ਨੇ ਜੂਲੀ ਨੂੰ ਇੱਕ ਗੁਪਤ ਫਲੈਸ਼ ਡਰਾਈਵ ਦਿੱਤੀ ਜਿਸ ਵਿੱਚ ਸਾਰੇ ਸਬੂਤ ਸਨ। ਜਦੋਂ ਉਸਦੇ ਅਖ਼ਬਾਰ ਨੇ ਸਟੋਰੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜੂਲੀ ਨੇ ਸਾਫ਼ ਕਹਿ ਦਿੱਤਾ ਕਿ ਉਹ ਇਸ ਨੂੰ ਦੂਜੇ ਵੱਡੇ ਅਖ਼ਬਾਰਾਂ ਕੋਲ ਲੈ ਜਾਵੇਗੀ।
28 ਨਵੰਬਰ 2018 ਨੂੰ ਮਿਆਮੀ ਹੈਰਾਲਡ ਨੇ ‘ਪਰਵਰਜਨ ਆਫ ਜਸਟਿਸ’ ਨਾਮ ਦੀ ਰਿਪੋਰਟ ਛਾਪੀ। ਇਹ ਇੱਕ ਧਮਾਕੇ ਵਾਂਗ ਸੀ। ਪੂਰੀ ਦੁਨੀਆ ਵਿੱਚ ਹਲਚਲ ਮਚ ਗਈ। ਐਫ.ਬੀ.ਆਈ. ਨੂੰ ਦੁਬਾਰਾ ਜਾਂਚ ਕਰਨੀ ਪਈ। ਅਲੈਗਜ਼ੈਂਡਰ ਅਕੋਸਟਾ ਨੂੰ ਅਸਤੀਫ਼ਾ ਦੇਣਾ ਪਿਆ। 6 ਜੁਲਾਈ 2019 ਨੂੰ ਐਪਸਟੀਨ ਨੂੰ ਉਸਦੇ ਪ੍ਰਾਈਵੇਟ ਜੈੱਟ ਤੋਂ ਉਤਰਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਖ਼ਬਰ ਪੜ੍ਹਦਿਆਂ ਹੀ ਜੂਲੀ ਦੀਆਂ ਅੱਖਾਂ ਨਮ ਹੋ ਗਈਆਂ, 14 ਸਾਲਾਂ ਬਾਅਦ ਇਨਸਾਫ਼ ਦੀ ਉਮੀਦ ਜਾਗੀ ਸੀ। ਪਰ 10 ਅਗਸਤ 2019 ਨੂੰ ਖ਼ਬਰ ਆਈ ਕਿ ਐਪਸਟੀਨ ਨੇ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ ਹੈ। ਕੈਮਰੇ ਖ਼ਰਾਬ ਹੋ ਗਏ ਸਨ, ਗਾਰਡ ਸੌਂ ਗਏ ਸਨ, ਸਭ ਕੁਝ ਬਹੁਤ ਸ਼ੱਕੀ ਸੀ। ਪੀੜਤ ਕੁੜੀਆਂ ਨੂੰ ਲੱਗਿਆ ਕਿ ਉਹ ਫਿਰ ਹਾਰ ਗਈਆਂ ਹਨ ਕਿਉਂਕਿ ਕੋਈ ਟਰਾਇਲ ਨਹੀਂ ਹੋਇਆ।
ਪਰ ਜੂਲੀ ਨੇ ਕਿਹਾ ਕਿ ਕਹਾਣੀ ਅਜੇ ਖ਼ਤਮ ਨਹੀਂ ਹੋਈ। ਉਸਨੇ ਗਿਲਨ ਮੈਕਸਵੈੱਲ ਦਾ ਪਿੱਛਾ ਕੀਤਾ। 2020 ਵਿੱਚ ਗਿਲਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 2021 ਵਿੱਚ ਉਸਨੂੰ 20 ਸਾਲ ਦੀ ਸਜ਼ਾ ਹੋਈ। ਜੂਲੀ ਕੇ ਬ੍ਰਾਊਨ ਨੂੰ ਉਸਦੀ ਦਲੇਰੀ ਲਈ ਪੁਲਿਤਜ਼ਰ ਪੁਰਸਕਾਰ ਮਿਲਿਆ।
ਜੂਲੀ ਅੱਜ ਵੀ ਕਹਿੰਦੀ ਹੈ ਕਿ ਇਹ ਜਿੱਤ ਉਸਦੀ ਨਹੀਂ, ਸਗੋਂ ਉਨ੍ਹਾਂ ਕੁੜੀਆਂ ਦੀ ਹੈ ਜਿਨ੍ਹਾਂ ਨੇ ਬੋਲਣ ਦੀ ਹਿੰਮਤ ਦਿਖਾਈ। ਇਹ ਸਬਕ ਹੈ ਕਿ ਸੱਚਾਈ ਦੀ ਆਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ।
ਜੂਲੀ ਨੇ ਸਾਬਤ ਕਰ ਦਿੱਤਾ ਕਿ ਜਦੋਂ ਇੱਕ ਔਰਤ ਡਰਨਾ ਛੱਡ ਦਿੰਦੀ ਹੈ ਤਾਂ ਸਭ ਤੋਂ ਵੱਡਾ ਸ਼ੈਤਾਨ ਵੀ ਬੇਨਕਾਬ ਹੋ ਸਕਦਾ ਹੈ।
ਪੂਰਾ ਮਾਮਲਾ ਸਮਝਣ ਲਈ ਵੇਖੋ ਵੀਡੀਓ