The Khalas Tv Blog Punjab ਦੋ ਕਮਿਸ਼ਨ, ਦੋ ਸਿੱਟਾਂ ਬਣਨ ਤੋਂ ਬਾਅਦ ਵੀ ਨਹੀਂ ਮਿਲਿਆ ਸਿੱਖ ਕੌਮ ਨੂੰ ਇਨਸਾਫ – ਢੀਂਡਸਾ
Punjab

ਦੋ ਕਮਿਸ਼ਨ, ਦੋ ਸਿੱਟਾਂ ਬਣਨ ਤੋਂ ਬਾਅਦ ਵੀ ਨਹੀਂ ਮਿਲਿਆ ਸਿੱਖ ਕੌਮ ਨੂੰ ਇਨਸਾਫ – ਢੀਂਡਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਵਿੱਚ ਬੇਅਦਬੀ ਅਤੇ ਗੋਲੀਕਾਂਡ ਮਾਮਲੇ ‘ਚ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸਮੱਚੀ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ। ਛੇ ਸਾਲਾਂ ਦੀ ਮਿਹਨਤ ਤੋਂ ਬਾਅਦ ਲੋਕਾਂ ਨੂੰ ਜੋ ਆਸ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਮਿਲੇਗੀ, ਅੱਜ ਉਹ ਆਸ ਖਤਮ ਹੋ ਗਈ ਹੈ। ਜਿੱਥੇ ਵੀ ਸਿੱਖ ਬੈਠੇ ਹਨ, ਉਨ੍ਹਾਂ ਦਾ ਹਿਰਦਾ ਵਲੂੰਧਰਿਆ ਗਿਆ ਹੈ। ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਇਹ ਸਾਰਾ ਕੁੱਝ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਨਾਲ ਹੋਇਆ ਹੈ ਕਿਉਂਕਿ ਇਹ ਨਹੀਂ ਚਾਹੁੰਦੇ ਕਿ ਇਨ੍ਹਾਂ ਦੇ ਕੱਚੇ ਚਿੱਠੇ ਸਾਹਮਣੇ ਆਉਣ ਜਾਂ ਫਿਰ ਦੋਸ਼ੀਆਂ ਨੂੰ ਸਜ਼ਾ ਮਿਲੇ’।

ਢੀਂਡਸਾ ਨੇ ਕਿਹਾ ਕਿ ‘ਅੱਜ ਕਿੰਨਾ ਸਮਾਂ ਹੋ ਗਿਆ ਹੈ। ਇਸ ਮਾਮਲੇ ਵਿੱਚ ਦੋ ਕਮਿਸ਼ਨ ਬੈਠ ਗਏ, ਦੋ ਸਿੱਟਾਂ ਬੈਠ ਗਈਆਂ, ਸੀਬੀਆਈ ਦੀ ਜਾਂਚ ਅਲੱਗ ਹੋ ਗਈ, ਇਸ ਸਾਰੇ ਮਸਲੇ ਨੂੰ ਇੰਨਾ ਗੁੰਝਲਦਾਰ ਕਰ ਦਿੱਤਾ ਗਿਆ ਹੈ ਕਿ ਇਸਦੇ ਵਿੱਚੋਂ ਕੁੱਝ ਨਾ ਨਿਕਲੇ। ਜੱਜ ਦਾ ਪੱਖਪਾਤੀ ਰਵੱਈਆ ਸਾਫ ਉਸਦੇ ਫੈਸਲੇ ਵਿੱਚੋਂ ਝਾਕਦਾ ਹੈ। ਜੱਜ ਨੇ ਰਿਪੋਰਟ ਵਿੱਚ ਜੋ ਸਿੱਧਾ ਮੁੱਦਾ ਸੀ, ਉਸ ਬਾਰੇ ਤਾਂ ਕੁੱਝ ਕਿਹਾ ਨਹੀਂ, ਹੋਰ ਮੁੱਦਿਆਂ ‘ਤੇ ਵਿਚਾਰ ਕੀਤੀ। ਕਾਨੂੰਨ ਦੇ ਮਾਹਿਰ ਵੀ ਹਾਈਕੋਰਟ ਦੇ ਇਸ ਫੈਸਲੇ ਤੋਂ ਹੈਰਾਨ ਹਨ ਕਿ ਇਸ ਤਰ੍ਹਾਂ ਦਾ ਵੀ ਕੋਈ ਫੈਸਲਾ ਹੁੰਦਾ ਹੈ। ਇਹ ਤਾਂ ਇੱਕ ਸਿਆਸੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਮਿਸ਼ਨ ਲੈ ਕੇ ਚੱਲੇ ਹਾਂ, ਜਿਸ ਵਿੱਚ ਦੁਨੀਆ ਦੇ ਕੋਨੇ-ਕੋਨੇ ‘ਤੇ ਰਹਿ ਰਿਹਾ ਸਿੱਖ ਸਾਡੇ ਨਾਲ ਹੈ’।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 10 ਅਪ੍ਰੈਲ ਨੂੰ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਜਾਂਚ ਕਰ ਰਹੀ ਐੱਸਆਈਟੀ ਦੀ ਜਾਂਚ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ ਅਤੇ ਪੰਜਾਬ ਸਰਕਾਰ ਨੂੰ ਨਵੀਂ ਐੱਸਆਈਟੀ ਬਣਾਉਣ ਦੇ ਹੁਕਮ ਦਿੱਤੇ ਸਨ, ਜਿਸ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ਾਮਿਲ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਸ ਮਾਮਲੇ ਦੀ ਵਕਾਲਤ ਕਰਨ ਦਾ ਫੈਸਲਾ ਲਿਆ ਹੈ।

Exit mobile version