The Khalas Tv Blog Punjab ਪ੍ਰਿੰਸੀਪਲਾਂ ਦਾ ਦੂਜਾ ਬੈਚ ਵੀ ਸਿੰਘਾਪੁਰ ਲਈ ਹੋਇਆ ਰਵਾਨਾ
Punjab

ਪ੍ਰਿੰਸੀਪਲਾਂ ਦਾ ਦੂਜਾ ਬੈਚ ਵੀ ਸਿੰਘਾਪੁਰ ਲਈ ਹੋਇਆ ਰਵਾਨਾ

The second batch of principals also left for Singapore

ਪ੍ਰਿੰਸੀਪਲਾਂ ਦਾ ਦੂਜਾ ਬੈਚ ਵੀ ਸਿੰਘਾਪੁਰ ਲਈ ਹੋਇਆ ਰਵਾਨਾ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ 30 ਸਕੂਲ ਪ੍ਰਿੰਸੀਪਲਾਂ ਦਾ ਦੂਸਰਾ ਗਰੁੱਪ ਅੱਜ ਚੰਡੀਗੜ੍ਹ ਤੋਂ ਸਿੰਘਾਪੁਰ ਲਈ ਰਵਾਨਾ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬੈਚ ਨੂੰ ਚੰਡੀਗੜ੍ਹ ਤੋਂ ਰਵਾਨਗੀ ਦਿੱਤੀ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੰਗਾਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਇੰਟਰਨੈਸ਼ਨਲ ਵਿਖੇ 30 ਪ੍ਰਿੰਸੀਪਲਾਂ ਦਾ ਗਰੁੱਪ 4 ਮਾਰਚ ਤੋਂ 11 ਮਾਰਚ 2023 ਤੱਕ ਟਰੇਨਿੰਗ ਹਾਸਲ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਨਿਸ਼ਾਨਾ ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਵਿੱਚ ਗੁਣਾਤਮਿਕ ਤਬਦੀਲੀ ਲਿਆ ਕੇ ਸੂਬੇ ਦੇ ਸਿੱਖਿਆ ਪ੍ਰਬੰਧ ਨੂੰ ਵਿਸ਼ਵ ਪੱਧਰ ਦਾ ਬਣਾਉਣਾ ਹੈ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟਰੇਨਿੰਗ ਲੈ ਕੇ ਆਉਣ ਤੋਂ ਬਾਅਦ ਇਨ੍ਹਾਂ ਅਧਿਆਪਕਾਂ ਨੂੰ ਅਸੀਂ ਜ਼ਰੂਰਤ ਪੈਣ ਉੱਤੇ ਕਿਸੇ ਹੋਰ ਸਕੂਲ ਵਿੱਚ ਵੀ ਤਾਇਨਾਤ ਕਰ ਸਕਦੇ ਹਾਂ ਤਾਂ ਜੋ ਉਸ ਸਕੂਲ ਦਾ ਵਿਕਾਸ ਹੋ ਸਕੇ। ਮੈਨੂੰ ਵਿਦੇਸ਼ਾਂ ਤੋਂ ਫੋਨ ਵੀ ਆ ਰਹੇ ਹਨ ਕਿ ਉਹ ਸਾਡੇ ਸਕੂਲਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹਨ। ਉਹਨਾਂ ਦੱਸਿਆ ਕਿ ਪ੍ਰਿੰਸੀਪਲਾਂ ਦੀ ਚੋਣ 5 ਮੈਂਬਰੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਇਸ ਵਾਸਤੇ ਮਾਪਦੰਡ ਤੈਅ ਕੀਤਾ ਗਿਆ ਤੇ ਮਾਪਦੰਡ ’ਤੇ ਖਰ੍ਹੇ ਉਤਰਣ ਵਾਲੇ ਪ੍ਰਿੰਸੀਪਲਾਂ ਦੀ ਹੀ ਚੋਣ ਕੀਤੀ ਜਾਂਦੀ ਹੈ।

ਮਾਨ ਨੇ ਮੁੜ ਦਾਅਵਾ ਕੀਤਾ ਕਿ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਜਵਾਬਦੇਹ ਹਾਂ, ਇਸ ਲਈ ਜੋ ਵੀ ਮੇਰੇ ਰਾਹ ਵਿੱਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦੀਆਂ ਰੋਕਾਂ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਣ ਵਾਲਾ। ਦਰਅਸਲ, ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਮਾਨ ਨੂੰ ਸਵਾਲ ਕੀਤਾ ਸੀ ਕਿ ਪ੍ਰਿੰਸੀਪਲਾਂ ਦੀ ਚੋਣ ਕਿਵੇਂ ਕੀਤੀ ਜਾ ਰਹੀ ਹੈ ਅਤੇ ਇਸ ਟਰੇਨਿੰਗ ’ਤੇ ਕਿੰਨਾ ਖਰਚਾ ਕੀਤਾ ਜਾ ਰਿਹਾ ਹੈ, ਇਹ ਵੇਰਵਾ ਦੱਸਿਆ ਜਾਵੇ ਪਰ ਮੁੱਖ ਮੰਤਰੀ ਨੇ ਇਸਦੇ ਜਵਾਬ ਵਿਚ ਕਿਹਾ ਕਿ ਉਹ 3 ਕਰੋੜ ਲੋਕਾਂ ਨੂੰ ਜਵਾਬਦੇਹ ਹਨ।

Exit mobile version