ਪਟਿਆਲਾ : ਪੰਜਾਬ ‘ਚ ਚਾਈਨਾ ਡੋਰ ਖ਼ਿਲਾਫ਼ ਪਾਬੰਦੀਆਂ ਦੇ ਬਾਵਜੂਦ ਇਸਦੀ ਖਰੀਦ ਅਤੇ ਵੇਚ ਹੋ ਰਹੀ ਹੈ। ਇਨ੍ਹਾਂ ਹੀ ਨਹੀਂ ਹੁਣ ਤਾਂ ਔਰਤਾਂ ਵੀ ਚਾਈਨਾ ਡੋਰ ਵੇਚਣ ਦੀ ਆਦੀ ਹੋ ਗਈਆਂ ਹਨ। ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ ‘ਚ ਪੈ ਰਹੀਆਂ ਹਨ। ਚਾਈਨਾ ਡੋਰ ਨੇ ਫਿਰ ਕਹਿਰ ਢਾਇਆ ਹੈ। ਪਟਿਆਲਾ ਵਿੱਚ ਚਾਈਨਾ ਡੋਰ ਨੇ ਇੱਕ ਰਾਹਗੀਰ ਦੀ ਗਰਦਨ ਵੱਢ ਦਿੱਤੀ। ਇਸ ਵਿਅਕਤੀ ਨੂੰ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ। ਉਸ ਦੀ ਗਰਦਨ ਉਪਰ 30 ਟਾਂਕੇ ਲੱਗੇ ਹਨ।
ਜਾਣਕਾਰੀ ਅਨੁਸਾਰ ਐਤਵਾਰ ਦੁਪਿਹਰ ਕਰੀਬ ਇੱਕ ਵਜੇ ਪਾਤੜਾਂ- ਪਟਿਆਲਾ ਹਾਈਵੇਅ ‘ਤੇ ਸ਼ਿਵ ਮੰਦਰ ਦੇ ਕਰੀਬ ਗਲੇ ਵਿੱਚ ਚਾਈਨਾ ਡੇਰ ਫਸਣ ਦੇ ਕਾਰਨ ਇੱਕ ਸਕੂਟੀ ਸਵਾਰ ਜ਼ਖ਼ਮੀ ਹੋ ਕੇ ਸੜਕ ‘ਤੇ ਡਿੱਗ ਪਿਆ। ਜਿਸ ਨੂੰ ਰਾਹਗੀਰਾਂ ਨੇ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ। ਜ਼ਖ਼ਮੀ ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਪਿੰਡ ਛੁਤਰਾਣਾ ਦੇ ਵਜੋਂ ਹੋਈ ਹੈ।
ਜ਼ਖ਼ਮੀ ਨੂੰ ਪਟਿਆਲਾ ਦੇ ਲਾਲ ਭਵਨ ਇਲਾਕੇ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਉਸਦੇ ਗਲੇ ਦਾ ਕਰੀਬ ਤਿੰਨ ਘੰਟੇ ਤੱਕ ਆਪ੍ਰੇਸ਼ਨ ਕੀਤਾ ਅਤੇ ਕਰੀਬ 30 ਟਾਂਕੇ ਲਗਾਏ। ਜ਼ਖ਼ਮੀ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ।
ਦੂਜੇ ਪਾਸੇ ਮੋਗਾ ਦੇ ਬੇਦੀ ਨਗਰ ਵਿੱਚ ਚਾਇਨਾ ਡੋਰ ਦੇ ਨਾਲ ਪਤੰਗ ਉਡਾਉਂਦੇ ਸਮੇਂ ਇਕ 11 ਸਾਲਾ ਬੱਚਾ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆ ਗਿਆ। ਬੱਚੇ ਦੇ ਝੁਲਸਣ ਤੋਂ ਇਲਾਵਾ ਕਈ ਘਰਾਂ ਦੇ ਮੀਟਰ ਵੀ ਸੜ ਗਏ। ਬੱਚੇ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਫੋਕਲ ਪੁਆਇੰਟ ਪੁਲਿਸ ਚੌਂਕੀ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਲਵਿਸ਼ ਆਪਣੇ ਘਰ ਦੀ ਛੱਤ ’ਤੇ ਦੇਰ ਸ਼ਾਮ ਪਤੰਗ ਉਡਾ ਰਿਹਾ ਸੀ ਤਾਂ ਘਰ ਦੇ ਕੋਲੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਬੱਚਾ ਝੁਲਸ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ।