The Khalas Tv Blog Punjab ਮੱਤੇਵਾੜਾ ਜੰਗਲਾਂ ਵਿੱਚ ਇੰਡਸਟਰੀਅਲ ਪਾਰਕ ਬਣਾਉਣ ਦੀ ਤਜਵੀਜ਼ ਰੱਦ ਦਾ ਹਰ ਪਾਸੇ ਸਵਾਗਤ
Punjab

ਮੱਤੇਵਾੜਾ ਜੰਗਲਾਂ ਵਿੱਚ ਇੰਡਸਟਰੀਅਲ ਪਾਰਕ ਬਣਾਉਣ ਦੀ ਤਜਵੀਜ਼ ਰੱਦ ਦਾ ਹਰ ਪਾਸੇ ਸਵਾਗਤ

‘ਦ ਖਾਲਸ ਬਿਊਰੋ:ਪੰਜਾਬ ਦੇ ਮੱਤੇਵਾੜਾ ਜੰਗਲਾਂ ਵਿੱਚ ਇੰਡਸਟਰੀਅਲ ਪਾਰਕ ਬਣਾਉਣ ਦੀ ਤਜਵੀਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੱਦ ਕੀਤੇ ਜਾਣ ਦੇ ਐਲਾਨ ਮਗਰੋਂ ਇਸ ਫੈਸਲੇ ਦਾ ਹਰ ਪਾਸੇ ਸਵਾਗਤ ਹੋ ਰਿਹਾ ਹੈ।ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ‘ਤੇ ਟਵੀਟ ਕੀਤਾ ਹੈ ਤੇ ਪੰਜਾਬ ਦੇ ਬਹਾਦਰ ਲੋਕਾਂ ਨੂੰ ਮੁਬਾਰਕਾਂ ਦਿੰਦੇ ਹੋਏ ਇਸ ਜਿੱਤ ਦਾ ਕਾਰਨ ਆਮ ਲੋਕਾਂ ਦੀ ਸ਼ਕਤੀ ਨੂੰ ਦੱਸਿਆ ਹੈ ਤੇ ਦਾਅਵਾ ਕੀਤਾ ਹੈ ਕਿ ਇਹੋ ਕਾਰਨ ਹੈ ,ਜਿਸ ਨੇ ਭਗਵੰਤ ਮਾਨ ਨੂੰ ਮੱਤੇਵਾੜਾ ਦੇ ਟੈਕਸਟਾਈਲ ਪਾਰਕ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਹੈ।


ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਫੈਸਲੇ ਦਾ ਸੁਆਗਤ ਕੀਤਾ ਹੈ।ਆਪਣੇ ਟਵੀਟ ਵਿੱਚ ਉਹਨਾਂ ਇਹ ਵੀ ਲਿਖਿਆ ਹੈ ਕਿ ਇਸ ਨਾਲ ਪੰਜਾਬ ਦਾ ਹਵਾ-ਪਾਣੀ ਪ੍ਰਦੂਸ਼ਣ ਦੀ ਮਾਰ ਤੋਂ ਬਚੇਗਾ।


ਪੰਜਾਬ ਸਟੂਡੈਂਟਸ ਯੂਨੀਅਨ-ਲਲਕਾਰ ਨੇ ਵੀ ਇਸ ਨੂੰ ਆਮ ਲੋਕਾਂ ਦੀ ਜਿੱਤ ਦੱਸਦੇ ਹੋਏ ਇਸ ਲਈ ਸੰਘਰਸ਼ ਕਰਨ ਵਾਲੇ ਲੋਕ, ਸੰਸਥਾਵਾਂ ਤੇ ਜਥੇਬੰਦੀਆਂ ਨੂੰ ਵਧਾਈ ਦਿੱਤੀ ਹੈ।ਸੋਸ਼ਲ ਮੀਡੀਆ ਤੇ ਪਾਈ ਇੱਕ ਪੋਸਟ ਵਿੱਚ ਇਹ ਕਿਹਾ ਗਿਆ ਹੈ ਕਿ ਸਰਕਾਰ ਲੋਕ ਦਬਾਅ ਹੇਠ ਰੱਦ ਕਰਨ ਲਈ ਮਜ਼ਬੂਰ ਹੋਈ ਹੈ ਪਰ ਲੋਕ ਇਸ ਮਸਲੇ ਉੱਪਰ ਇਹਨਾਂ ਸਿਆਸੀ ਪਾਰਟੀਆਂ ਦਾ ਦੋਗਲ਼ਾਪਣ ਹਮੇਸ਼ਾ ਚੇਤੇ ਰੱਖਣਗੇ ਤੇ ਇਹ ਵੀ ਚੇਤੇ ਰੱਖਣਗੇ ਕਿ ਲੋਕਾਂ ਦੇ ਸੰਘਰਸ਼ ਸਦਕਾ ਹੀ ਸਰਕਾਰ ਨੂੰ ਆਪਣੇ ਹੱਥੀਂ ਲਿਖੇ ਕਾਲ਼ੇ ਲੇਖਾਂ ਉੱਪਰ ਲੀਕ ਫੇਰਨ ਲਈ ਮਜ਼ਬੂਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਹੈ ਕਿ ਪੁਰਾਣੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੱਤੇਵਾੜਾ ਇੰਡਸਟਰੀਅਲ ਪਾਰਕ ਯੋਜਨਾ ਨੂੰ ਲੋਕਾਂ ਦੀਆਂ ਭਾਵਨਾਵਾਂ ਤੇ ਆਪਣੇ ਫਰਜ ਨੂੰ ਦੇਖਦੇ ਹੋਏ ਬੰਦ ਕਰ ਦਿੱਤਾ ਹੈ ਜੋ ਕਿ ਆਉਣ ਵਾਲੀ ਪੀੜੀ ਲਈ ਬਹੁਤ ਵਧੀਆ ਕਦਮ ਹੈ।

Exit mobile version