‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਧਰਤੀ ਦਾ ਤਪਦਾ ਸੀਨਾ ਵੀ ਠਰ ਗਿਆ ਹੈ। ਪੰਜਾਬ ਵਿੱਚ ਔਸਤਨ 10 ਮਿਲੀਮੀਟਰ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ ਅੱਜ ਮੁੜ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ ਭਲਕ ਤੋਂ ਮੌਸਮ ਸਾਫ ਰਹੇਗਾ। ਮੀਂਹ ਪੈਣ ਨਾਲ ਰਾਤ ਦਾ ਤਾਪਮਾਨ 6 ਡਿਗਰੀ ਹੇਠਾਂ ਆ ਗਿਆ ਹੈ।
ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 11.5 ਮਿਲੀਮੀਟਰ ਬਾਰਿਸ਼ ਨੋਟ ਕੀਤੀ ਗਈ ਹੈ। ਲੁਧਿਆਣਾ ਵਿੱਚ 18.4 ਮਿਲੀਮੀਟਰ, ਪਟਿਆਲਾ ਵਿੱਚ 17.6 ਮਿਲੀਮੀਟਰ, ਬਠਿੰਡਾ ਵਿੱਚ 3.2 ਮਿਲੀਮੀਟਰ ਏਤੇ ਗੁਰਦਾਸਪੁਰ ਵਿੱਚ 6.8 ਮਿਲੀਮੀਟਰ ਮੀਂਹ ਪਿਆ ਹੈ।
ਮੀਂਹ ਪੈਣ ਨਾਲ ਲੁਧਿਆਣਾ ਅਤੇ ਪਟਿਆਲਾ ਸਭ ਤੋਂ ਠੰਡੇ ਰਹੇ ਜਿੱਥੋਂ ਦਾ ਤਾਪਮਾਨ ਕਰਮਵਾਰ 18 ਅਤੇ 18.3 ਡਿਗਰੀ ਦੱਸਿਆ ਗਿਆ ਹੈ। ਅੰਮ੍ਰਿਤਸਰ ਸਭ ਤੋਂ ਵੱਧ ਗਰਮ ਰਿਹਾ ਹੈ। ਬਠਿੰਡਾ ਦਾ ਘੱਟੋ ਘੱਟ ਤਾਪਮਾਨ 24.4 ਡਿਗਰੀ ਨੋਟ ਕੀਤਾ ਗਿਆ ਹੈ। ਬੀਤੀ ਰਾਤ ਪਏ ਮੀਂਹ ਨਾਲ ਕਿਸਾਨਾਂ ਨੂੰ ਵੀ ਸੁੱਖ ਦਾ ਸਾਹ ਆਇਆ ਹੈ। ਮੀਂਹ ਸਬਜ਼ੀਆਂ ਦੀ ਫਸਲ ਲਈ ਲਾਹੇਵੰਦ ਦੱਸਿਆ ਗਿਆ ਹੈ। ਮੀਂਹ ਨਾਲ ਬਿਜਲੀ ਵਿਭਾਗ ਨੂੰ ਵੀ ਰਾਹਤ ਮਿਲੀ ਹੈ।
ਇਸ ਵਾਰ ਅੰਤਾਂ ਦੀ ਪੈ ਰਹੀ ਗਰਮੀ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਸਾਰੇ ਉੱਤਰੀ ਭਾਰਤ ਵਿੱਚ ਤਾਪਮਾਨ ਗਰਮ ਮੌਸਮ ਦੀ ਸ਼ੁਰੂਆਤ ਵਿੱਚ ਹੀ ਕਾਫ਼ੀ ਚੱੜ ਗਿਆ ਸੀ ਤੇ ਮਈ ਮਹੀਨਾ ਆਉਂਦੇ-ਆਉਂਦੇ ਇਹ 46 ਡਿੱਗਰੀ ਨੂੰ ਪਾਰ ਕਰ ਗਿਆ ਸੀ ਅਤੇ ਲੋਕ ਤਰਾਹ ਤਰਾਹ ਕਰ ਉੱਠੇ ਸਨ।