The Khalas Tv Blog Punjab ਆਪ ਦੇ ਇਸ ਵਿਧਾਇਕ ਖਿਲਾਫ਼ ਹੋਈ ਆਹ ਕਾਰਵਾਈ,ਵਿਜੀਲੈਂਸ ਨੇ ਕੀਤਾ ਸੀ ਭ੍ਰਿਸ਼ਟਾਚਾਰ ਦਾ ਕੇਸ ਦਰਜ
Punjab

ਆਪ ਦੇ ਇਸ ਵਿਧਾਇਕ ਖਿਲਾਫ਼ ਹੋਈ ਆਹ ਕਾਰਵਾਈ,ਵਿਜੀਲੈਂਸ ਨੇ ਕੀਤਾ ਸੀ ਭ੍ਰਿਸ਼ਟਾਚਾਰ ਦਾ ਕੇਸ ਦਰਜ

ਚੰਡੀਗੜ : ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਅਤੇ ਉਸ ਦੇ ਪੀਏ ਰਸ਼ਿਮ ਗਰਗ ਦੇ ਖਿਲਾਫ ਦਰਜ ਕੀਤੇ ਗਏ ਗਏ ਭ੍ਰਿਸ਼ਟਾਚਾਰ ਦੇ ਕੇਸ ਦੇ ਦੌਰਾਨ ਬਠਿੰਡਾ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਤਹਿਤ ਬਠਿੰਡਾ ਰੇਂਜ ਦੇ ਵਿਜੀਲੈਂਸ ਪੁਲਿਸ ਥਾਣੇ ਵਿਚ ਇਹ ਕੇਸ ਦਰਜ ਕੀਤਾ ਗਿਆ ਸੀ ।

ਵਿਜੀਲੈਂਸ ਦੇ ਬੁਲਾਰੇ ਅਨੁਸਾਰ ਇਸੇ ਸਾਲ 16 ਫਰਵਰੀ ਨੂੰ ਬਠਿੰਡਾ ਰੇਂਜ ਵਿਜੀਲੈਂਸ ਟੀਮ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਦੇ ਉਕਤ ਨਿੱਜੀ ਸਹਾਇਕ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ ਤੇ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਬਾਅਦ ਵਿੱਚ ਉਕਤ ਵਿਧਾਇਕ ਨੂੰ ਵੀ ਇਸੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਕਿਉਂਕਿ ਉਸ ਦੇ ਪੀਏ ਨੇ ਵਿਧਾਇਕ ਦੇ ਨਾਂ ਉਤੇ ਹੀ ਇਹ ਰਿਸ਼ਵਤ ਵਸੂਲ ਕੀਤੀ ਸੀ।

ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸਾਲ 2022-23 ਦੌਰਾਨ ਸਰਕਾਰ ਨੇ 15ਵੇਂ ਵਿੱਤ ਕਮਿਸ਼ਨ ਅਧੀਨ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਘੁੱਦਾ ਨੂੰ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ, ਜੋ ਕਿ ਹਾਲੇ ਪੰਚਾਇਤ ਨੂੰ ਦਿੱਤੀ ਜਾਣੇ ਸੀ ਪਰ ਉਕਤ ਪੀਏ ਰਸ਼ਿਮ ਗਰਗ ਨੇ ਪਿੰਡ ਘੁੱਦਾ ਦੇ ਸਰਪੰਚ ਤੋਂ ਇਸ ਰਕਮ ਲਈ ਪੰਜ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਵਿਜੀਲੈਂਸ ਨੇ 16 ਫਰਵਰੀ ਨੂੰ ਉਸ ਨੂੰ ਉਕਤ ਗ੍ਰਾਂਟ ਜਾਰੀ ਕਰਨ ਦੇ ਇਵਜ਼ ਵਿੱਚ 4 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। ਉਕਤ ਸਰਪੰਚ ਨੇ ਪੀਏ ਵੱਲੋਂ ਮੰਗੇ 50,000 ਰੁਪਏ ਪਹਿਲਾਂ ਹੀ ਦੇ ਦਿੱਤੇ ਸਨ।

ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਰਿਸ਼ਵਤ ਕਥਿਤ ਦੋਸ਼ੀ ਰਸ਼ਿਮ ਗਰਗ ਨੂੰ ਵਸੂਲੀ ਕਰਨ ਦੇ ਨਿਰਦੇਸ਼ ਵਿਧਾਇਕ ਅਮਿਤ ਰਤਨ ਨੇ ਦਿੱਤੇ ਸਨ।

ਇਸੇ ਤਰਾਂ ਇੱਕ ਹੋਰ ਮਾਮਲੇ ਵਿੱਚ ਉਸ ਨੇ ਪਿੰਡ ਘੁੱਦਾ ਦੇ ਗੁਰਦਾਸ ਸਿੰਘ ਕੋਲੋਂ ਉਸਦੇ ਪਿੰਡ ਦੀ ਨੰਬਰਦਾਰੀ ਦਿਵਾਉਣ ਦੇ ਬਦਲੇ 2,50,000 ਰੁਪਏ ਦੀ ਰਿਸ਼ਵਤ ਲਈ ਸੀ। ਜਾਂਚ ਦੌਰਾਨ ਹੋਏ ਖੁਲਾਸੇ ਦੇ ਆਧਾਰ ‘ਤੇ, ਵਿਜੀਲੈਂਸ ਨੇ ਉਕਤ ਮਾਮਲੇ ਵਿੱਚ ਆਈਪੀਸੀ ਦੀ 120-ਬੀ ਦੀ ਇੱਕ ਹੋਰ ਧਾਰਾ ਜੋੜ ਦਿੱਤੀ ਸੀ ਅਤੇ ਮੌਜੂਦਾ ਕੇਸ ਵਿੱਚ ਵਿਧਾਇਕ ਅਮਿਤ ਰਤਨ ਨੂੰ ਵੀ ਨਾਮਜ਼ਦ ਕਰਕੇ ਉਸ ਨੂੰ ਸ਼ੰਭੂ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਵੇਂ ਮੁਲਜ਼ਮ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Exit mobile version