‘ਦ ਖ਼ਾਲਸ ਬਿਊਰੋ : ਭਾਰਤੀ ਕਿਸਾਨ ਯੂਨੀਅਨ 13 ਮਹੀਨੇ ਕੇਂਦਰ ਦੇ ਹਾਕਮਾਂ ਵਿਰੁੱਧ ਦਿੱਲੀਆਂ ਦੀਆਂ ਬਰੂਹਾਂ ‘ਤੇ ਅੰਦੋਲਨ ਤੋਂ ਵੇਹਲੀ ਹੋਈ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੰਘਰਸ਼ ਦਾ ਨਵਾਂ ਸੱਦਾ ਦੇ ਦਿੱਤਾ ਹੈ। ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਉਨ੍ਹਾਂ ਚੋਣਵੇਂ ਨੇਤਾਵਾਂ ਵਿੱਚੋਂ ਸਨ ਜਿਨ੍ਹਾਂ ਨੇ ਕਿਸਾਨ ਮੋਰਚਾ ਜਿੱਤੇ ਬਿਨਾ ਅੰਦੋਲਨ ਤੋਂ ਲਾਂਭੇ ਨੂੰ ਡੀਂਗ ਨਹੀੰ ਸੀ ਪੁੱਟੀ। ਹੁਣ ਪੰਜਾਬ ਸਕੂਲ ਸਿੱਖਿਆ ਮੂਹਰੇ ਸ਼ੁਰੂ ਕੀਤੇ ਦਿਨ ਰਾਤ ਦੇ ਧਰਨੇ ਲਈ ਆਪਣਾ ਆਪ ਲੇਖੇ ਲਾਈ ਬੈਠੇ ਹਨ। ਹੁਣ ਜਦੋਂ ਆਮ ਲੋਕਾਂ, ਬੁੱਧੀਜੀਵੀਆਂ ਅਤੇ ਸੁਚੇਤ ਮਨਾ ਨੂੰ ਗੱਲ ਸਮਝ ਪੈਣ ਲੱਗੀ ਤਾਂ ਉਹ ਯੂਨੀਅਨ ਦੇ ਕਾਫਲੇ ਨਾਲ ਜੁੜਨ ਲੱਗੇ ਹਨ।
ਪੰਜਾਬ ਸਕੂਲ ਬੋਰਡ ਵੱਲੋਂ ਪ੍ਰਕਾਸ਼ਤ ਪੁਸਤਕਾਂ ਜਿਨ੍ਹਾਂ ਵਿੱਚ ਗੁਰੂ ਸਹਿਬਾਨਾਂ ਬਾਰੇ ਕੂੜ ਪ੍ਰਚਾਰ ਬੋਲਿਆ ਗਿਆ ਹੈ, ਬਾਰੇ ਗੱਲ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਇਹਦੇ ਅਧਿਕਾਰੀਆਂ ਦੀ ਬੇਰੁੱਖੀ ਨੂੰ ਲੈ ਕੇ ਮਨ ਫਕਰਮੰਦ ਹੋ ਉਠਦਾ ਹੈ। ਇਸ ਵੇਲੇ ਪੰਜਾਬ ਵਿੱਚ ਕੇਅਰਟੇਕਰ ਸਰਕਾਰ ਹੈ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵੱਜੋਂ ਕੇਅਰਟੇਕਰ ਸਰਕਾਰ ਦੇ ਹੈਡ ਹਨ। ਪ੍ਰਗਟ ਸਿੰਘ ਉਲੰਪੀਅਨ ਸਿੱਖਿਆ ਮਹਿਕਮੇ ਦਾ ਕੇਅਰਟੇਕਰ ਮੰਤਰੀ ਹੈ। ਸਰਕਾਰੀ ਕਾਇਦੇ ਕਾਨੂੰਨ ਮੁਤਾਬਿਕ ਅਗਲੀ ਸਰਕਾਰ ਚੁਣੇ ਜਾਣ ਤੱਕ ਪੂਰੇ ਮੰਤਰੀ ਮੰਡਲ ਦੀ ਜਿੰਮੇਵਾਰੀ ਕੇਅਰਟੇਕਰ ਵੱਜੋਂ ਸਰਕਾਰ ਚਲਾਉਣ ਦਾ ਹੁੰਦੀ ਹੈ। ਕੇਅਰਟੇਕਰ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਲਈ ਜਿੰਮੇਵਾਰ ਅਤੇ ਸਹੂਲਤਾਂ ਦਾ ਅੰਨਦ ਮਾਨਣ ਦਾ ਹੱਕ ਰੱਖਦੀ ਹੈ।
ਮੁੱਖ ਮੰਤਰੀ ਸਮੇਤ ਪੂਰੀ ਕੈਬਨਿਟ ਹਾਲੇ ਵੀ ਸਰਕਾਰੀ ਆਹੁਦਿਆ ਦੀ ਤਨਖਾਹ ਲੈ ਰਹੀ ਹੈ। ਮੰਤਰੀਆਂ ਵਾਲੀਆਂ ਸਹੂਲਤਾਂ ਦਾ ਆਨੰਦ ਲੈ ਰਹੇ ਹਨ। ਜੇ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਲੰਗੜੀ ਅੰਸੈਬਲੀ ਦੇ ਆਸਾਰ ਬਣਦੇ ਹਨ ਤਾਂ ਰਾਜਪਾਲ , ਕੇਅਰਟੇਕਰ ਸਰਕਾਰ ਨੂੰ ਅਗਲੇ ਹੁਕਮਾਂ ਤੱਕ ਕੰਮ ਕਰਦੇ ਰਹਿਣ ਲਈ ਕਹਿ ਸਕਦੇ ਹਨ। ਜੇ ਚੰਨੀ ਅਤੇ ਪ੍ਰਗਟ ਸਿੰਘ ਨੂੰ ਸਰਕਾਰੀ ਆਹੁਦੇ ਦੀਆਂ ਸਹੂਲਤਾਂ ਦਾ ਆਨੰਦ ਲੈਣ ਦਾ ਹੱਕ ਹੈ ਤਾਂ ਸਕੂਲ ਬੋਰਡ ਮੂਹਰੇ ਧਰਨੇ ‘ਤੇ ਬੈਠੇ ਵਿਖਾਵਾਕਾਰੀਆਂ ਦੇ ਮਸਲੇ ਹੱਲ ਕਰਨ ਦੀ ਜਿੰਮੇਵਾਰੀ ਵੀ ਉਨ੍ਹਾਂ ਦੀ ਬਣਦੀ ਹੈ। ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ ਸ਼ਾਇਦ ਇਸ ਕਰਕੇ ਕੇ ਵੋਟਾਂ ਪੈ ਜਾਣ ਤੋਂ ਬਾਅਦ ਲੋਕਾਂ ਦੀ ਜਰੂਰਤ ਨਹੀਂ ਰਹੀ ਹੈ । ਵਿਖਾਵਾਕਾਰੀ ਚੰਨੀ ਤੋਂ ਮਸਲੇ ਦੇ ਹੱਲ ਦੀ ਉਮੀਦ ਲਾਈ ਬੈਠੇ ਹਨ।
ਸਿਆਸੀ ਲੀਡਰਾਂ ਦੀ ਗੱਲ ਛੱਡ ਦਈਏ ਤਾਂ ਸਿੱਖਿਆ ਸਕੱਤਰ ਦੀ ਵਿਖਾਵਾਕਾਰੀਆਂ ਦੀ ਮੰਗ ‘ਤੇ ਕੰਨ ਧਰਨ ਤੋਂ ਟਾਲਾ ਬੈਠਾ ਹੈ। ਉਨ੍ਹਾਂ ਦੀ ਸਰਕਾਰੀ ਗੱਡੀ ਧਰਨੇ ਵਾਲੀ ਥਾਂ ਤੋਂ ਰਸਤਾ ਬਦਲ ਦੇ ਦਫਤਰ ਨੂੰ ਲੰਘਣ ਲੱਗੀ ਹੈ।
ਸਕੂਲ ਬੋਰਡ ਦੇ ਚੇਅਰਮੈਨ ਡਾ ਯੋਗਰਾਜ ਵੀ ਮਸਲਾ ਹੱਲ ਕਰਨ ਦਾ ਥਾਂ ਲਟਕਾਈ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਤਾਬਾਂ ਜਿਨ੍ਹਾਂ ਵਿੱਚ ਸਿੱਖ ਗੁਰੂਆਂ ਖ਼ਿਲਾਫ਼ ਕੁਫਰ ਤੋਲਿਆ ਗਿਆ ਹੈ। ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਲਾਈਆਂ ਗਈਆਂ ਸਨ। ਉਨਾਂ ਨੇ ਇਹ ਵੀ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਲੇਖਕਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਉਨ੍ਹਾਂ ਦੇ ਹੱਥ ਬੰਨੇ ਹੋਏ ਹਨ। ਯੂਨੀਅਨ ਦੇ ਨੇਤਾ ਬਲਦੇਵ ਸਿੰਘ ਸਿਰਸਾ ਚੇਅਰਮੈਨ ਦੀ ਦਲੀਲ ਦਾ ਇਹ ਕਹਿ ਕੇ ਮਖੌਲ ਉਡਾਇਆ ਗਿਆ ਹੈ ਕਿ ਜੇ ਕਿਸੇ ਜੱਜ ਦਾ ਇੱਕ ਕੇਸ ਦੀ ਸੁਣਵਾਈ ਕਰਦਿਆਂ ਤਬਾਦਲਾ ਦੋ ਜਾਵੇ ਜਾਂ ਰਿਟਾਇਰ ਹੋ ਜਾਵੇ ਤਾਂ ਕੀ ਉਹ ਮੁਲਜ਼ਮ ਨੂੰ ਸਜ਼ਾ ਦੇਣ ਤੋਂ ਇਹ ਕਹਿ ਕੇ ਟਾਲਾ ਵੱਟ ਲਵੇਗਾ ਕਿ ਜ਼ੁਰਮ ਉਦੋਂ ਹੋਇਆ ਸੀ ਜਦੋਂ ਉਹ ਇਸ ਕੁਰਸੀ ‘ਤੇ ਨਹੀਂ ਸੀ।
ਹਿਸਟਰੀ ਆਫ਼ ਪੰਜਾਬ ਨਾਂ ਦੀ ਇਸ ਪੁਸਤਕ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ, ਪੰਜਵੇਂ ਪਾਤਸ਼ਾਹ , ਸ਼੍ਰਈ ਗੁਰੂ ਤੇਗ ਬਹਾਦਰ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਿਹੜਾ ਕੁਫਰ ਤੋਲਿਆ ਗਿਆ ਹੈ , ਸਾਡੀ ਜ਼ੁਬਾਨ ਤੁਹਾਡੇ ਨਾਲ ਸਾੰਝਾ ਕਰਮ ਦਾ ਹੀਆ ਨਹੀਂ ਰੱਖਦੀ। ਪਰ ਇੱਕ ਗੱਲ ਪੱਕੀ ਹੈ ਕਿ ਪੰਜਾਬੀ ਇਤਿਹਾਸਕਾਰਾਂ ਵੱਲੋਂ ਜਿਹੜੀ ਨੀਂਚ ਸ਼ਬਦਾਵਲੀ ਵਰਤੀ ਗਈ ਹੈ ਉਸ ਨਾਲ ਸਾਡਾ ਸਿਰ ਸ਼ਰਮ ਨਾਲ ਝੁਕ ਜਾਦਾਂ ਹੈ। ਸਰਕਾਰ ਜੇ ਹਾਲੇ ਵੀ ਨਹੀਂ ਜਾਗੀ ਤਾਂ ਲੋਕ ਇੰਨਸਾਫ ਲੈਣਾ ਜਾਣਦੇ ਹਨ। ਦਿੱਲੀ ਦਾ ਕਿਸਾਨ ਅੰਦੋਲਨ ਇਸਦੀ ਤਾਜ਼ਾ ਮਿਸਾਲ ਹੈ।