‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਨੌਜਵਾਨਾਂ ਦੇ ਲਈ ਵੱਡਾ ਫੈਸਲਾ ਕੀਤਾ ਹੈ। ਪੰਜਾਬ ਮੰਤਰੀ ਮੰਡਲ ਨੇ ਇੱਕ ਮਹੀਨੇ ਦੇ ਅੰਦਰ 25,000 ਨੌਕਰੀਆਂ ਦੇ ਨੋਟੀਫਿਕੇਸ਼ਨ ਕੱਢਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਵੇਂ ਅਸੀਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ‘ਆਪ’ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੋਵੇਗੀ। ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚੋਂ 10 ਹਜ਼ਾਰ ਨੌਕਰੀਆਂ ਪੰਜਾਬ ਪੁਲਿਸ ਦੇ ਅੱਲਗ-ਅਲੱਗ ਅਹੁਦਿਆਂ ਦੇ ਲਈ ਹਨ ਅਤੇ 15 ਹਜ਼ਾਰ ਸਰਕਾਰ ਦੇ ਅਲੱਗ ਅਲੱਗ ਵਿਭਾਗਾਂ ਬੋਰਡ ਅਤੇ ਕਾਰਪੋਰੇਸ਼ਨਾਂ ਵਿੱਚ ਹਨ। ਭਗਵੰਤ ਮਾਨ ਨੇ ਪੰਜਾਬੀਆਂ ਦੇ ਨਾਲ ਵਾਅਦਾ ਕਰਦਿਆਂ ਕਿਹਾ ਕਿ ਜਿੰਨੀਆਂ ਵੀ ਨੌਕਰੀਆਂ ਮਿਲਣਗੀਆਂ, ਉਹ ਡਿਗਰੀ ਦੇ ਮੁਤਾਬਕ ਮਿਲਣਗੀਆਂ, ਜੋ ਜਿਨ੍ਹਾਂ ਪੜਿਆ-ਲਿਖਿਆ ਹੈ, ਉਹਨੂੰ ਓਨੀ ਵੱਡੀ ਨੌਕਰੀ ਮਿਲੇਗੀ, ਕੋਈ ਭੇਦ ਭਾਵ, ਸਿਫਾਰਸ਼ ਜਾਂ ਰਿਸ਼ਵਤ ਨਹੀਂ ਚੱਲੇਗੀ। ਮਾਨ ਨੇ ਕਿਹਾ ਕਿ ਇੱਕ ਮਹੀਨੇ ਦੇ ਵਿੱਚ ਇਸਦਾ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ।
ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਚੁੱਲ੍ਹਿਆਂ ਦੀ ਅੱਗ ਬੁੱਝਦੀ ਜਾ ਰਹੀ ਸੀ ਅਤੇ ਬੇਰੁਜ਼ਗਾਰੀ ਵੱਡੇ ਪੱਧਰ ਉੱਤੇ ਫੈਲ ਗਈ ਸੀ। ਸਾਡੇ ਹਰੇ ਰੰਗ ਦਾ ਪੈੱਨ ਪੰਜਾਬ ਦੇ ਨੌਜਵਾਨ ਮੁੰਡੇ, ਕੁੜੀਆਂ ਦੇ ਹੱਥ ਵਿੱਚ ਚੱਲਿਆ ਹੈ। ਭਗਵੰਤ ਮਾਨ ਨੇ ਆਪ ਸਰਕਾਰ ਦੀਆਂ ਬਾਕੀ ਗਾਰੰਟੀਆਂ ਵੀ ਜਲਦ ਪੂਰੀਆਂ ਕਰਨ ਦਾ ਦਾਅਵਾ ਕੀਤਾ ਹੈ। ਮਾਨ ਨੇ ਕਿਹਾ ਕਿ ਇਹ ਸਰਕਾਰ ਤੁਹਾਡੇ ਲਈ ਬਣਾਈ ਹੈ ਅਤੇ ਫੈਸਲੇ ਵੀ ਲੋਕਾਂ ਦੇ ਹੋਣਗੇ।
ਕੱਲ੍ਹ ਸਰਕਾਰ ਨੇ ਮਾਨਸਾ ਜ਼ਿਲੇ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਗਿਆ ਸੀ। ਸਰਕਾਰ ਨੇ ਗੁਲਾਬੀ ਸੁੰਡੀ ਕਾਰਨ ਖਰਾਬ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦੀ ਇੱਕ ਅਰਬ ਤੋਂ ਵੱਧ ਰਕਮ ਜਾਰੀ ਕੀਤੀ। ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਡਾ.ਵਿਜੇ ਸਿੰਗਲਾ ਨੇ ਸਰਕਾਰ ਵੱਲੋਂ ਵਿੱਤ ਵਿਭਾਗ ਨੂੰ ਮੁਆਵਜ਼ੇ ਦੀ ਰਕਮ ਦੇ ਭੇਜੇ ਬਿੱਲ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ ਸੀ।
ਇਸ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਭ੍ਰਿਸ਼ਟਾਚਾਰ ਖਿਲਾਫ਼ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਲੋਕ ਸਿੱਧਾ ਇਸ ਨੰਬਰ ਉੱਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਹ ਨੰਬਰ 23 ਮਾਰਚ ਨੂੰ ਜਾਰੀ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਬਰਸੀ ਹੈ ਅਤੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਉੱਤੇ ਇਹ ਨੰਬਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਸਿੱਧੀ ਮੇਰੇ ਕੋਲ ਹੋਵੇਗੀ। ਮਾਨ ਨੇ ਕਿਹਾ ਕਿ ਇਹ ਮੇਰਾ ਨਿੱਜੀ ਵਟਸਐਪ ਨੰਬਰ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕਰਦਿਆਂ ਕਿਹਾ ਸੀ ਕਿ ਜੇ ਤੁਹਾਡੇ ਤੋਂ ਕੋਈ ਵੀ ਰਿਸ਼ਵਤ ਮੰਗੇ, ਉਸਨੂੰ ਇਨਕਾਰ ਨਾ ਕਰਨਾ ਬਲਕਿ ਉਸਦੀ ਵੀਡੀਓ/ਆਡੀਓ ਰਿਕਾਰਡਿੰਗ ਕਰਕੇ ਮੈਨੂੰ ਭੇਜ ਦੇਣਾ। ਭ੍ਰਿਸ਼ਟਾਚਾਰੀਆਂ ਦੇ ਖ਼ਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਗਾਰੰਟੀ ਦਿੰਦਿਆਂ ਕਿਹਾ ਕਿ ਮੇਰਾ ਦਫ਼ਤਰ ਇਸਦੀ ਪੜਤਾਲ ਕਰੇਗਾ ਅਤੇ ਦੋਸ਼ੀ ਪਾਏ ਜਾਣ ‘ਤੇ ਕੋਈ ਵੀ ਭ੍ਰਿਸ਼ਟਾਚਾਰੀ ਬਖਸ਼ਿਆ ਨਹੀਂ ਜਾਵੇਗਾ।