‘ਦ ਖ਼ਾਲਸ ਬਿਊਰੋ : ਬੱਚਿਆਂ ਨੂੰ ਪੜਾਈਆਂ ਜਾਣ ਵਾਲੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਗੁਰੂਆਂ ਤੇ ਸ਼ਹੀਦਾਂ ਬਾਰੇ ਗਲਤ ਇਤਿਹਾਸ ਛਾਪਣ ਦੇ ਖਿਲਾਫ਼ ਛੇੜੇ ਗਏ ਸੰਘਰਸ਼ ਨੂੰ ਆਖਰਕਾਰ ਜਿੱਤ ਹਾਸਲ ਹੋਈ ਹੈ ਤੇ ਮੋਰਚਾ ਫ਼ਤਿਹ ਹੋ ਗਿਆ ਹੈ । ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਧਰਨਾਕਾਰੀ ਕਿਸਾਨਾਂ ਤੇ ਆਮ ਲੋਕਾਂ ਨੂੰ ਇਹ ਵਿਸ਼ਵਾਸ ਦੁਆਇਆ ਹੈ ਕਿ ਕਸੂਰਵਾਰ ਲੋਕਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।ਇੱਕ ਐਫ਼ਆਈਆਰ ਇਸ ਮਾਮਲੇ ਵਿੱਚ ਪਹਿਲਾਂ ਹੀ ਚੁੱਕੀ ਹੈ ਤੇ ਬਾਕੀਆਂ ਦੇ ਖਿਲਾਫ਼ ਵੀ ਜਲਦੀ ਹੀ ਕਾਰਵਾਈ ਹੋਵੇਗੀ ਤੇ ਇਸ ਸੰਬੰਧੀ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ,ਚਾਹੇ ਉਹ ਲੇਖਕ ਹੋਵੇ,ਪਬਲਿਸ਼ਰ ਹੋਵੇ ਜਾ ਕੋਈ ਵੀ ਹੋਵੇ,ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਅੱਗੇ ਪਿਛਲੀ ਸੱਤ ਫ਼ਰਵਰੀ ਤੋਂ ਧਰਨਾ ਚੱਲ ਰਿਹਾ ਸੀ।ਇਸ ਧਰਨੇ ਨੂੰ ਸ਼ੁਰੂ ਕਰਨ ਵਾਲੇ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਗੱਲਬਾਤ ਦੌਰਾਨ ਦਸਿਆ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਧਰਨੇ ਵਾਲੀ ਥਾਂ ਤੇ ਆ ਕੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਨ ਦਾ ਵਿਸ਼ਵਾਸ ਦੁਆਇਆ ਹੈ ਤੋ ਉਹਨਾਂ ਦੇ ਐਲਾਨ ਦੇ ਮਗਰੋਂ ਹੀ ਇਹ ਧਰਨਾ ਸਿਰਫ਼ ਤਿੰਨ ਮਹੀਨਿਆਂ ਦੇ ਲਈ ਮੁਲਤਵੀ ਕੀਤਾ ਗਿਆ ਹੈ,ਖਤਮ ਨਹੀਂ ਹੋਇਆ ਹੈ।
ਇਹ ਧਰਨਾ 7 ਫ਼ਰਵਰੀ ਨੂੰ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਸ਼ੁਰੂ ਕੀਤਾ ਸੀ ਤੇ ਸਾਰਿਆਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਸੀ ਕਿ ਪੰਜਾਬ ਦੇ ਇਸ ਮਾਣਮਤੇ ਇਤਿਹਾਸ ਨਾਲ ਛੇੜਛਾੜ ਹੋਈ ਹੈ ਤੇ ਬੱਚਿਆਂ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਗੁਰੂਆਂ ਤੇ ਸ਼ਹੀਦਾਂ ਬਾਰੇ ਬਹੁਤ ਗਲਤ ਪੜਾਇਆ ਜਾ ਰਿਹਾ ਹੈ,ਸੋ ਦਿੱਲੀ ਅੰਦੋਲਨ ਦੀ ਤਰਜ਼ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਸਾਹਮਣੇ ਵੀ ਪੱਕਾ ਧਰਨਾ ਲੱਗ ਗਿਆ।
ਸਮਾਂ ਬੀਤਣ ਨਾਲ ਨਵੀਂ ਸਰਕਾਰ ਆਈ ਤੇ ਸਰਕਾਰ ਨਾਲ ਕਈ ਗੱਲਾਂ-ਬਾਤਾਂ ਹੋਈਆਂ ਤੇ ਇਸ ਮਾਮਲੇ ਦੇ ਵਿੱਚ ਇੱਕ ਐਫ਼ਆਈਆਰ ਵੀ ਦਰਜ ਹੋਈ ਪਰ ਧਰਨਾਕਾਰੀਆਂ ਨੇ ਸਾਰੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਣ ਤੱਕ ਉੱਠਣ ਤੋਂ ਮਨਾ ਕਰ ਦਿੱਤਾ ।ਕਈ ਇੱਕਠ ਹੋਏ,ਕਈ ਰਾਜਸੀ ਲੋਕ ਇਥੇ ਆਏ ਤੇ ਇਸ ਮੋਰਚੇ ਨੂੰ ਕਈ ਪਾਸਿਆਂ ਤੋਂ ਸਹਿਯੋਗ ਵੀ ਮਿਲਿਆ ਤੇ ਅਖੀਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਧਰਨੇ ਵਾਲੀ ਥਾਂ ਤੇ ਆ ਕੇ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਸਾਰੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਤਾਂ ਜਥੇਦਾਰ ਬਵਦੇਵ ਸਿੰਘ ਸਿਰਸਾ ਨੇ ਇਹ ਧਰਨਾ ਖਤਮ ਕਰਨ ਦੀ ਬਜਾਇ ਇਸ ਨੂੰ ਤਿੰਨ ਮਹੀਨਿਆਂ ਲਈ ਮੁਲਤਵੀ ਕਰ ਦਿੱਤਾ।