The Khalas Tv Blog Punjab ‘ਬਦਲਾਅ ਦੀ ਸਰਕਾਰ ਨੇ ਰੁਜ਼ਗਾਰ ਮੰਗਣ ‘ਤੇ ਡੰਡਾ ਪਰੇਡ ਦਿਖਾ ਦਿੱਤੀ’
Punjab

‘ਬਦਲਾਅ ਦੀ ਸਰਕਾਰ ਨੇ ਰੁਜ਼ਗਾਰ ਮੰਗਣ ‘ਤੇ ਡੰਡਾ ਪਰੇਡ ਦਿਖਾ ਦਿੱਤੀ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੀ ਬਰਨਾਲਾ ਸਥਿਤ ਕੋਠੀ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪੈਨਲ ਮੀਟਿੰਗ ਦੇਣ ਦੀ ਬਜਾਇ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਉੱਤੇ ਸ਼ਰ੍ਹੇਆਮ ਲਾਠੀਚਾਰਜ ਕੀਤਾ ਗਿਆ, ਗਾਲ੍ਹਾਂ ਕੱਢੀਆਂ ਗਈਆਂ, ਗ੍ਰਿਫ਼ਤਾਰ ਕਰਕੇ ਅਲੱਗ ਅਲੱਗ ਥਾਣਿਆਂ ਵਿਚ ਲਿਜਾਇਆ ਗਿਆ। ਲਾਠੀਚਾਰਜ ਵਿੱਚ ਕਈ ਨੌਜਵਾਨ ਜ਼ਖ਼ਮੀ ਹੋਏ। ਮਹਿਲਾ ਅਧਿਆਪਕਾਂ ਨੂੰ ਵੀ ਮਰਦ ਪੁਲਿਸ ਵਾਲਿਆਂ ਨੇ ਬੁਰੀ ਤਰ੍ਹਾਂ ਕੁੱਟਿਆ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ 25 ਤੋਂ 30 ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਵੱਖ ਵੱਖ ਪਾਸੇ ਘੁੰਮਾਇਆ।

ਇੱਕ ਪ੍ਰਦਰਸ਼ਨਕਾਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਕਾਬਲੀਅਤ ਦੇ ਦਮ ਉੱਤੇ ਪ੍ਰਧਾਨ ਮੰਤਰੀ ਨਾਲ ਗਣਤੰਤਰ ਦਿਵਸ ਪਰੇਡ ਦੇਖੀ ਸੀ ਤੇ ਅੱਜ ਬਦਲਾਅ ਦੀ ਸਰਕਾਰ ਨੇ ਰੁਜ਼ਗਾਰ ਮੰਗਣ ‘ਤੇ ਡੰਡਾ ਪਰੇਡ ਦਿਖਾ ਦਿੱਤੀ। ਜਸਪ੍ਰੀਤ ਗਰੀਬ ਕਿਸਾਨ ਦਾ ਪੁੱਤ ਹੈ। ਦਿਹਾੜੀਆਂ ਕਰਕੇ ਐੱਮ.ਏ. ਇੰਗਲਿਸ਼ ਵਿੱਚ ਯੂਨੀਵਰਸਿਟੀ ਚੋਂ ਗੋਲ਼ਡ ਮੈਡਲਿਸਟ ਹੈ ਅਤੇ ਪੀਐੱਚਡੀ ਹੋਲਡਰ ਹੈ। ਵਿੱਦਿਅਕ ਪ੍ਰਾਪਤੀਆਂ ਕਰਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਗਣਤੰਤਰ ਦਿਵਸ ਪਰੇਡ ਦੇਖਣ ਦਾ ਮਾਣ ਪ੍ਰਾਪਤ ਹੈ। ਅੱਜ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ 1158 ਅਸਿਸਟੈਂਟ ਪ੍ਰੋਫੈਸਰ ਸਾਥੀਆਂ ਨਾਲ ਰੁਜ਼ਗਾਰ ਮੰਗਣ ਦੇ ਦੋਸ਼ ਵਿੱਚ ਪੁਲਿਸ ਨੇ ਲਾਠੀਚਾਰਜ ਕਰਕੇ ਸਾਥੀਆਂ ਸਮੇਤ ਹਿਰਾਸਤ ਵਿੱਚ ਲੈ ਲਿਆ।

ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਨੇ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬਰੇਰੀਅਨ ਫਰੰਟ ਦੇ ਹੱਕੀ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਸਾਰੇ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੰਘਰਸ਼ੀ ਉਮੀਦਵਾਰਾਂ ਨੂੰ ਛੁਡਵਾਉਣ ਲਈ ਬਰਨਾਲਾ ਪਹੁੰਚਣ ਦੀ ਅਪੀਲ ਕੀਤੀ ਹੈ।

Exit mobile version