The Khalas Tv Blog Punjab ਜਗਰਾਉਂ ‘ਚ ਪੁਲਿਸ ਨੂੰ ਮਿਲੀ ਇਹ ਕਾਮਯਾਬੀ…
Punjab

ਜਗਰਾਉਂ ‘ਚ ਪੁਲਿਸ ਨੂੰ ਮਿਲੀ ਇਹ ਕਾਮਯਾਬੀ…

The police got a big success in Jagraon

ਜਗਰਾਉਂ 'ਚ ਪੁਲਿਸ ਨੂੰ ਮਿਲੀ ਇਹ ਕਾਮਯਾਬੀ...

‘ਦ ਖ਼ਾਲਸ ਬਿਊਰੋ : ਜਗਰਾਓਂ ‘ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਫਾਇਰਿੰਗ ਹੋਈ ਜਿਸ ਦੌਰਾਨ ਇੱਕ ਗੈਂਗਸਟਰ ਦੀ ਲੱਤ ਉੱਤੇ ਗੋਲੀ ਲੱਗੀ, ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹਾਲਾਂਕਿ ਦੂਜਾ ਗੈਂਗਸਟਰ ਫ਼ਰਾਰ ਹੋਣ ‘ਚ ਕਾਮਯਾਬ ਹੋ ਗਿਆ ਹੈ। ਜ਼ਖ਼ਮੀ ਗੈਂਗਸਟਰ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਦਰਅਸਲ, ਪਿਛਲੇ ਕਈ ਦਿਨਾਂ ਤੋਂ ਨਹਿਰੂ ਮਾਰਕੀਟ ਦੇ ਇੱਕ ਥੋਕ ਕਰਿਆਨਾ ਵਪਾਰੀ ਤੋਂ ਗੈਂਗਸਟਰਾਂ ਵੱਲੋਂ ਧਮਕੀ ਦੇ ਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ। ਗੈਂਗਸਟਰਾਂ ਦਾ ਉਸ ਵਪਾਰੀ ਦੇ ਨਾਲ ਡੇਢ ਲੱਖ ਰੁਪਏ ਵਿੱਚ ਨਿਬੇੜਾ ਹੋ ਗਿਆ ਸੀ ਅਤੇ ਗੈਂਗਸਟਰਾਂ ਨੇ ਵਪਾਰੀ ਨੂੰ ਪੈਸੇ ਲੈ ਕੇ ਵਾਰਦਾਤ ਵਾਲੀ ਥਾਂ ਸੱਦ ਲਿਆ, ਜਿਸ ਬਾਰੇ ਵਪਾਰੀ ਨੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਹਰਜੀਤ ਸਿੰਘ ਦੇ ਨਾਲ ਸੰਪਰਕ ਕੀਤਾ। ਉਸ ਨੇ ਐਸਐਸਪੀ ਨੂੰ ਆਪਣੀ ਸਾਰੀ ਕਹਾਣੀ ਦੱਸੀ ਤਾਂ ਐਸਐਸਪੀ ਵੱਲੋਂ ਉਸ ਦੀ ਸੁਰੱਖਿਆ ਦੇ ਲਈ ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ਵੀ ਲਗਾ ਦਿੱਤੀ ਗਈ।

ਤਾਜ਼ਾ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਗੈਂਗਸਟਰਾਂ ਨੇ ਗਣਤੰਤਰ ਦਿਵਸ ਦੀ ਆੜ ਵਿੱਚ ਜਦੋਂ ਪੁਲਿਸ ਗਣਤੰਤਰ ਦਿਵਸ ਮਨਾਉਣ ਦੇ ਰੁਝੇਵਿਆਂ ਵਿੱਚ ਰੁਝੀ ਹੋਈ ਸੀ ਤਾਂ ਵਪਾਰੀ ਤੋਂ ਫਿਰੌਤੀ ਲੈਣ ਦੇ ਲਈ ਗੁਰੂਸਰ ਤੋਂ ਚੂਹੜਚੱਕ ਵਾਲੀ ਸੜਕ ਉੱਤੇ ਸੱਦ ਲਿਆ ਸੀ।

ਇਸ ਦੇ ਬਾਰੇ ਵਪਾਰੀ ਨੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਕੇ ਗੁਰੂਸਰ ਤੋਂ ਚੂਹੜਚੱਕ ਵਾਲੀ ਸੜਕ ਉੱਤੇ ਘੇਰਾਬੰਦੀ ਕਰ ਕੇ ਗੈਂਗਸਟਰਾਂ ਨੂੰ ਘੇਰ ਲਿਆ। ਪੁਲਿਸ ਵੱਲੋਂ ਖੁਦ ਨੂੰ ਘਿਰਿਆ ਦੇਖ ਕੇ ਗੈਂਗਸਟਰਾਂ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵੱਲੋਂ ਚਲਾਈ ਗਈ ਇੱਕ ਗੋਲੀ ਗੈਂਗਸਟਰ ਜਗਤਾਰ ਸਿੰਘ ਜੋ ਕਿ ਫਿਰੋਜਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ, ਦੀ ਲੱਤ ‘ਤੇ ਗੋਲੀ ਲੱਗ ਗਈ। ਇਸ ਦੌਰਾਨ ਆਪਣੇ ਸਾਥੀ ਨੂੰ ਜਖਮੀ ਹੁੰਦਾ ਦੇਖ ਕੇ ਦੂਜਾ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਿਆ।

ਐਸਐਸਪੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖਮੀ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਐਸਐਸਪੀ ਹਰਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਦੂਸਰਾ ਗੈਂਗਸਟਰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

Exit mobile version