The Khalas Tv Blog Punjab ਪੰਜਾਬ ਦੇ ਨਵੇਂ CM ਦੇ ਪਿਛਲੇ ਕਾਰਨਾਮੇ, ਇੱਕ ਝਾਤ…
Punjab

ਪੰਜਾਬ ਦੇ ਨਵੇਂ CM ਦੇ ਪਿਛਲੇ ਕਾਰਨਾਮੇ, ਇੱਕ ਝਾਤ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦਾ 27ਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣਿਆ ਗਿਆ ਹੈ। ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਦੇ ਇੱਕ ਦਲਿਤ ਆਗੂ ਹਨ। ਉਹ ਪੰਜਾਬ ਸਰਕਾਰ ਵਿੱਚ ਫਿਲਹਾਲ ਰੁਜ਼ਗਾਰ ਮੰਤਰੀ ਸਨ। ਉਹ ਵਿਧਾਨ ਸਭ ਵਿੱਚ ਸੀਐਲਪੀ ਲੀਡਰ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਹਨ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਵਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਵਿੱਚ ਚੰਨੀ ਵੀ ਸਨ। ਚਰਨਜੀਤ ਸਿੰਘ ਚੰਨੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਹੁੰਦੇ ਸਨ ਪਰ ਫਿਰ ਵਿਰੋਧੀ ਬਣ ਗਏ। ਉਹ ਅਮਰਿੰਦਰ ਸਰਕਾਰ ਵਿੱਚ ਤਕਨੀਕੀ ਸਿੱਖਿਆ ਅਤੇ ਸੈਰ ਸਪਾਟਾ ਮੰਤਰੀ ਸਨ।

ਚਰਨਜੀਤ ਚੰਨੀ ਦੇ ਪਿਛੋਕੜ ਵੱਲ ਜੇ ਝਾਤ ਮਾਰੀਏ ਤਾਂ ਚਰਨਜੀਤ ਚੰਨੀ ਨੇ ਕੌਂਸਲਰ ਦੇ ਅਹੁਦੇ ਤੋਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਉਹ ਤਿੰਨ ਵਾਰ ਕੌਂਸਲਰ ਰਹੇ। ਉਹ ਨਗਰ ਕੌਂਸਲ ਖਰੜ ਦੇ ਮੁਖੀ ਸਨ। 2007 ਵਿੱਚ ਚੰਨੀ ਆਜ਼ਾਦ ਚਮਕੌਰ ਸਾਹਿਬ ਜਿੱਤ ਗਏ ਅਤੇ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ। ਬਾਅਦ ਵਿੱਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ 2012-2017 ਵਿੱਚ ਉਹ ਕਾਂਗਰਸ ਦੀ ਟਿਕਟ ‘ਤੇ ਚਮਕੌਰ ਸਾਹਿਬ ਤੋਂ ਚੋਣ ਜਿੱਤ ਗਏ। 2015 ਵਿੱਚ ਕਾਂਗਰਸ ਨੇ ਸੁਨੀਲ ਜਾਖੜ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਚਰਨਜੀਤ ਸਿੰਘ ਚੰਨੀ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ।

ਚੰਨੀ ਨੂੰ ਪਹਿਲੀ ਵਾਰ 2017 ਵਿੱਚ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਵੇਲੇ ਚੰਨੀ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਕਰਮਚਾਰੀ ਪੈਦਾਵਾਰ, ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ ਵਿਭਾਗ ਸੰਭਾਲ ਰਹੇ ਸਨ। ਚਰਨਜੀਤ ਚੰਨੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਨਵਜੋਤ ਸਿੰਘ ਸਿੱਧੂ ਮਗਰੋਂ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਹੋਣ ਵਾਲੇ ਦੂਜੇ ਮੰਤਰੀ ਚਰਨਜੀਤ ਚੰਨੀ ਹੀ ਸਨ। ਪਹਿਲਾਂ ਚੰਨੀ ਕੈਪਟਨ ਦੇ ਬਹੁਤ ਨਜ਼ਦੀਕੀ ਰਹੇ ਹਨ। ਚੰਨੀ ਨੇ ਹੀ ਨਵਜੋਤ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਮੁਲਾਕਾਤ ਕਰਵਾਈ ਸੀ।

ਆਪਣੇ ਸਿਆਸੀ ਸਫ਼ਰ ਦੌਰਾਨ ਚੰਨੀ ਨਾਲ ਕੁਝ ਵਿਵਾਦ ਵੀ ਜੁੜੇ ਹਨ। ਚੰਨੀ ਵੱਲੋਂ ਇੱਕ ਔਰਤ IAS ਨੂੰ ਇਤਰਾਜ਼ਯੋਗ ਫੋਨ ਸੰਦੇਸ਼ ਭੇਜਣ ਦਾ ਮਾਮਲਾ ਵੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਚੁੱਕਿਆ ਸੀ, ਹਾਲਾਂਕਿ ਉਹ ਮਹਿਲਾ IAS ਖ਼ੁਦ ਅੱਗੇ ਨਹੀਂ ਆਈ।

Exit mobile version