‘ਦ ਖ਼ਾਲਸ ਬਿਊਰੋ :ਗੁਲਾਬੀ ਸੁੰਡੀ ਕਾਰਣ ਤਬਾਹ ਹੋਈ ਫ਼ਸਲ ਦੇ ਮੁਆਵਜੇ ਲਈ ਮਾਨਸਾ ਵਿੱਚ ਚੱਲ ਰਿਹਾ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਹਾਲੇ ਤੱਕ ਜਾਰੀ ਹੈ । ਜ਼ਿਲ੍ਹਾ ਕੰਪਲੈਕਸ ਦੇ ਬਾਹਰ ਧਰਨਾ ਲਾਈ ਬੈਠੇ ਕਿਸਾਨਾਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਵਸ ਵੀ ਉਥੇ ਹੀ ਮਨਾਇਆ ਗਿਆ।ਇਸ ਦੋਰਾਨ ਕਿਸਾਨਾਂ ਨੇ ਸਰਕਾਰਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ।
ਕਿਸਾਨਾਂ ਅਨੁਸਾਰ ਸਰਕਾਰਾਂ ਸ਼ਹੀਦਾਂ ਦੇ ਦਿਨ ਮਨਾਉਣ ਦੇ ਨਾਂ ਤੇ ਸਿਰਫ਼ ਡਰਾਮੇਬਾਜ਼ੀ ਕਰਦੀਆਂ ਹਨ ਜਦੋਂ ਕਿ ਹੱਕ ਮੰਗ ਰਹੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਦਿੱਤੇ ਜਾਂਦੇ ਜਿਸ ਦੇ ਚੱਲਦਿਆਂ ਅੱਜ ਕਿਸਾਨ ਮਜ਼ਦੂਰ ਸੜਕਾਂ ਤੇ ਧਰਨੇ ਦੇਣ ਦੇ ਲਈ ਮਜਬੂਰ ਹਨ ।
ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਮਾਨਸਾ ਦੇ ਜ਼ਿਲ੍ਹਾ ਕੰਪਲੈਕਸ ਬਾਹਰ ਨਰਮਾ ਖ਼ਰਾਬੇ ਦਾ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਪ੍ਰਦਰਸ਼ਨ ਚੱਲ ਰਹੇ ਹਨ ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਅੱਜ ਜਿਥੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਧਰਨੇ ਵਿੱਚ ਹੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਪਰ ਸਰਕਾਰਾਂ ਵੱਲੋਂ ਇਸ ਦਿਨ ਤੇ ਸਿਰਫ ਲੋਕ ਦਿਖਾਵਾ ਕੀਤਾ ਜਾਂਦਾ ਹੈ। ਉਹਨਾਂ ਸ਼ਹੀਦਾਂ ਦੇ ਨਾਂ ਤੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕਣਿਆਂ ਹੁੰਦੀਆਂ ਹਨ । ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਨੂੰ ਸਰਕਾਰਾਂ ਵੱਲੋਂ ਨਰਮਾ ਖਰਾਬੇ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ।