The Khalas Tv Blog International ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀਆਂ ਚੋਣਾਂ ‘ਚ ਐਨਡੀਪੀ ਪਾਰਟੀ ਨੇ ਮੁੜ ਜਿੱਤ ਕੀਤੀ ਹਾਸਲ
International

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀਆਂ ਚੋਣਾਂ ‘ਚ ਐਨਡੀਪੀ ਪਾਰਟੀ ਨੇ ਮੁੜ ਜਿੱਤ ਕੀਤੀ ਹਾਸਲ

‘ਦ ਖ਼ਾਲਸ ਬਿਊਰੋ :- ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ ਅੱਠ ਉਮੀਦਵਾਰਾਂ ਨੇ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ ਹਨ, ਜਿਨ੍ਹਾਂ ਦੇ ਨਤੀਜੇ ਅੱਜ 25 ਅਕਤੂਬਰ ਨੂੰ ਐਲਾਨੇ ਗਏ ਹਨ, ਬਹੁਤੇ ਪੰਜਾਬੀ ਸਰੀ ਖੇਤਰ ਤੋਂ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੀ ਟਿਕਟ ‘ਤੇ ਜਿੱਤੇ ਹਨ। ਰਾਜ ਚੌਹਾਨ, ਲਗਾਤਾਰ ਪੰਜਵੀਂ ਵਾਰ ਚੁਣੇ ਗਏ। ਉਹ ਬਰਨਬੀ ਐਡਮੰਡਜ਼ ਤੋਂ ਐੱਨਡੀਪੀ ਉਮੀਦਵਾਰ ਵਜੋਂ ਜੇਤੂ ਰਹੇ, ਉਨ੍ਹਾਂ ਨੇ ਲਿਬਰਲ ਪਾਰਟੀ ਦੀ ਤ੍ਰਿਪਤ ਅਟਵਾਲ ਨੂੰ ਹਰਾਇਆ। ਤ੍ਰਿਪਤ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਦੀ ਬੇਟੀ ਹੈ।

ਸਾਬਕਾ ਬਾਸਕਟਬਾਲ ਖਿਡਾਰੀ ਜਗਰੂਪ ਸਿੰਘ ਬਰਾੜ ਸਰੀ ਫਲੀਟਵੁੱਡ ਤੋਂ ਦੁਬਾਰਾ ਚੁਣੇ ਗਏ ਹਨ। ਉਨ੍ਹਾਂ ਨੇ ਲਿਬਰਲ ਪਾਰਟੀ ਦੇ ਗੈਰੀ ਥਿੰਦ ਨੂੰ ਹਰਾਇਆ। ਬਰਾੜ ਬਠਿੰਡਾ ਜ਼ਿਲ੍ਹੇ ਦੇ ਦਿਓਣ ਦੇ ਹਨ। ਇੱਕ ਹੋਰ ਪੰਜਾਬੀ ਰਵੀ ਕਾਹਲੋਂ ਡੈਲਟਾ ਨਾਰਥ ਤੋਂ ਐਨਡੀਪੀ ਦੇ ਉਮੀਦਵਾਰ ਵਜੋਂ ਦੁਬਾਰਾ ਚੁਣੇ ਗਏ ਹਨ।

ਪੰਜਾਬੀ ਲੇਖਕ ਡਾ. ਰਘਬੀਰ ਸਿੰਘ ਦੀ ਧੀ ਰਚਨਾ ਸਿੰਘ ਨੂੰ ਐੱਨਡੀਪੀ ਦੀ ਟਿਕਟ ’ਤੇ ਸਰੀ ਗ੍ਰੀਨ ਟਿੰਬਰਲੈਂਡ ਤੋਂ ਚੁਣਿਆ ਗਿਆ ਹੈ। ਉਨ੍ਹਾਂ ਲਿਬਰਲ ਪਾਰਟੀ ਦੇ ਦਿਲਰਾਜ ਅਟਵਾਲ ਨੂੰ ਹਰਾਇਆ। ਹੈਰੀ ਬੈਂਸ ਸਰੀ ਨਿਊਟੋਨ ਤੋਂ ਐੱਨਡੀਪੀ ਦੀ ਟਿਕਟ ’ਤੇ ਪੰਜਵੀਂ ਵਾਰ ਮੁੜ ਚੁਣੇ ਗਏ। ਉਨ੍ਹਾਂ ਲਿਬਰਲ ਪਾਰਟੀ ਦੇ ਪਾਲ ਬੋਪਾਰਾਏ ਨੂੰ ਹਰਾਇਆ। ਐੱਨਡੀਪੀ ਦੇ ਉਮੀਦਵਾਰ ਅਮਨ ਸਿੰਘ ਨੇ ਕੁਈਨਜ਼ਬਰੋ ਦੇ ਰਿਚਮੰਡ ਤੋਂ ਲਿਬਰਲ ਪਾਰਟੀ ਦੇ ਜੱਸ ਜੌਹਲ ਨੂੰ ਹਰਾਇਆ।

ਐੱਨਡੀਪੀ ਦੇ ਜਿੰਨੀ ਸਿੰਸ ਅਤੇ ਨਿੱਕੀ ਸ਼ਰਮਾ ਕ੍ਰਮਵਾਰ ਸਰੀ ਪੈਨੋਰੋਮਾ ਅਤੇ ਵੈਨਕੂਵਰ ਹੇਸਟਿੰਗਜ਼ ਤੋਂ ਜਿੱਤੇ। ਜਿੰਨੀ ਦੁਬਾਰਾ ਚੁਣੇ ਗਏ ਹਨ ਅਤੇ ਉਸਨੇ ਲਿਬਰਲ ਪਾਰਟੀ ਦੀ ਗੁਲਜ਼ਾਰ ਚੀਮਾ ਨੂੰ ਹਰਾਇਆ। ਬੀਸੀ ਵਿਧਾਨ ਸਭਾ ਦੀਆਂ 87 ਸੀਟਾਂ ਲਈ ਭਾਰਤੀ ਮੂਲ ਦੇ 22 ਉਮੀਦਵਾਰ ਚੋਣ ਮੈਦਾਨ ਵਿਚ ਸਨ। 2017 ਵਿੱਚ ਸੱਤ ਪੰਜਾਬੀਆਂ ਨੂੰ ਬੀਸੀ ਵਿਧਾਨ ਸਭਾ ਲਈ ਚੁਣਿਆ ਗਿਆ ਸੀ।

Exit mobile version