The Khalas Tv Blog Punjab ਵਿਆਹ ਬਹਾਨੇ ਸੱਦ ਕੇ ਪ੍ਰੇਮਿਕਾ ਦੀ ਹੱਤਿਆ , ਸਟੱਡ ਫਾਰਮ ‘ਚ ਦੱਬੀ ਲਾਸ਼, ਇੰਝ ਹੋਇਆ ਖੁਲਾਸਾ
Punjab

ਵਿਆਹ ਬਹਾਨੇ ਸੱਦ ਕੇ ਪ੍ਰੇਮਿਕਾ ਦੀ ਹੱਤਿਆ , ਸਟੱਡ ਫਾਰਮ ‘ਚ ਦੱਬੀ ਲਾਸ਼, ਇੰਝ ਹੋਇਆ ਖੁਲਾਸਾ

The murder of the girlfriend on the pretext of marriage the body buried in the stud farm this is how it was revealed

ਵਿਆਹ ਬਹਾਨੇ ਸੱਦ ਕੇ ਪ੍ਰੇਮਿਕਾ ਦੀ ਹੱਤਿਆ , ਸਟੱਡ ਫਾਰਮ 'ਚ ਦੱਬੀ ਲਾਸ਼, ਇੰਝ ਹੋਇਆ ਖੁਲਾਸਾ

ਜਗਰਾਓਂ ਦੇ ਪਿੰਡ ਰਸੂਲਪੁਰ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਆਹ ਬਹਾਨੇ ਸੱਦ ਕੇ ਇਕ ਲੜਕੇ ਵੱਲੋਂ ਆਪਣੀ ਪ੍ਰੇਮਿਕਾ ਦੀ ਹੱਤਿਆ ਕਰਕੇ ਲਾਸ਼ ਨੂੰ ਘੋੜਿਆਂ ਦੇ ਫਾਰਮ ਵਿੱਚ ਦੱਬ ਦਿੱਤਾ । ਪੁਲਿਸ ਨੇ ਲੜਕੀ ਦੀ ਲਾਸ਼ ਪਿੰਡ ਸੁਧਾਰ ਨੇੜੇ ਸਥਿਤ ਘੋੜਿਆਂ ਦੇ ਫਾਰਮ ’ਚੋਂ ਬਰਾਮਦ ਕਰ ਲਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਜਸਪਿੰਦਰ ਕੌਰ (24) ਵਾਸੀ ਰਸੂਲਪੁਰ ਵਜੋਂ ਹੋਈ ਹੈ, ਜੋ ਪਿਛਲੇ ਦੋ ਹਫ਼ਤਿਆਂ ਤੋਂ ਗ਼ਾਇਬ ਸੀ। ਪੁਲਿਸ ਨੂੰ ਜਸਪਿੰਦਰ ਦੀ ਲਾਸ਼ ਉਸ ਦੇ ਪ੍ਰੇਮੀ ਪਰਮਪ੍ਰੀਤ ਸਿੰਘ ਉਰਫ਼ ਪਰਮ ਵਾਸੀ ਪਿੰਡ ਸੁਧਾਰ ਦੀ ਨਿਸ਼ਾਨਦੇਹੀ ’ਤੇ ਉਸ ਦੇ ਘੋੜਿਆਂ ਦੇ ਫਾਰਮ ਤੋਂ ਮਿਲੀ ਹੈ। ਡਿਊਟੀ ਮੈਜਿਸਟਰੇਟ ਮਲੂਕ ਸਿੰਘ ਦੀ ਮੌਜੂਦਗੀ ਵਿਚ ਜੇਸੀਬੀ ਦੀ ਮਦਦ ਨਾਲ ਲਾਸ਼ ਨੂੰ ਟੋਏ ਵਿਚੋਂ ਕੱਢਿਆ ਗਿਆ। ਜਾਣਕਾਰੀ ਅਨੁਸਾਰ ਪਰਮਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਏਕਮਪ੍ਰੀਤ ਸਿੰਘ ਨੇ ਜਸਪਿੰਦਰ ਕੌਰ ਨੂੰ ਗਲ਼ਾ ਘੁੱਟ ਕੇ ਮਾਰਨ ਤੋਂ ਬਾਅਦ ਨਹਿਰ ਵਿਚ ਸੁੱਟ ਦਿੱਤਾ ਸੀ, ਪਰ ਬਾਅਦ ਵਿਚ ਉਸ ਨੂੰ ਫਾਰਮ ਹਾਊਸ ’ਤੇ ਲਿਆ ਕੇ ਸਾੜਨ ਦੀ ਕੋਸ਼ਿਸ਼ ਕੀਤੀ।

ਇਸ ਮਗਰੋਂ ਅੱਧ ਸੜੀ ਲਾਸ਼ ਨੂੰ ਡੂੰਘਾ ਟੋਆ ਪੁੱਟ ਕੇ ਅਤੇ ਲੂਣ ਪਾ ਕੇ ਦੱਬ ਦਿੱਤਾ। ਇਸ ਦੌਰਾਨ ਡੀਐੱਸਪੀ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪਹਿਲਾਂ ਦਰਜ ਕੇਸ ਵਿੱਚ ਹੁਣ ਧਾਰਾ 302 ਅਤੇ 201 ਦਾ ਵਾਧਾ ਕਰ ਦਿੱਤਾ ਹੈ। ਡੀਐੱਸਪੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਸ਼ੱਕ ਜ਼ਾਹਿਰ ਕਰਨ ਮਗਰੋਂ ਫ਼ੋਨ ਕਾਲਾਂ ਦੀ ਪੜਤਾਲ ਦੌਰਾਨ ਪੁਲੀਸ ਮੁੱਖ ਮੁਲਜ਼ਮ ਪਰਮਪ੍ਰੀਤ ਸਿੰਘ ਤੱਕ ਪਹੁੰਚੀ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ 24 ਨਵੰਬਰ ਨੂੰ ਮ੍ਰਿਤਕ ਜਸਪਿੰਦਰ ਕੌਰ ਪਰਮਪ੍ਰੀਤ ਸਿੰਘ ਅਤੇ ਏਕਮਪ੍ਰੀਤ ਨੂੰ ਅਖਾੜੇ ਦੇ ਪੁਲ ‘ਤੇ ਮਿਲੀ ਸੀ। ਉਹ ਆਪਣੇ ਦੂਰ ਦੇ ਰਿਸ਼ਤੇਦਾਰ ਅਤੇ ਪ੍ਰੇਮੀ ਪਰਮਪ੍ਰੀਤ ਸਿੰਘ ਨੂੰ ਵਿਆਹ ਕਰਾਉਣ ਲਈ ਜ਼ੋਰ ਪਾਉਂਦੀ ਸੀ, ਪਰ ਉਹ ਟਾਲਾ ਵਟਦਾ ਰਿਹਾ।

ਉਸ ਨੂੰ ਕਾਰ ਵਿਚ ਬਿਠਾ ਕੇ ਦਦਾਹੂਰ ਵੱਲ ਲੈ ਗਏ, ਜਿੱਥੇ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਨਾਕੇ ਤੋਂ ਬਚਦੇ ਹੋਏ ਉਨ੍ਹਾਂ ਨੇ ਲਾਸ਼ ਨੂੰ ਨਾਰੰਗਵਾਲ ਪੁਲ ਲਾਗੇ ਅਬੋਹਰ ਬਰਾਂਚ ਨਹਿਰ ਵਿਚ ਸੁੱਟ ਦਿੱਤਾ। ਪਾਣੀ ਘੱਟ ਹੋਣ ਕਾਰਨ ਅਗਲੀ ਰਾਤ ਲਾਸ਼ ਨੂੰ ਨਹਿਰ ਵਿਚੋਂ ਕੱਢ ਕੇ ਫਾਰਮ ’ਤੇ ਲਿਆਂਦਾ ਗਿਆ ਅਤੇ ਸਾੜਨ ਦੀ ਕੋਸ਼ਿਸ਼ ਕੀਤੀ ਪਰ ਅੱਧ ਸੜੀ ਲਾਸ਼ ਨੂੰ ਇੱਕ ਵੱਡਾ ਟੋਆ ਪੁੱਟ ਕੇ ਦੱਬ ਦਿੱਤਾ। ਡੀਐੱਸਪੀ ਢੀਂਡਸਾ ਅਨੁਸਾਰ ਮੁੱਖ ਮੁਲਜ਼ਮ ਦੇ ਭਰਾ ਭਵਨਪ੍ਰੀਤ ਸਿੰਘ ਉਰਫ਼ ਭਵਨਾ ਅਤੇ ਹਰਪ੍ਰੀਤ ਸਿੰਘ ਵਾਸੀ ਮਨਸੂਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ।

 

Exit mobile version