The Khalas Tv Blog India ਬਜ਼ਾਰ ਲਗਾਤਾਰ ਡਿੱਗ ਰਿਹਾ ਹੈ, ਮੁਚੂਅਲ ਫੰਡ ‘ਚ ਲਾਇਆ ਪੈਸਾ ਕਢਵਾ ਲਈਏ ਜਾਂ ਨਹੀਂ ?
India International Khaas Lekh Khalas Tv Special

ਬਜ਼ਾਰ ਲਗਾਤਾਰ ਡਿੱਗ ਰਿਹਾ ਹੈ, ਮੁਚੂਅਲ ਫੰਡ ‘ਚ ਲਾਇਆ ਪੈਸਾ ਕਢਵਾ ਲਈਏ ਜਾਂ ਨਹੀਂ ?

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਸਾਲ 2026 ਕਾਫੀ ਉਤਾਰ-ਚੜ੍ਹਾਵਾਂ ਵਾਲਾ ਰਿਹਾ ਹੈ। ਨਿਪਪੌਨ ਇੰਡੀਆ ਮਿਊਚੁਅਲ ਫੰਡ ਦੇ ਅਨੁਸਾਰ 23 ਅਕਤੂਬਰ 2026 ਤੱਕ ਸੈਂਸੈਕਸ ਵਿੱਚ 14.19 ਫੀਸਦੀ ਅਤੇ ਨਿਫਟੀ 50 ਵਿੱਚ 13.51 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਇਸ ਹਾਲਤ ਵਿੱਚ ਜਿਨ੍ਹਾਂ ਨਿਵੇਸ਼ਕਾਂ ਨੇ ਸਿੱਧੇ ਸ਼ੇਅਰਾਂ ਦੀ ਥਾਂ ਮਿਊਚੁਅਲ ਫੰਡਾਂ ਰਾਹੀਂ ਨਿਵੇਸ਼ ਕੀਤਾ ਹੈ, ਉਨ੍ਹਾਂ ਦੇ ਮਨ ਵਿੱਚ ਕਈ ਸਵਾਲ ਘੁੰਮ ਰਹੇ ਹਨ। ਕੀ ਬਾਜ਼ਾਰ ਡਿੱਗਣ ਕਾਰਨ ਘਾਟੇ ਦੇ ਡਰ ਤੋਂ ਪੈਸਾ ਕੱਢ ਲਿਆ ਜਾਵੇ? ਕੀ ਪੋਰਟਫੋਲੀਓ ਵਿੱਚ ਬਦਲਾਅ ਕੀਤਾ ਜਾਵੇ? ਕੀ ਘੱਟ ਨਾਵ ਵਾਲੇ ਮੌਕੇ ਦਾ ਫਾਇਦਾ ਚੁੱਕ ਕੇ ਹੋਰ ਨਿਵੇਸ਼ ਕੀਤਾ ਜਾਵੇ? ਜਾਂ ਫਿਰ ਨਾ ਘਾਟਾ ਸਹਿਣ ਯੋਗ ਹੋਣ ਤੇ ਨਾ ਹੀ ਬਾਜ਼ਾਰ ਵਿੱਚ ਬਣੇ ਰਹਿਣਾ ਚਾਹੁੰਦੇ ਹੋ? ਇਨ੍ਹਾਂ ਸਵਾਲਾਂ ਦਾ ਜਵਾਬ ਮੁੱਖ ਤੌਰ ਤੇ ਤੁਹਾਡੀ ਪੈਸੇ ਦੀ ਜ਼ਰੂਰਤ, ਨਿਵੇਸ਼ ਦੀ ਮਿਆਦ, ਉਮਰ ਅਤੇ ਜੋਖਮ ਸਹਿਣ ਦੀ ਸਮਰੱਥਾ ਤੇ ਨਿਰਭਰ ਕਰਦਾ ਹੈ।

2019 ਤੋਂ ਬਾਅਦ ਭਾਰਤ ਵਿੱਚ ਮਿਊਚੁਅਲ ਫੰਡਾਂ ਵਿੱਚ ਨਿਵੇਸ਼ਕਾਂ ਦਾ ਹੜ੍ਹ ਆਇਆ

2019 ਤੋਂ ਬਾਅਦ ਭਾਰਤ ਵਿੱਚ ਮਿਊਚੁਅਲ ਫੰਡਾਂ ਵਿੱਚ ਨਿਵੇਸ਼ਕਾਂ ਦਾ ਹੜ੍ਹ ਆਇਆ। ਜਿਨ੍ਹਾਂ ਲੋਕਾਂ ਨੂੰ ਸ਼ੇਅਰਾਂ ਬਾਰੇ ਘੱਟ ਗਿਆਨ ਸੀ ਉਨ੍ਹਾਂ ਨੇ ਮਿਊਚੁਅਲ ਫੰਡਾਂ ਰਾਹੀਂ ਨਿਵੇਸ਼ ਕੀਤਾ ਅਤੇ ਲੰਬੇ ਸਮੇਂ ਵਿੱਚ ਫਾਇਦਾ ਵੀ ਕਮਾਇਆ। ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ (ਏਐੱਮਐੱਫਆਈ) ਦੇ ਅੰਕੜਿਆਂ ਅਨੁਸਾਰ 30 ਸਤੰਬਰ 2025 ਨੂੰ ਸਿਸਟਮੈਟਿਕ ਇਨਵੈਸਟਮੈਂਟ ਪਲਾਨ (ਐਸਆਈਪੀ) ਰਾਹੀਂ ਨਿਵੇਸ਼ ਦੀ ਰਕਮ 15.52 ਲੱਖ ਕਰੋੜ ਰੁਪਏ ਸੀ ਜੋ 30 ਸਤੰਬਰ 2026 ਤੱਕ ਵਧ ਕੇ 17.86 ਲੱਖ ਕਰੋੜ ਰੁਪਏ ਹੋ ਗਈ। ਇੱਕ ਸਾਲ ਵਿੱਚ ਲਗਭਗ 2.34 ਲੱਖ ਕਰੋੜ ਰੁਪਏ ਜਾਂ ਲਗਭਗ 15 ਫੀਸਦੀ ਦਾ ਵਾਧਾ ਹੋਇਆ। ਸਤੰਬਰ 2026 ਵਿੱਚ ਐਸਆਈਪੀ ਰਾਹੀਂ ਨਿਵੇਸ਼ ਦੀ ਰਕਮ ਰਿਕਾਰਡ 32,490 ਕਰੋੜ ਰੁਪਏ ਤੱਕ ਪਹੁੰਚ ਗਈ। ਇਸ ਤੋਂ ਪਤਾ ਲੱਗਦਾ ਹੈ ਕਿ ਬਾਜ਼ਾਰ ਦੀ ਖਰਾਬ ਹਾਲਤ ਵਿੱਚ ਵੀ ਨਿਵੇਸ਼ਕਾਂ ਦਾ ਐਸਆਈਪੀ ਤੇ ਭਰੋਸਾ ਕਾਇਮ ਹੈ। ਪਰ ਸਤੰਬਰ 2026 ਵਿੱਚ ਐਸਆਈਪੀ ਬੰਦ ਹੋਣ ਦਾ ਅਨੁਪਾਤ 78.53 ਫੀਸਦੀ ਰਿਹਾ ਜੋ ਚਿੰਤਾ ਦਾ ਵਿਸ਼ਾ ਵੀ ਹੈ। ਇਸ ਦਾ ਅਰਥ ਹੈ ਕਿ ਕੁਝ ਨਿਵੇਸ਼ਕ ਐਸਆਈਪੀ ਬੰਦ ਕਰ ਰਹੇ ਹਨ ਜਾਂ ਉਨ੍ਹਾਂ ਦੀ ਨਿਵੇਸ਼ ਮਿਆਦ ਪੂਰੀ ਹੋ ਰਹੀ ਹੈ।

ਜਿਨ੍ਹਾਂ ਨਿਵੇਸ਼ਕਾਂ ਨੇ ਪੰਜ ਸਾਲ ਪਹਿਲਾਂ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕੀਤਾ ਸੀ ਉਹ ਅੱਜ ਵੀ ਫਾਇਦੇ ਵਿੱਚ ਹਨ ਭਾਵੇਂ ਬਾਜ਼ਾਰ ਡਿੱਗ ਰਿਹਾ ਹੋਵੇ। ਪਰ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਨਿਵੇਸ਼ ਕੀਤਾ ਉਨ੍ਹਾਂ ਦਾ ਨਿਵੇਸ਼ ਘਾਟੇ ਵਿੱਚ ਹੋ ਸਕਦਾ ਹੈ। ਇਸ ਤੋਂ ਸਾਫ ਹੈ ਕਿ ਨਿਵੇਸ਼ ਦੀ ਟਾਈਮਿੰਗ ਬਹੁਤ ਮਹੱਤਵਪੂਰਨ ਹੁੰਦੀ ਹੈ। ਫਿਰ ਵੀ ਲੰਬੇ ਸਮੇਂ ਦਾ ਨਿਵੇਸ਼ ਅਤੇ ਐਸਆਈਪੀ ਦਾ ਲਾਭ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਬਾਜ਼ਾਰ ਦੇ ਛੋਟੇ-ਮੋਟੇ ਉਤਾਰ-ਚੜ੍ਹਾਵਾਂ ਤੋਂ ਘਬਰਾਉਣ ਦੀ ਲੋੜ ਨਹੀਂ।

ਘਬਰਾਹਟ ਵਿੱਚ ਫੰਡ ਨਾ ਵੇਚੋ

ਇਸ ਸਮੇਂ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਘਬਰਾਹਟ ਵਿੱਚ ਫੰਡ ਨਾ ਵੇਚੋ। ਜੇ ਤੁਹਾਡਾ ਨਿਵੇਸ਼ ਪੰਜ ਤੋਂ ਦਸ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਹੈ, ਫੰਡ ਠੀਕ ਹੈ ਅਤੇ ਤੁਹਾਨੂੰ ਤੁਰੰਤ ਪੈਸੇ ਦੀ ਲੋੜ ਨਹੀਂ ਤਾਂ ਸਿਰਫ ਬਾਜ਼ਾਰ ਡਿੱਗਣ ਕਾਰਨ ਵੇਚਣਾ ਘਾਟੇ ਨੂੰ ਪੱਕਾ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ ਐਸਆਈਪੀ ਜਾਰੀ ਰੱਖਣ ਬਾਰੇ ਵਿਚਾਰ ਕਰੋ। ਜੇ ਤੁਹਾਡੀ ਆਮਦਨ ਸਥਿਰ ਹੈ ਅਤੇ ਐਮਰਜੈਂਸੀ ਲਈ ਪੈਸਾ ਵੱਖਰਾ ਹੈ ਤਾਂ ਲੰਬੇ ਸਮੇਂ ਵਾਲੀ ਐਸਆਈਪੀ ਜਾਰੀ ਰੱਖਣਾ ਲਾਭਦਾਇਕ ਹੋ ਸਕਦਾ ਹੈ। ਘੱਟ ਨਾਵ ਤੇ ਉਹੀ ਰਕਮ ਹੋਰ ਯੂਨਿਟ ਖਰੀਦ ਸਕਦੀ ਹੈ ਭਾਵੇਂ ਮੁਨਾਫੇ ਦੀ ਗਾਰੰਟੀ ਨਹੀਂ ਹੁੰਦੀ। ਐਮਰਜੈਂਸੀ ਫੰਡ ਵੀ ਸੁਰੱਖਿਅਤ ਰੱਖੋ। ਆਮ ਤੌਰ ਤੇ ਛੇ ਤੋਂ ਬਾਰਾਂ ਮਹੀਨਿਆਂ ਦੇ ਜ਼ਰੂਰੀ ਖਰਚਿਆਂ ਦੇ ਬਰਾਬਰ ਰਕਮ ਬਚਤ ਖਾਤੇ ਜਾਂ ਘੱਟ ਜੋਖਮ ਵਾਲੇ ਸਾਧਨਾਂ ਵਿੱਚ ਰੱਖੋ। ਜੇ ਇਹ ਰਕਮ ਨਹੀਂ ਹੈ ਤਾਂ ਹੋਰ ਇਕੁਇਟੀ ਖਰੀਦਣ ਤੋਂ ਪਹਿਲਾਂ ਇਸ ਨੂੰ ਬਣਾਓ।

ਆਪਣੇ ਫੰਡਾਂ ਦੀ ਕਿਸਮ ਵੀ ਜਾਂਚੋ। ਸਮਾਲ-ਕੈਪ ਅਤੇ ਮਿਡ-ਕੈਪ ਫੰਡਾਂ ਵਿੱਚ ਉਤਾਰ-ਚੜ੍ਹਾਅ ਵੱਧ ਹੁੰਦਾ ਹੈ। ਜੇ ਤੁਹਾਡਾ ਜ਼ਿਆਦਾਤਰ ਪੈਸਾ ਇਨ੍ਹਾਂ ਵਿੱਚ ਹੈ ਤਾਂ ਪੋਰਟਫੋਲੀਓ ਦਾ ਜੋਖਮ ਵੇਖੋ। ਸਿਰਫ ਪਿਛਲੇ ਚੰਗੇ ਰਿਟਰਨ ਦੇ ਆਧਾਰ ਤੇ ਫੰਡ ਨਾ ਚੁਣੋ। ਹੁਣ ਇਸ ਸਮੇਂ ਹੋਰ ਪੈਸਾ ਲਗਾਉਣਾ ਚਾਹੀਦਾ ਹੈ ਜਾਂ ਨਹੀਂ ਇਹ ਤੁਹਾਡੇ ਨਿਵੇਸ਼ ਸਮੇਂ ਤੇ ਨਿਰਭਰ ਕਰਦਾ ਹੈ। ਜੇ ਤੁਹਾਡੇ ਕੋਲ ਸੱਤ ਤੋਂ ਦਸ ਸਾਲ ਦਾ ਨਿਵੇਸ਼ ਸਮਾਂ ਹੈ ਅਤੇ ਜੋਖਮ ਸਹਿਣ ਦੀ ਸਮਰੱਥਾ ਹੈ ਤਾਂ ਯੋਜਨਾ ਮੁਤਾਬਕ ਐਸਆਈਪੀ ਜਾਰੀ ਰੱਖੋ। ਜੇ ਤਿੰਨ ਤੋਂ ਪੰਜ ਸਾਲਾਂ ਵਿੱਚ ਪੈਸਾ ਚਾਹੁੰਦੇ ਹੋ ਤਾਂ ਇਕੁਇਟੀ ਜੋਖਮ ਦੀ ਸਮੀਖਿਆ ਕਰੋ ਅਤੇ ਲੋੜੀਂਦੀ ਰਕਮ ਦੀ ਸੁਰੱਖਿਆ ਬਾਰੇ ਸੋਚੋ। ਜੇ ਇੱਕ ਤੋਂ ਦੋ ਸਾਲਾਂ ਵਿੱਚ ਪੈਸੇ ਦੀ ਲੋੜ ਹੈ ਤਾਂ ਇਸ ਪੈਸੇ ਨੂੰ ਬਾਜ਼ਾਰ ਦੀ ਰਿਕਵਰੀ ਤੇ ਨਿਰਭਰ ਨਾ ਰੱਖੋ ਕਿਉਂਕਿ ਮੌਜੂਦਾ ਹਾਲਤ ਵਿੱਚ ਰਿਕਵਰੀ ਜਲਦੀ ਨਹੀਂ ਹੋਣ ਵਾਲੀ। ਘਾਟਾ ਸਹਿ ਕੇ ਨਿਕਲ ਲਓ ਜਾਂ ਲੋੜੀਂਦੀ ਰਕਮ ਨੂੰ ਸੁਰੱਖਿਅਤ ਸਾਧਨਾਂ ਵਿੱਚ ਲੈ ਆਓ।

What is the Right Time to Invest in Mutual Funds? Stock Market । PRIME BULLETIN-291 । KHALAS TV

ਜੇ ਹੋਰ ਨਿਵੇਸ਼ ਰਾਹੀਂ ਮੌਕੇ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ ਇੱਕੋ ਵਾਰੀ ਵੱਡੀ ਰਕਮ ਲਗਾਉਣ ਦੀ ਥਾਂ ਵੱਖ-ਵੱਖ ਗੇੜ੍ਹਾਂ ਵਿੱਚ ਨਿਵੇਸ਼ ਕਰੋ। ਜਦੋਂ ਬਾਜ਼ਾਰ ਹੇਠਾਂ ਆਵੇ ਤਾਂ ਨਿਵੇਸ਼ ਕਰੋ। ਇਸ ਨੂੰ ਲੰਪ ਸਮ ਇਨਵੈਸਟਮੈਂਟ ਨੂੰ ਸਿਸਟਮੈਟਿਕ ਤਰੀਕੇ ਨਾਲ ਫੈਲਾਉਣਾ ਕਹਿੰਦੇ ਹਨ। ਇਸ ਨਾਲ ਔਸਤ ਖਰੀਦ ਲਾਗਤ ਘੱਟ ਹੋ ਸਕਦੀ ਹੈ।

ਭਾਰਤੀ ਸ਼ੇਅਰ ਬਾਜ਼ਾਰ ਡਿੱਗਣ ਦੇ ਕਈ ਕਾਰਨ

ਭਾਰਤੀ ਸ਼ੇਅਰ ਬਾਜ਼ਾਰ ਡਿੱਗਣ ਦੇ ਕਈ ਕਾਰਨ ਹਨ। ਪਹਿਲਾ ਵੱਡਾ ਕਾਰਨ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਵੱਲੋਂ ਭਾਰਤੀ ਬਾਜ਼ਾਰ ਤੋਂ ਪੈਸਾ ਕੱਢਣਾ ਹੈ। ਇਸ ਨਾਲ ਸ਼ੇਅਰਾਂ ਤੇ ਦਬਾਅ ਪੈਂਦਾ ਹੈ। ਬਾਜ਼ਾਰ ਦੇ ਜਾਣਕਾਰ ਕਹਿੰਦੇ ਹਨ ਕਿ ਸਰਕਾਰ ਨੂੰ ਨਿਵੇਸ਼ਕਾਂ ਦਾ ਭਰੋਸਾ ਜਿੱਤਣ ਲਈ ਲਾਂਗ ਟਰਮ ਕੈਪੀਟਲ ਗੇਨ (ਐਲਟੀਸੀਜੀ) ਅਤੇ ਸਿਕਿਊਰਿਟੀਜ਼ ਟਰਾਂਜੈਕਸ਼ਨ ਟੈਕਸ (ਐਸਟੀਟੀ) ਘਟਾਉਣਾ ਜਾਂ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਵਿਦੇਸ਼ੀ ਨਿਵੇਸ਼ਕ ਰੁਕ ਸਕਣ। ਦੂਜਾ ਕਾਰਨ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਹਨ। ਭਾਰਤ ਤੇਲ ਦਾ ਵੱਡਾ ਆਯਾਤਕ ਹੈ ਇਸ ਲਈ ਮਹਿੰਗਾ ਤੇਲ ਮਹਿੰਗਾਈ ਅਤੇ ਕੰਪਨੀਆਂ ਦੇ ਖਰਚੇ ਵਧਾ ਸਕਦਾ ਹੈ। ਤੀਜਾ ਕਾਰਨ ਅਮਰੀਕੀ ਬਾਂਡ ਬਾਜ਼ਾਰ ਵਿੱਚ ਉੱਚੀਆਂ ਵਿਆਜ ਦਰਾਂ ਹਨ ਜੋ ਭਾਰਤੀ ਬਾਜ਼ਾਰ ਨਾਲ ਮੁਕਾਬਲਾ ਕਰ ਰਹੀਆਂ ਹਨ। ਚੌਥਾ ਕਾਰਨ ਕੰਪਨੀਆਂ ਦੀ ਕਮਾਈ ਅਤੇ ਮਹਿੰਗੀਆਂ ਵੈਲਿਊਏਸ਼ਨਾਂ ਵਿਚਕਾਰ ਫਾਸਲਾ ਹੈ। ਜੇ ਸ਼ੇਅਰਾਂ ਦੀ ਕੀਮਤ ਉਨ੍ਹਾਂ ਦੀ ਕਮਾਈ ਨਾਲੋਂ ਬਹੁਤ ਉੱਚੀ ਹੋਵੇ ਤਾਂ ਗਿਰਾਵਟ ਹੋਰ ਤੇਜ਼ ਹੋ ਸਕਦੀ ਹੈ। ਇਨ੍ਹਾਂ ਕਾਰਨਾਂ ਕਰਕੇ ਭਾਰਤੀ ਬਾਜ਼ਾਰ ਦੀ ਹਾਲਤ ਖਰਾਬ ਹੈ ਭਾਵੇਂ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਦੁਨੀਆ ਦੇ ਕਈ ਬਾਜ਼ਾਰ ਚੰਗਾ ਰਿਟਰਨ ਦੇ ਰਹੇ ਹਨ।

ਨਿਵੇਸ਼ਕ ਵਜੋਂ ਤੁਹਾਨੂੰ ਛੋਟੇ ਸਮੇਂ ਲਈ ਮਿਊਚੁਅਲ ਫੰਡ ਵਿੱਚ ਨਿਵੇਸ਼ ਨਾ ਕਰੋ। ਜੇ ਤੁਹਾਨੂੰ ਹੁਣੇ ਪੈਸੇ ਦੀ ਲੋੜ ਹੈ ਅਤੇ ਘਾਟਾ ਪੂਰਾ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਇੰਤਜ਼ਾਰ ਬੇਕਾਰ ਜਾ ਸਕਦਾ ਹੈ। ਲੰਬੇ ਸਮੇਂ ਲਈ ਨਿਵੇਸ਼ ਕਰਨ ਵਾਲੇ ਬਣੇ ਰਹੋ। ਇੱਕ ਮੁਸ਼ਤ ਨਿਵੇਸ਼ ਦੀ ਥਾਂ ਹੌਲੀ-ਹੌਲੀ ਮੌਕਾ ਵੇਖ ਕੇ ਨਿਵੇਸ਼ ਕਰੋ। ਸੈਬੀ ਵੀ ਨਿਵੇਸ਼ਕਾਂ ਨੂੰ ਨਿਵੇਸ਼ ਦੇ ਸਮੇਂ ਅਤੇ ਆਪਣੇ ਜੋਖਮ ਸਹਿਣ ਦੀ ਤਾਕਤ ਮੁਤਾਬਕ ਨਿਵੇਸ਼ ਚੁਣਨ ਦੀ ਸਲਾਹ ਦਿੰਦੀ ਹੈ।

Exit mobile version