‘ਦ ਖ਼ਾਲਸ ਬਿਊਰੋ : ਸ ਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਹਰ ਸੰਭਵ ਹੀਲੇ ਵਰਤੇ ਜਾ ਰਹੇ ਹਨ। ਅੱਜ ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ ਹਵਾਰਾ ਕਮੇਟੀ ਰਿਹਾਈ ਫਰੰਟ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪੰਜਾਬ ਦੇ 117 ਵਿਧਾਇਕਾਂ ਨੂੰ ਚਿੱਠੀਆਂ ਲਿਖੀਆਂ ਹਨ। ਹਵਾਰਾ ਕਮੇਟੀ ਵੱਲੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਚਿੱਠੀਆਂ ਇਕੱਲੇ ਇਕੱਲੇ ਵਿਧਾਇਕ ਨੂੰ ਪਹੁੰਚਾਈਆਂ ਜਾਣਗੀਆਂ। ਇਹ ਚਿੱਠੀਆਂ bypost ਜਾਂ Email ਰਾਹੀਂ ਨਹੀਂ ਜਾਣਗੀਆਂ ਬਲਕਿ ਸਾਡੀਆਂ ਟੀਮਾਂ ਮਾਝਾ, ਮਾਲਵਾ ਅਤੇ ਦੁਆਬਾ ਵਿੱਚ ਵੱਖ ਵੱਖ ਥਾਵਾਂ ਉੱਤੇ ਇਹ ਚਿੱਠੀਆਂ ਵਿਧਾਇਕਾਂ ਨੂੰ ਨਿੱਜੀ ਤੌਰ ਉੱਤੇ ਦੇ ਕੇ ਆਉਣਗੀਆਂ।
ਪ੍ਰੋ.ਬਲਜਿੰਦਰ ਸਿੰਘ ਨੇ ਕਿਹਾ ਕਿ ਵਿਧਾਇਕ ਕਾਨੂੰਨ ਬਣਾਉਣ ਵਾਲੇ ਹੁੰਦੇ ਹਨ। ਵਿਧਾਇਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਸੈਂਬਲੀ ਵਿੱਚ ਇਹ ਮੁੱਦਾ ਉਠਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਇੱਕ ਮਤਾ ਪਾਸ ਕੀਤਾ ਜਾਵੇ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਬੰਦੀ ਸਿੰਘਾਂ ਦੀ ਅਸੀਂ ਲਿਸਟ ਬਣਾ ਕੇ ਦਿੱਤੀ ਹੈ, ਸਰਕਾਰ ਦੇ ਰਿਕਾਰਡ ਮੁਤਾਬਕ ਉਨ੍ਹਾਂ ਦਾ ਵਿਵਹਾਰ ਬਹੁਤ ਵਧੀਆ ਹੈ। ਉਹ ਪੈਰੋਲ ਉੱਤੇ ਵੀ ਆ ਰਹੇ ਹਨ, ਇਸ ਕਰਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਕਮੇਟੀ ਨੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਰਵਨੀਤ ਬਿੱਟੂ ਇੱਕ individual ਸੋਚ ਹੈ। ਰਵਨੀਤ ਬਿੱਟੂ ਆਪਣੇ ਮਨ ਵਿੱਚ ਜ਼ਹਿਰ ਲੈ ਕੇ ਗੱਲਾਂ ਕਰ ਰਿਹਾ ਹੈ। ਰਵਨੀਤ ਬਿੱਟੂ ਆਪਣੇ ਦਾਦੇ ਦੇ ਕਤਲ ਦੀ ਗੱਲ ਕਰ ਰਿਹਾ ਹੈ ਜਦਕਿ ਅੰਮ੍ਰਿਤਸਰ ਦੇ ਸੰਸਦ ਮੈਂਬਰ ਔਜਲਾ ਦਾ ਬੰਦੀ ਸਿੰਘਾਂ ਪ੍ਰਤੀ ਸੁਭਾਅ ਨਰਮ ਹੈ। ਉਨ੍ਹਾਂ ਨੇ ਸਾਡੀ ਮੰਗ ਦਾ ਸਮਰਥਨ ਕੀਤਾ ਹੈ। ਕਮੇਟੀ ਨੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦਾ ਵੀ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਪ੍ਰੋ.ਭੁੱਲਰ ਤਕਰੀਬਨ 14 ਵਾਰ ਪੈਰੋਲ ਉੱਤੇ ਆ ਚੁੱਕੇ ਹਨ। ਹਰ ਵਾਰ ਉਨ੍ਹਾਂ ਦੀ ਪੁਲਿਸ ਰਿਪੋਰਟ ਉਨ੍ਹਾਂ ਦੇ ਹੱਕ ਵਿੱਚ ਜਾਂਦੀ ਹੈ ਕਿ ਉਨ੍ਹਾਂ ਦਾ ਵਿਵਹਾਰ ਵਧੀਆ ਹੈ।
ਪ੍ਰੋ. ਬਲਜਿੰਦਰ ਸਿੰਘ ਨੇ ਦਿੱਲੀ ਸਰਕਾਰ ਵੱਲੋਂ ਬਣਾਏ ਗਏ Sentence Review Board ਦਾ ਹਵਾਲਾ ਦਿੰਦਿਆਂ ਕਿਹਾ ਕਿ Sentence Review Board ਦੀਆਂ ਪਿਛਲੇ ਸਮੇਂ ਦੌਰਾਨ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਹਨ, ਉਨ੍ਹਾਂ ਵਿੱਚ ਤਿਆਰ ਕੀਤੀਆਂ ਗਈਆਂ ਸਾਰੀਆਂ ਰਿਪੋਰਟਾਂ ਦੇ ਵਿੱਚ ਪੰਜਾਬ ਪੁਲਿਸ ਜਾਂ ਸੂਬਾ ਸਰਕਾਰ ਵੱਲੋਂ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਵਿੱਚ ਲਿਖਿਆ ਗਿਆ ਹੈ। ਇਸ ਕਰਕੇ ਅਸੀਂ ਪੰਜਾਬ ਪੁਲਿਸ ਦਾ ਧੰਨਵਾਦ ਵੀ ਕਰਦੇ ਹਾਂ। ਉਨ੍ਹਾਂ ਨੇ ਕੇਜਰੀਵਾਲ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰੋ.ਭੁੱਲਰ ਦੀ ਰਿਹਾਈ ਵਾਸਤੇ ਸਿਰਫ਼ ਇੱਕ ਦਸਤਖ਼ਤ ਦੀ ਲੋੜ ਹੈ। Sentence Review Board ਕੈਦੀਆਂ ਨੂੰ ਛੱਡਣ ਵੇਲੇ ਸਮੇਂ ਸਮੇਂ ਉੱਤੇ ਕੈਦੀਆਂ ਦੀਆਂ ਸਾਰੀਆਂ ਰਿਪੋਰਟਾਂ ਇਕੱਠੀਆਂ ਕਰਦਾ ਹੈ।
ਦਰਅਸਲ, ਰਵਨੀਤ ਬਿੱਟੂ ਵੱਲੋਂ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰਵਨੀਤ ਬਿੱਟੂ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੇ ਹੱਕ ਵਿੱਚ ਹੈ। ਰਵਨੀਤ ਬਿੱਟੂ ਬੰਦੀ ਸਿੰਘਾਂ ਨੂੰ ਅੱ ਤਵਾਦੀ ਤੱਕ ਕਹਿ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਏ ਗਏ ਪੋਸਟਰਾਂ ਬਾਰੇ ਵੀ ਰਵਨੀਤ ਬਿੱਟੂ ਨੇ ਜ਼ਹਿਰ ਉਗਲਦਿਆਂ ਇਸਦਾ ਵਿਰੋਧ ਕੀਤਾ ਸੀ।