The Khalas Tv Blog India ਦਿ ਗ੍ਰੇਟ ਖਲੀ ਨੇ ਤਹਿਸੀਲਦਾਰ ’ਤੇ ਧੱਕੇ ਨਾਲ ਜ਼ਮੀਨ ਵੇਚਣ ਦਾ ਲਗਾਇਆ ਇਲਜ਼ਾਮ
India Punjab

ਦਿ ਗ੍ਰੇਟ ਖਲੀ ਨੇ ਤਹਿਸੀਲਦਾਰ ’ਤੇ ਧੱਕੇ ਨਾਲ ਜ਼ਮੀਨ ਵੇਚਣ ਦਾ ਲਗਾਇਆ ਇਲਜ਼ਾਮ

ਬਿਊਰੋ ਰਿਪੋਰਟ (ਸਿਰਮੌਰ, 6 ਦਸੰਬਰ 2025): ਸਾਬਕਾ WWE ਚੈਂਪੀਅਨ ਦ ਗ੍ਰੇਟ ਖਲੀ (ਉਰਫ਼ ਦਲੀਪ ਰਾਣਾ) ਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਵਿਖੇ ਮਾਲ ਵਿਭਾਗ ਅਤੇ ਸਥਾਨਕ ਤਹਿਸੀਲਦਾਰ ’ਤੇ ਉਨ੍ਹਾਂ ਦੀ ਜ਼ਮੀਨ ਦੀ ਗ਼ਲਤ ਵੰਡ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਖਲੀ ਨੇ ਇਸ ਸਬੰਧੀ ਸਿਰਮੌਰ ਦੀ ਜ਼ਿਲ੍ਹਾ ਮੈਜਿਸਟ੍ਰੇਟ (DC) ਪ੍ਰਿਅੰਕਾ ਵਰਮਾ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਡੀਸੀ ਸਿਰਮੌਰ ਪ੍ਰਿਯੰਕਾ ਵਰਮਾ ਨੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦਲੀਪ ਰਾਣਾ ਅਤੇ ਕਈ ਔਰਤਾਂ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਪਹੁੰਚੀਆਂ ਸਨ।

ਖਲੀ ਦੇ ਮੁੱਖ ਇਲਜ਼ਾਮ 

ਖਲੀ ਨੇ ਦੱਸਿਆ ਕਿ ਵਿਵਾਦ ਵਾਲੀ ਜ਼ਮੀਨ 2005 ਵਿੱਚ ਇੱਕ ਔਰਤ ਦੇ ਨਾਮ ’ਤੇ ਕਾਨੂੰਨੀ ਤੌਰ ’ਤੇ ਰਜਿਸਟਰਡ ਸੀ ਅਤੇ ਉਨ੍ਹਾਂ ਨੇ ਕਾਨੂੰਨੀ ਕਾਰਵਾਈ ਰਾਹੀਂ ਮਾਲਕੀ ਹਾਸਲ ਕਰ ਲਈ ਸੀ। ਉਨ੍ਹਾਂ ਦੇ ਪਿਤਾ ਜਵਾਲਾ ਰਾਮ ਨੇ 2013 ਵਿੱਚ ਇਹ ਜ਼ਮੀਨ ਖ਼ਰੀਦ ਲਈ ਸੀ ਅਤੇ ਉਦੋਂ ਤੋਂ ਇਹ ਜਾਇਦਾਦ ਉਨ੍ਹਾਂ ਦੇ ਪਰਿਵਾਰ ਦੇ ਕਬਜ਼ੇ ਵਿੱਚ ਹੈ।

ਖਲੀ ਦੇ ਅਨੁਸਾਰ, ਦਸਤਾਵੇਜ਼ ਮੌਜੂਦ ਹੋਣ ਦੇ ਬਾਵਜੂਦ, ਪਾਉਂਟਾ ਸਾਹਿਬ ਦੇ ਤਹਿਸੀਲਦਾਰ, ਕਾਨੂੰਗੋ ਅਤੇ ਪਟਵਾਰੀ ਆਪਣੇ ਅਧਿਕਾਰਤ ਅਹੁਦਿਆਂ ਦੀ ਦੁਰਵਰਤੋਂ ਕਰ ਰਹੇ ਹਨ।

ਉਨ੍ਹਾਂ ਇਲਜ਼ਾਮ ਲਾਇਆ ਕਿ ਮਾਲ ਅਧਿਕਾਰੀ ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਜ਼ਮੀਨ ’ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਨੂੰ ਕਿਸੇ ਹੋਰ ਧਿਰ ਨੂੰ ਵੇਚ ਦਿੱਤਾ ਗਿਆ ਹੈ। 20 ਮਈ ਅਤੇ 18 ਜੁਲਾਈ ਨੂੰ ਵੀ ਜ਼ਮੀਨ ’ਤੇ ਗੈਰ-ਕਾਨੂੰਨੀ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਪਿੰਡ ਵਾਸੀਆਂ ਅਤੇ ਸ਼ਿਕਾਇਤਕਰਤਾਵਾਂ ਨੇ ਨਾਕਾਮ ਕਰ ਦਿੱਤਾ ਸੀ।

ਖਲੀ ਨੇ ਸਬੰਧਤ ਅਧਿਕਾਰੀਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਤਹਿਸੀਲਦਾਰ ਵੱਲੋਂ ਇਲਜ਼ਾਮਾਂ ਦਾ ਖੰਡਨ

ਗ੍ਰੇਟ ਖਲੀ ਦੇ ਇਲਜ਼ਾਮਾਂ ਤੋਂ ਬਾਅਦ, ਤਹਿਸੀਲਦਾਰ ਰਿਸ਼ਭ ਸ਼ਰਮਾ ਨੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਤਹਿਸੀਲਦਾਰ ਨੇ ਕਿਹਾ ਕਿ ਔਰਤਾਂ ਅਤੇ ਖਲੀ ਵੱਲੋਂ ਦਾਅਵਾ ਕੀਤੀ ਗਈ ਜ਼ਮੀਨ ਅਸਲ ਵਿੱਚ ਉਨ੍ਹਾਂ ਦੀ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਲ ਵਿਭਾਗ ਆਪਣੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਾਰਵਾਈ ਕਰ ਰਿਹਾ ਹੈ ਅਤੇ ਮਿਲੀਭੁਗਤ ਜਾਂ ਗੈਰ-ਕਾਨੂੰਨੀ ਕਬਜ਼ੇ ਦੇ ਇਲਜ਼ਾਮ ਝੂਠੇ ਹਨ।

ਉਨ੍ਹਾਂ ਉਲਟਾ ਖਲੀ ’ਤੇ ਇਲਜ਼ਾਮ ਲਾਇਆ ਕਿ ਉਹ ਖੁਦ ਜ਼ਬਰਦਸਤੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ ਅਤੇ ਪਹਿਲਾਂ ਵੀ ਪੰਜਾਬ ਦੇ ਕੁਝ ਲੋਕਾਂ ਨੇ ਉਸ ਨਾਲ ਮਿਲ ਕੇ ਜ਼ਮੀਨ ’ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ।

Exit mobile version