The Khalas Tv Blog Punjab ਸ਼ਾਨਦਾਰ ਸਹੁੰ-ਚੁੱਕ ਸਮਾਗਮ ‘ਚ ਆਮ ਲੋਕਾਂ ਦੇ ਨਾਲ-ਨਾਲ ਕਈ ਨਾਮਵਰ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ
Punjab

ਸ਼ਾਨਦਾਰ ਸਹੁੰ-ਚੁੱਕ ਸਮਾਗਮ ‘ਚ ਆਮ ਲੋਕਾਂ ਦੇ ਨਾਲ-ਨਾਲ ਕਈ ਨਾਮਵਰ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ

‘ਦ ਖ਼ਾਲਸ ਬਿਊਰੋ :ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਮਗਰੋਂ ਪਿੰਡ ਖਟਕੜ ਕਲਾਂ ਵਿੱਚ ਹੋਏ ਸ਼ਾਨਦਾਰ ਸਹੁੰ-ਚੁੱਕ ਸਮਾਗਮ ਲਈ ਸਵੇਰੇ 9 ਵਜੇ ਤੋਂ ਹੀ ਲੋਕ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ 11.30 ਵਜੇ ਤੱਕ ਪੰਡਾਲ ਭਰ ਗਏ ਸਨ। ਇਸ ਸਭ ਦੇ ਚੱਲਦਿਆਂ ਖਾਸ ਗੱਲ ਇਹ ਰਹੀ ਕਿ ਆਪਣੇ ਪਿਤਾ ਨੂੰ ਸਹੁੰ ਚੁੱਕਦਿਆਂ ਵੇਖਣ ਲਈ ਭਗਵੰਤ ਮਾਨ ਦੇ ਦੋਵੇਂ ਬੱਚੇ ਅਮਰੀਕਾ ਤੋਂ ਪੰਜਾਬ ਪਹੁੰਚੇ ਹਾਲਾਕਿ ਸੰਨ 2011 ਵਿਚ ਤਲਾਕ ਹੋ ਜਾਣ ਮਗਰੋਂ ਭਗਵੰਤ ਮਾਨ ਦੇ ਦੋਵੇਂ ਬੱਚੇ ਪੁੱਤਰ ਦਿਲਸ਼ਾਨ ਮਾਨ ਅਤੇ ਬੇਟੀ ਸੀਰਤ ਕੌਰ ਮਾਨ ਆਪਣੀ ਮਾਂ ਇੰਦਰਪ੍ਰੀਤ ਕੌਰ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ।

ਇਸ ਸਮਾਗਮ ਵਿੱਚ ਆਪ ਵਿਧਾਇਕ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾਂ, ਨੀਨਾ ਮਿੱਤਲ, ਜੈਕਿਸ਼ਨ ਸਿੰਘ ਰੋੜੀ ਅਤੇ ਸੰਤੋਸ਼ ਕਟਾਰੀਆ ਸ਼ੁਰੂਆਤ ਦੌਰਾਨ ਪਹੁੰਚ ਗਏ ਸਨ ਅਤੇ ਅੱਧੇ ਨਵੇਂ ਚੁਣੇ ਗਏ ਵਿਧਾਇਕ ਵੀ ਸਵੇਰੇ 11.30 ਵਜੇ ਤੱਕ ਆ ਗਏ ਸਨ।

ਇਸ ਦੌਰਾਨ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੀ ਸੱਦਾ ਦਿਤਾ ਗਿਆ ਸੀ ਤੇ ਉਹਨਾਂ ਇਸ ਸਮਾਗਮ ਵਿੱਚ ਸ਼ਿਰਕਤ ਵੀ ਕੀਤੀ। ਨਵੀਂ ਸਰਕਾਰ ਬਾਰੇ ਉਹਨਾਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਸਿਰਫ਼ ਇੱਕ ਸ਼ੁਰੂਆਤ ਦਸਿਆ ਅਤੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਪ੍ਰਮਾਤਮਾ ਆਪ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੀ ਹਿੰਮਤ ਦੇਵੇ।

ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਵੀ ਇੱਕ ਟਵੀਟ ਰਾਹੀਂ  ਸੱਦਾ ਪੱਤਰ ਸਾਂਝਾ ਕੀਤਾ ਤੇ ਭਗਵੰਤ ਮਾਨ ਨੂੰ ਵਧਾਈ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਚੰਨੀ ਦੇ ਸਹੁੰ ਚੁੱਕ ਸਮਾਗਮ ‘ਚ ਉਹਨਾਂ ਨੂੰ ਨਹੀਂ ਸੀ ਬੁਲਾਇਆ ਗਿਆ ਪਰ ਹੁਣ ਮਾਨ ਦੇ ਸਹੁੰ-ਚੁੱਕ ਸਮਾਗਮ ਵਿੱਚ ਰੁਝੇਵਿਆਂ ਕਾਰਣ ਨਾ ਪਹੁੰਚ ਸਕਣ ਤੇ ਮਾਫ਼ੀ ਮੰਗਦਾ ਹਾਂ। ‘ਆਪ’ ਦੇ ਵਿਸ਼ੇਸ਼ ਸਮਾਗਮ ‘ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਆਪ ਆਗੂ ਰਾਘਵ ਚੱਢਾ ਦੇ ਨਾਲ-ਨਾਲ ਆਪ ਦੇ ਸਾਰੇ ਨਵੇਂ ਵਿਧਾਇਕ ਵੀ ਸ਼ਾਮਲ ਹੋਏ

Exit mobile version