The Khalas Tv Blog Punjab ਰਾਜਪਾਲ ਨੇ ਸੀਐੱਮ ਭਗਵੰਤ ਮਾਨ ਨੂੰ ਮੁੜ ਲਿਖੀ ਚਿੱਠੀ, ਪੰਜਾਬ ਦੇ ਵਿੱਤੀ ਹਾਲਾਤ ਨੂੰ ਲੈ ਕੇ ਚੁੱਕੇ ਸਵਾਲ…
Punjab

ਰਾਜਪਾਲ ਨੇ ਸੀਐੱਮ ਭਗਵੰਤ ਮਾਨ ਨੂੰ ਮੁੜ ਲਿਖੀ ਚਿੱਠੀ, ਪੰਜਾਬ ਦੇ ਵਿੱਤੀ ਹਾਲਾਤ ਨੂੰ ਲੈ ਕੇ ਚੁੱਕੇ ਸਵਾਲ…

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਵਾਰ ਮੁੜ ਤੋਂ ਪੰਜਾਬ ਸਰਕਾਰ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਪੱਤਰ ਵਿੱਚ ਪੰਜਾਬ ਸਰਕਾਰ ਵੱਲੋਂ ਲਏ ਕਰਜ਼ੇ ਅਤੇ ਖਰਚੇ ‘ਤੇ ਸਵਾਲ ਚੁੱਕੇ ਹਨ। ਇੰਨਾ ਹੀ ਨਹੀਂ ਕਰਜ਼ੇ ਦੇ ਪੈਸੇ ਦੀ ਵਰਤੋਂ ਆਮਦਨ ਵਧਾਉਣ ਲਈ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ ਨਾ ਕਿ ਮੁਨਾਫ਼ੇ ਵਾਲੀਆਂ ਸਕੀਮਾਂ ‘ਤੇ। ਇਸ ਦੇ ਨਾਲ ਹੀ ਉਸ ਨੇ ਅਣਦੱਸੇ ਖਰਚਿਆਂ ਦੇ ਵੇਰਵੇ ਵੀ ਮੰਗੇ ਹਨ।

ਰਾਜਪਾਲ ਨੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਵਿੱਤੀ ਹਾਲਾਤਾਂ ਬਾਰੇ ਸਵਾਲ ਪੁੱਛੇ ਹਨ।  ਗਵਰਨਰ ਨੇ ਆਪਣੀ ਚਿੱਠੀ ਵਿਚ ਜਿਥੇ ਭਗਵੰਤ ਮਾਨ ਨੂੰ ਆਪਣਾ ਹਿਸਾਬ ਕਿਤਾਬ ਠੀਕ ਕਰਨ ਲਈ ਕਿਹਾ ਹੈ, ਉਥੇ ਹੀ ਕਿਹਾ ਹੈ ਕਿ ਜੇ ਸਰਕਾਰ ਹਿਸਾਬ ਕਿਤਾਬ ਠੀਕ ਕਰਕੇ ਭੇਜਦੀ ਹੈ ਤਾਂ ਹੀ ਉਹ ਕੇਂਦਰ ਕੋਲ ਮੁੱਦਾ ਚੁੱਕਣਗੇ।

ਰਾਜਪਾਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਸਰਕਾਰ ਵਿੱਤੀ ਸਰੋਤਾਂ ਦਾ ਪ੍ਰਬੰਧ ਕੁਸ਼ਲਤਾ ਦੇ ਨਾਲ ਨਹੀਂ ਕਰ ਰਹੀ। ਪੰਜਾਬ ਸਰਕਾਰ ਨੇ 2022-23 ਵਿੱਚ 10 ਹਜ਼ਾਰ ਕਰੋੜ ਰੁਪਏ ਦਾ ਕਰਜਾ ਲਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਡੇ ਅਤੇ ਕੈਗ ਦੇ ਅੰਕੜਿਆਂ ‘ਚ ਬਹੁਤ ਫਰਕ ਹੈ। ਉਨ੍ਹਾਂ ਨੇ ਇਸ ਦੇ ਵੇਰਵੇ ਮੰਗੇ ਹਨ। ਕੈਗ ਦੇ ਮੁਤਾਬਕ ਪੰਜਾਬ ਦਾ ਕਰਜ਼ਾ 50 ਹਜ਼ਾਰ ਕਰੋੜ ਦੇ ਕਰੀਬ ਵਧਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ 10 ਹਜ਼ਾਰ ਕਰੋੜ ਰੁਪਏ ਦਾ ਵਾਧੂ ਕਰਜ਼ਾ ਕਿੱਥੇ ਖਰਚਿਆ ਹੈ।

ਰਾਜਪਾਲ ਨੇ ਪੰਜਾਬ ਸਰਕਾਰ ਦੁਆਰਾ ਕੀਤੀ ਗਈ ਫ੍ਰੀ ਬਿਜਲੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਫ੍ਰੀ ਬਿਜਲੀ ਸਕੀਮ ਦਾ ਕੁਝ ਲੋਕ ਗਲਤ ਫਾਇਦਾ ਚੁੱਕ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਜਪਾਲ ਨੇ ਪੰਜਾਬ ਸਰਕਾਰ ਤੋਂ 50 ਹਜ਼ਾਰ ਕਰੋੜ ਰੁਪਏ ਦਾ ਹਿਸਾਬ ਮੰਗਿਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ  50 ਹਜ਼ਾਰ ਕਰੋੜ ਦੇ ਕਰਜ਼ੇ ਦਾ ਬਿਉਰਾ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦਸਿਆ ਸੀ ਕਿ ਉਨ੍ਹਾਂ ਨੇ 50 ਹਜ਼ਾਰ ਕਰੋੜ ਨਹੀਂ ਸਗੋਂ 47 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।

ਜਿਸ ਵਿਚੋਂ ਪੁਰਾਣੀਆਂ ਸਰਕਾਰਾਂ ਦੇ ਕਰਜ਼ਿਆਂ ਦਾ ਕਰੀਬ 27 ਹਜ਼ਾਰ ਕਰੋੜ ਰੁਪਏ ਦਾ ਵਿਆਜ ਅਦਾ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਸ ਵਿਚ ਬਿਜਲੀ ਸਬਸਿਡੀ ਅਤੇ ਸਰਕਾਰੀ ਸਕੀਮਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇਸ ਵਿਚ ਜੀਐਸਟੀ ਆਦਿ ਦੇ ਬਕਾਏ ਬਾਰੇ ਵੀ ਜਾਣਕਾਰੀ ਦਿਤੀ ਗਈ ਸੀ। ਮੁੱਖ ਮੰਤਰੀ ਨੇ ਰਾਜਪਾਲ ਨੂੰ ਇਹ ਵੀ ਦੱਸਿਆ ਸੀ ਕਿ ਪਿਛਲੀਆਂ ਸਰਕਾਰਾਂ ਨੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।

 

Exit mobile version