The Khalas Tv Blog Punjab ਭਾਰਤ ਸਰਕਾਰ ਨੇ ਸੁੰਗੜੇ ਦਾਣਿਆਂ ਦਾ ਮੁਲਾਂਕਣ ਕਰਨ ਲਈ ਪੰਜ ਟੀਮਾਂ ਪੰਜਾਬ ਭੇਜੀਆਂ
Punjab

ਭਾਰਤ ਸਰਕਾਰ ਨੇ ਸੁੰਗੜੇ ਦਾਣਿਆਂ ਦਾ ਮੁਲਾਂਕਣ ਕਰਨ ਲਈ ਪੰਜ ਟੀਮਾਂ ਪੰਜਾਬ ਭੇਜੀਆਂ

‘ਦ ਖਾਲਸ ਬਿਉਰੋ:ਸੂਬੇ ਭਰ ਵਿੱਚ ਖਰੀਦੀ ਜਾ ਰਹੀ ਕਣਕ ਵਿੱਚ ਸੁੰਗੜੇ ਹੋਏ ਦਾਣਿਆਂ ਦੀ ਮੁੜ ਸਮੀਖਿਆ ਕਰਨ ਦੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸੀ ।ਜਿਸ ‘ਤੇ ਕਾਰਵਾਈ ਕਰਦਿਆਂ, ਖੁਰਾਕ ਅਤੇ ਜਨਤਕ ਵੰਡ ਵਿਭਾਗ, ਭਾਰਤ ਸਰਕਾਰ ਨੇ ਇਸ ਸਮੱਸਿਆ ਦੀ ਹੱਦ ਦਾ ਮੁਲਾਂਕਣ ਕਰਨ ਲਈ ਪੰਜ ਟੀਮਾਂ ਬਣਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕੀਤਾ ਹੈ ਤੇ ਦੱਸਿਆ ਹੈ ਕਿ ਇਹ ਟੀਮਾਂ ਸੂਬੇ ਵਿੱਚ ਪਹੁੰਚ ਗਈਆਂ ਹਨ ਅਤੇ ਮੰਡੀਆਂ ਵਿੱਚ ਸੁੰਗੜੇ ਹੋਏ ਅਨਾਜ ਦੀ ਆਮਦ ਦੀ ਹੱਦ ਦਾ ਮੁਲਾਂਕਣ ਕਰਨ ਲਈ 15 ਜ਼ਿਲ੍ਹਿਆਂ ਦਾ ਦੌਰੇ ਤੇ ਹਨ। ਉਸਨੇ ਕਿਹਾ ਕਿ ਇਹ ਕਾਰਵਾਈ ਨਿਰਧਾਰਿਤ ਪੈਮਾਨੇ ਵਿੱਚ ਢੁਕਵੀਂ ਢਿੱਲ ਦੇਣ ਬਾਰੇ ਅੰਤਿਮ ਫੈਸਲਾ ਲੈਣ ਵਿੱਚ ਭਾਰਤ ਸਰਕਾਰ ਦੀ ਮਦਦ ਕਰੇਗੀ। ਅੱਤ ਦੀ ਗਰਮੀ ਕਾਰਨ ਕਈ ਥਾਵਾਂ ‘ਤੇ ਕਣਕ ਦਾ ਦਾਣਾ ਸੁੰਗੜ ਗਿਆ ਹੈ ਅਤੇ ਕੁਝ ਮੰਡੀਆਂ ‘ਚ ਆ ਰਹੇ ਅਨਾਜ ‘ਚ 6 ਫੀਸਦੀ ਮਾਪਦੰਡ ਤੋਂ ਵੱਧ ਦਾਣਾ ਸੁੰਗੜਿਆ ਹੋਇਆ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਟੀਮਾਂ ਦੇ ਦੌਰੇ ਦੌਰਾਨ ਕੁਝ ਮੰਡੀਆਂ ਵਿੱਚ ਚੱਲ ਰਹੀ ਖਰੀਦ ਅਸਥਾਈ ਤੌਰ ‘ਤੇ ਰੁੱਕ ਸਕਦੀ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।

Exit mobile version