‘ਦ ਖ਼ਾਲਸ ਬਿਊਰੋ : ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਭਾਰਤ ਵਿਚ ਮਨੁੱਖੀ ਹੱਕਾਂ ਦੀ ਸਥਿਤੀ ਨੂੰ ਮਾੜਾ ਦੱਸਿਆ ਸੀ ਅਤੇ ਚਿੰਤਾ ਜ਼ਾਹਿਰ ਕੀਤੀ ਸੀ। ਇਕ ਦਿਨ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਇਕ ਲੋਕਤੰਤਰ ਦੇਸ ਹੈ, ਇਸ ਨੂੰ ਕਿਸੇ ਹੋਰ ਤੋਂ ਮਾਨਤਾ ਲੈਣ ਦੀ ਲੋੜ ਨਹੀਂ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਵਿਚ ਜਿਸ ਸਮਾਗਮ ’ਚ ਇਹ ਟਿੱਪਣੀਆਂ ਕੀਤੀਆਂ ਗਈਆਂ ਹਨ, ਉਸ ਸਮਾਰੋਹ ਦੇ ਸਾਰੇ ਪ੍ਰਬੰਧਕ ਪੱਖਪਾਤੀ ਹਨ ਅਤੇ ਉਨ੍ਹਾਂ ਪ੍ਰਬੰਧਕਾਂ ਦਾ ਪਿਛੋਕੜ ਸਾਰੇ ਜਾਣਦੇ ਹਨ। ਇਸਦੇ ਨਾਲ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਮਾਰੋਹ ਬਾਰੇ ਰਿਪੋਰਟਾਂ ਪੜ੍ਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਾਮਿਦ ਅੰਸਾਰੀ ਦੀਆਂ ਟਿੱਪਣੀਆਂ ਬਿਲਕੁਲ ਗਲਤ ਹਨ ਅਤੇ ਬਿਲਕੁਲ ਬੇਤੁਕਾ ਤੇ ਢੀਠਪੁਣੇ ਦਾ ਪ੍ਰਤੀਕ ਹਨ।
ਇਸਦੇ ਨਾਲ ਹੀ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਹਿੰਦੂ ਰਾਸ਼ਟਰਵਾਦ ਬਾਰੇ ਹਾਮਿਦ ਅੰਸਾਰੀ ਦੀਆਂ ਟਿੱਪਣੀਆਂ ਬਿਲਕੁਲ ਗਲਤ ਹਨ। ਉਨ੍ਹਾਂ ਕਿਹਾ ਕਿ ਘੱਟਗਿਣਤੀ ਹੋਣ ਦੇ ਬਾਵਜੂਦ ਉਹ ਭਾਰਤ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕਾਂ ਵਿਚ ਤਕਲੀਫ਼ ਝੱਲ ਰਹੀਆਂ ਘੱਟਗਿਣਤੀਆਂ ਵੀ ਭਾਰਤ ਵਿਚ ਸ਼ਰਨ ਲੈਂਦੀਆਂ ਹਨ ਕਿਉਂਕਿ ਇਹ ਇੱਕ ਸੁਰੱਖਿਅਤ ਦੇਸ ਹੈ।
ਕੇਂਦਰੀ ਮੰਤਰੀ ਤੇ ਭਾਜਪਾ ਆਗੂ ਮੁਖਤਾਰ ਅੱਬਾਸ ਨਕਵੀ ਨੇ ਵੀ ਅੰਸਾਰੀ ‘ਤੇ ਨਿਸ਼ਾਨਾਂ ਕੱਸਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਕੁਝ ਲੋਕ ਤੇ ਸੰਗਠਨ ਭਾਰਤ ਦੀ ਸਾਖ਼ ਖਰਾਬ ਕਰਨ ਲਈ ਸੁਪਾਰੀ ਲੈਂਦੇ ਹੋਣ। ਉਨ੍ਹਾਂ ਕਿਹਾ ਕਿ ਭਾਰਤ ਵਿਚ ਘੱਟਗਿਣਤੀਆਂ ਦੀ ਸਥਿਤੀ ਬਾਰੇ ਸੰਸਾਰ ਵਿਚ ਝੂਠ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਨੇ ਵੀ ਅੰਸਾਰੀ ਉਤੇ ਨਿਸ਼ਾਨਾ ਸੇਧਿਆ ਹੈ। ਬਿਹਾਰ ਸਰਕਾਰ ਵਿਚ ਮੰਤਰੀ ਹੁਸੈਨ ਨੇ ਕਿਹਾ ਕਿ ਅੰਸਾਰੀ ਨੇ ਉਪ ਰਾਸ਼ਟਰਪਤੀ ਹੁੰਦਿਆਂ ਵੀ ਕੁਝ ਅਜਿਹੇ ਵਿਵਾਦ ਖੜ੍ਹੇ ਕੀਤੇ, ਜਿਨ੍ਹਾਂ ਲਈ ਦੇਸ਼ ਉਨ੍ਹਾਂ ਨੂੰ ਮੁਆਫ਼ ਨਹੀਂ ਕਰ ਸਕਦਾ।