‘ ਦ ਖ਼ਾਲਸ ਬਿਊਰੋ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਿਸਾਨੀ ਮੰਗਾਂ ਨੂੰ ਲੈ ਕੇ ਮੀਟਿੰਗ ਹੋਈ ਹੈ। ਉਗਰਾਹਾਂ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਦਾ ਮੁਆਵਜ਼ਾ ਦੇਣ ਦੀ ਮੰਗ ਮੰਨ ਲਈ ਹੈ। ਇਸ ਤੋਂ ਇਲਾਵਾ ਕਿਸਾਨਾਂ ਖਿਲਾਫ ਦਰਜ 234 ਕੇਸਾਂ ਵਿੱਚੋਂ 211 ਸਿੱਧੇ ਰੱਦ ਕੀਤੇ ਜਾਣਗੇ ਅਤੇ ਬਾਕੀ ਵੀ ਜਲਦੀ ਹੀ ਰੱਦ ਹੋਣਗੇ।
ਇਸ ਤੋਂ ਇਲਾਵਾ 2 ਲੱਖ ਤੱਕ ਦੇ ਕਰਜ਼ਾ ਮੁਆਫੀ ਦੇ ਮਾਮਲੇ ਵਿੱਚ ਜਿਹੜੇ ਕਿਸਾਨਾਂ ਦੇ ਲੈਂਡ ਮਾਰਗੇਜ ਬੈਂਕਾਂ ਅਤੇ ਖੇਤੀਬਾੜੀ ਬੈਂਕਾਂ ਦੇ ਕਰਜ਼ੇ ਹਨ, ਉਹਨਾਂ ਦੀਆਂ ਸੂਚੀਆਂ ਮੰਗਵਾ ਲਈਆਂ ਗਈਆਂ ਹਨ, ਉਹ ਵੀ ਮੁਆਫ ਕੀਤੇ ਜਾਣਗੇ। ਉਗਰਾਹਾਂ ਨੇ ਦਾਅਵਾ ਕੀਤਾ ਕਿ ਟੋਲ ਟੈਕਸ ਨੂੰ ਲੈ ਕੇ ਸਰਕਾਰ ਨੇ ਭਰੋਸਾ ਦੁਆਇਆ ਹੈ ਕਿ ਸੂਬਾਈ ਟੋਲ ਟੈਕਸ ਦੇ ਪਹਿਲਾਂ ਵਾਲੇ ਰੇਟ ਰਹਿਣਗੇ ਅਤੇ ਕੌਮੀ ਮਾਰਗਾਂ ’ਤੇ ਟੋਲ ਟੈਕਸਾਂ ਦੇ ਰੇਟ ਪਹਿਲਾਂ ਵਾਲੇ ਰੱਖਣ ਲਈ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਗੱਲ ਹੋ ਗਈ ਹੈ, ਉਹ ਵੀ ਪਹਿਲਾਂ ਵਾਲੇ ਰਹਿਣਗੇ।