The Khalas Tv Blog India ਭਾਰਤ ਵਿਚ ਨਹੀਂ ਰਿਲੀਜ਼ ਹੋਵੇਗੀ ਫ਼ਿਲਮ ‘ਸਰਦਾਰ ਜੀ 3’, ਵੱਡੇ ਪੱਧਰ ‘ਤੇ ਹੋ ਰਹੇ ਨੇ ਵਿਰੋਧ
India Manoranjan

ਭਾਰਤ ਵਿਚ ਨਹੀਂ ਰਿਲੀਜ਼ ਹੋਵੇਗੀ ਫ਼ਿਲਮ ‘ਸਰਦਾਰ ਜੀ 3’, ਵੱਡੇ ਪੱਧਰ ‘ਤੇ ਹੋ ਰਹੇ ਨੇ ਵਿਰੋਧ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ ‘ਸਰਦਾਰ ਜੀ 3’ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਹਨ। ਵਿਵਾਦ ਦਾ ਮੁੱਖ ਕਾਰਨ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਦੀ ਮੁੱਖ ਭੂਮਿਕਾ ਹੈ। ਪਹਿਲਗਾਮ ਹਮਲੇ ਅਤੇ ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ, ਹਾਨਿਆ ਦੀ ਕਾਸਟਿੰਗ ਦੀ ਸੋਸ਼ਲ ਮੀਡੀਆ ‘ਤੇ ਸਖ਼ਤ ਨਿੰਦਾ ਹੋ ਰਹੀ ਹੈ।

ਦਿਲਜੀਤ ਨੇ ਸੋਸ਼ਲ ਮੀਡੀਆ ‘ਤੇ ਇੱਕ ਰਹੱਸਮਈ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “Censored Before Release?” ਮੰਨਿਆ ਜਾ ਰਿਹਾ ਹੈ ਕਿ ਇਹ ਪੋਸਟ ਉਨ੍ਹਾਂ ਦੀ ਫਿਲਮ ‘ਪੰਜਾਬ 95’ ਨਾਲ ਸਬੰਧਤ ਹੈ, ਜੋ ਸੀ.ਬੀ.ਐਫ.ਸੀ. ਦੇ 127 ਕੱਟਾਂ ਦੀ ਮੰਗ ਕਾਰਨ ਰਿਲੀਜ਼ ਨਹੀਂ ਹੋ ਸਕੀ।

ਨਿਰਦੇਸ਼ਕ ਸੁਨੈਨਾ ਸੁਰੇਸ਼ ਅਤੇ ਦਿਲਜੀਤ ਨੇ ਕੱਟ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ‘ਸਰਦਾਰ ਜੀ 3’ ਵਿੱਚ ਹਾਨਿਆ ਮੁੱਖ ਅਦਾਕਾਰਾ ਹੈ, ਪਰ ਇਹ ਫਿਲਮ ਹੁਣ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ, ਸਗੋਂ ਸਿਰਫ ਵਿਦੇਸਾਂ ਵਿੱਚ 27 ਜੂਨ 2025 ਨੂੰ ਰਿਲੀਜ਼ ਹੋਵੇਗੀ।

ਦਿਲਜੀਤ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ‘ਸਰਦਾਰ ਜੀ 3’ ਦਾ ਟ੍ਰੇਲਰ ਸਾਂਝਾ ਕਰਦੇ ਹੋਏ ਰਿਲੀਜ਼ ਮਿਤੀ ਦਾ ਐਲਾਨ ਕੀਤਾ। ਟ੍ਰੇਲਰ ਭਾਰਤ ਵਿੱਚ ਯੂਟਿਊਬ ‘ਤੇ ਉਪਲਬਧ ਨਹੀਂ ਹੈ, ਜਿਸ ‘ਤੇ ਸੁਨੇਹਾ ਆਉਂਦਾ ਹੈ ਕਿ ਅਪਲੋਡਰ ਨੇ ਇਸਨੂੰ ਦੇਸ਼ ਵਿੱਚ ਬਲੌਕ ਕੀਤਾ ਹੈ। ਹਾਲਾਂਕਿ, ਫਿਲਮ ਦਾ ਟੀਜ਼ਰ ਅਤੇ ਗਾਣੇ ਯੂਟਿਊਬ ‘ਤੇ ਦੇਖੇ ਜਾ ਸਕਦੇ ਹਨ।

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਸੀ.ਬੀ.ਐਫ.ਸੀ. ਨੂੰ ਫਿਲਮ ਨੂੰ ਰਿਲੀਜ਼ ਸਰਟੀਫਿਕੇਟ ਨਾ ਦੇਣ ਦੀ ਮੰਗ ਕੀਤੀ, ਕਿਹਾ ਕਿ ਇਹ ਰਾਸ਼ਟਰੀ ਹਿੱਤ ਦੇ ਵਿਰੁੱਧ ਹੈ। ਫਿਲਮ ਵਿੱਚ ਹਾਨਿਆ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਸਰ ਚਿਨਯੋਤੀ, ਡੈਨੀਅਲ ਖਾਵਰ ਅਤੇ ਸਲੀਮ ਅਲਬੇਲਾ ਵੀ ਸ਼ਾਮਲ ਹਨ।

 

Exit mobile version