ਅੰਮ੍ਰਿਤਸਰ : ਲੰਘੇ ਕੱਲ੍ਹ ਸ਼ਿਵ ਸੈਨਾ ਹਿੰਦੂਸਤਾਨ ਦੇ ਆਗੂ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਮੰਦਰ ਵਿੱਚ ਬੇਅਦਬੀ ਦੇ ਖਿਲਾਫ਼ ਧਰਨੇ ‘ਤੇ ਬੈਠੇ ਸਨ ਕਿ ਇੱਕ ਸ਼ਖ਼ਸ ਨੇ ਉਨ੍ਹਾਂ ‘ਤੇ ਗੋਲੀਆਂ ਚੱਲਾ ਦਿੱਤੀਆਂ। ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ । ਹੁਣ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਸੂਰੀ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ ਪਰ ਸੂਰੀ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਸੰਦੀਪ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਉਹ ਇਸੇ ਇਲਾਕੇ ਵਿੱਚ ਕੱਪੜੇ ਦੀ ਦੁਕਾਨ ਚਲਾਉਂਦਾ ਹੈ।
ਦੂਜੇ ਪਾਸੇ ਸੂਰੀ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਪਰਿਵਾਰ ਨੇ ਆਖਿਆ ਹੈ ਕਿ ਜਿੰਨਾ ਚਿਰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ, ਉਨਾ ਚਿਰ ਸਸਕਾਰ ਨਹੀਂ ਹੋਵੇਗਾ। ਪਰਿਵਾਰ ਨੇ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਉਤੇ ਵੀ ਗੰਭੀਰ ਦੋਸ਼ ਲਾਏ ਹਨ।
ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੇ ਸਾਹਮਣੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਪਰਿਵਾਰ ਨੇ ਆਖਿਆ ਹੈ ਕਿ ਜਿੰਨਾ ਚਿਰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ, ਉਨਾ ਚਿਰ ਸਸਕਾਰ ਨਹੀਂ ਹੋਵੇਗਾ।
ਦੂਜੇ ਬੰਨੇ ਡੀਜੀਪੀ ਗੋਰਵ ਯਾਦਵ ਨੇ ਦੇਰ ਸ਼ਾਮ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਤੇ ਉੱਡ ਰਹੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਸੀ। ਉਹਨਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਅੰਮ੍ਰਿਤਸਰ ਵਿੱਚ ਹਾਲਾਤ ਕਾਬੂ ਹੇਠ ਹਨ। ਮੰਦਰ ਅੱਗੇ ਧਰਨਾ ਚੱਲ ਰਿਹਾ ਸੀ ,ਜਿਸ ਵਿੱਚ ਆਰਐਸਐਸ ਆਗੂ ਸੁਧੀਰ ਸੂਰੀ ਵੀ ਸੀ, ਜਿਸ ਦੌਰਾਨ ਇਸ ਤੇ ਗੋਲੀਆਂ ਚਲਾਈਆਂ ਗਈਆਂ ਹਨ।
ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਦੀ ਕਹਿਣਾ ਹੈ ਕਿ ਇਹ ਘਟਨਾ ਪੁਲਿਸ ਦੀ ਹਾਜ਼ਰੀ ਵਿੱਚ ਵਾਪਰੀ ਹੈ ਅਤੇ ਸੂਰੀ ਤੇ ਉਸ ਦੇ ਸਮਰਥਕ ਉਸ ਵੇਲੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਹਮਲਾਵਰ ਆਇਆ ਅਤੇ ਉਸ ਨੇ ਸੁਧੀਰ ਸੂਰੀ ’ਤੇ ਗੋਲੀਆਂ ਚਲਾ ਦਿੱਤੀਆਂ। ਸ਼ਿਵ ਸੈਨਾ ਆਗੂ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਪਿਆ। ਉਸ ਨੂੰ ਤੁਰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੁਧੀਰ ਸੂਰੀ ਹਮੇਸ਼ਾ ਆਪਣੇ ਬਿਆਨ ਨਾਲ ਵਿਵਾਦ ਵਿੱਚ ਰਹਿੰਦੇ ਸਨ । ਭਾਵੇਂ ਉਹ ਸਿੱਖ ਭਾਈਚਾਰੇ ਖਿਲਾਫ਼ ਕੀਤੀਆਂ ਟਿਪਣੀਆਂ ਹੋਣ ਜਾਂ ਫਿਰ ਮਹਿਲਾਵਾਂ ਅਤੇ ਦਲਿਤ ਭਾਈਚਾਰੇ ‘ਤੇ ਵੀਡੀਓ ਬਣਾ ਕੇ ਅਪਮਾਨਜਨਕ ਸ਼ਬਦਾਵਲੀ ਬਿਆਨ ਜਾਰੀ ਕਰਨ ਦਾ ਮਾਮਲਾ ਹੋਏ । ਇੰਨਾਂ ਸਾਰੇ ਮਾਮਲਿਆਂ ਵਿੱਚ ਉਹ ਕਈ ਵਾਰ ਜੇਲ੍ਹ ਜਾ ਚੁੱਕੇ ਸਨ ।ਪੰਜਾਬ ਪੁਲਿਸ ਨੇ ਪਿਛਲੇ ਮਹੀਨੇ 23 ਅਕਤੂਬਰ ਨੂੰ ਕੁਝ ਗੈਂਗਸਟਰਾਂ ਨੂੰ ਗਿਰਫ਼ਤਾਰ ਕੀਤਾ ਸੀ ਜਿੰਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਨਿਸ਼ਾਨੇ ‘ਤੇ ਸੁਧੀਰ ਸੂਰੀ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਵੀ ਦਿੱਤੀ ਗਈ ਸੀ ।