The Khalas Tv Blog Punjab ਵਿਆਹ ‘ਚ ਪਹੁੰਚੀ ਸਾਬਕਾ ਪ੍ਰੇਮੀਕਾ ਨੇ ਪਾਇਆ ਭੜਥੂ , ਲਾੜੀ ਦੇ ਮਾਪਿਆਂ ਨੇ ਤੋੜਿਆ ਵਿਆਹ
Punjab

ਵਿਆਹ ‘ਚ ਪਹੁੰਚੀ ਸਾਬਕਾ ਪ੍ਰੇਮੀਕਾ ਨੇ ਪਾਇਆ ਭੜਥੂ , ਲਾੜੀ ਦੇ ਮਾਪਿਆਂ ਨੇ ਤੋੜਿਆ ਵਿਆਹ

ਲੰਘੇ ਕੱਲ੍ਹ ਮੁਹਾਲੀ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਆਹ ਦੌਰਾਨ ਉਸ ਸਮੇਂ ਰੰਗ ਵਿੱਚ ਭੰਗ ਪੈ ਗਿਆ, ਜਦੋਂ ਲਾੜੇ ਦੀ ਪ੍ਰੇਮਿਕਾ ਨੇ ਮੌਕੇ ’ਤੇ ਪਹੁੰਚ ਕੇ ਭੜਥੂ ਪਾ ਦਿੱਤਾ। ਇੱਥੋਂ ਦੇ ਫੇਜ਼-3 ਏ ਸਥਿਤ ਗੁਰਦੁਆਰਾ ਸਾਹਿਬ ਵਿਖੇ ਲਾਵਾਂ ਤੋਂ ਪਹਿਲਾਂ ਰਿਸ਼ਤੇਦਾਰਾਂ ਦੀਆਂ ਮਿਲਣੀਆਂ ਦੀ ਰਸਮ ਚੱਲ ਰਹੀ ਸੀ

। ਇਸੇ ਦੌਰਾਨ ਲਾੜੇ ਦੀ ਪੁਰਾਣੀ ਪ੍ਰੇਮਿਕਾ ਰੇਣੂ ਵਾਸੀ ਪਟਿਆਲਾ ਵੀ ਉੱਥੇ ਪਹੁੰਚ ਗਈ ਅਤੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਲਾੜੀ ਦੇ ਮਾਪਿਆਂ ਨੇ ਵਿਆਹ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਪੁਲੀਸ ਨੇ ਫੁੱਲਾਂ ਨਾਲ ਸਜੀ ਡੋਲੀ ਵਾਲੀ ਕਾਰ ਸਣੇ ਲਾੜੇ ਨੂੰ ਫੜ ਕੇ ਥਾਣੇ ਡੱਕ ਦਿੱਤਾ।

ਰੇਣੂ ਮੁਤਾਬਿਕ ਉਹ ਪਿਛਲੇ ਅੱਠ ਸਾਲ ਤੋਂ ਫਤਹਿਗੜ੍ਹ ਸਾਹਿਬ ਦੇ ਵਸਨੀਕ ਬੇਅੰਤ ਸਿੰਘ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿੰਦੀ ਸੀ। ਬੇਅੰਤ ਨੇ ਉਸ ਨੂੰ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ ਸੀ। ਉਂਜ ਉਹ ਸ਼ਾਦੀਸ਼ੁਦਾ ਹੈ, ਪਹਿਲੇ ਪਤੀ ਨਾਲ ਤਲਾਕ ਦਾ ਕੇਸ ਚਲਦਾ ਹੈ। ਉਸ ਕੋਲ ਪਹਿਲੇ ਪਤੀ ਤੋਂ ਦੋ ਬੱਚੇ ਵੀ ਹਨ ਜਿਨ੍ਹਾਂ ਬਾਰੇ ਬੇਅੰਤ ਭਲੀਭਾਂਤ ਜਾਣੂ ਸੀ ਪ੍ਰੰਤੂ ਹੁਣ ਉਹ ਵਿਆਹ ਤੋਂ ਮੁੱਕਰ ਗਿਆ ਅਤੇ ਕਾਫ਼ੀ ਦਿਨਾਂ ਤੋਂ ਉਸ ਨੂੰ ਕੋਈ ਆਈ ਗਈ ਨਹੀਂ ਦੇ ਰਿਹਾ ਸੀ।

ਇਸ ਕਾਰਨ ਉਸ ਨੂੰ ਸ਼ੱਕ ਹੋ ਗਿਆ ਕਿ ਬੇਅੰਤ ਕਿਤੇ ਹੋਰ ਥਾਂ ਵਿਆਹ ਕਰਵਾਉਣ ਦੀ ਤਾਕ ਵਿੱਚ ਹੈ। ਰੇਣੂ ਨੇ ਦੱਸਿਆ ਕਿ ਉਸ ਨੇ ਬੇਅੰਤ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਜਿਵੇਂ ਹੀ ਉਸ ਨੂੰ ਵਿਆਹ ਬਾਰੇ ਭਿਣਕ ਪਈ ਤਾਂ ਉਹ ਮੁਹਾਲੀ ਪਹੁੰਚ ਗਈ ਅਤੇ ਲੜਕੀ ਦੇ ਮਾਪਿਆਂ ਅਤੇ ਪੁਲੀਸ ਨੂੰ ਸਾਰੀ ਗੱਲ ਦੱਸੀ।

ਉਧਰ, ਬੇਅੰਤ ਸਿੰਘ ਨੇ ਮੰਨਿਆ ਕਿ ਉਹ ਅੱਠ ਸਾਲ ਤੋਂ ਨਹੀਂ ਬਲਕਿ 2019 ਤੋਂ ਰੇਣੂ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਿਹਾ ਸੀ ਅਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਰੇਣੂ ਨੇ ਉਸ ਨੂੰ ਕਿਹਾ ਸੀ ਕਿ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਿਆ ਹੈ ਪ੍ਰੰਤੂ ਹੁਣ ਜਦੋਂ ਉਸ ਨੂੰ ਪਤਾ ਲੱਗਿਆ ਕਿ ਤਲਾਕ ਬਾਰੇ ਰੇਣੂ ਨੇ ਝੂਠ ਬੋਲਿਆ ਹੈ ਤਾਂ ਉਸ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ। ਰੇਣੂ ਦਾ ਹਾਲੇ ਤੱਕ ਤਲਾਕ ਨਹੀਂ ਹੋਇਆ ਬਲਕਿ ਅਜੇ ਵੀ ਕੇਸ ਚੱਲ ਰਿਹਾ ਹੈ। ਬੇਅੰਤ ਨੇ ਦੱਸਿਆ ਕਿ ਚਾਰ ਕੁ ਦਿਨ ਪਹਿਲਾਂ ਵੀ ਪ੍ਰੇਮਿਕਾ ਨੇ ਉਸ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ।

ਮਟੌਰ ਥਾਣਾ ਦੇ ਐੱਸਐੱਚਓ ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਵਿਆਹ ਪ੍ਰਬੰਧਾਂ ’ਤੇ ਹੋਇਆ ਖ਼ਰਚਾ ਦੇਣ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਬਾਅਦ ਪਤਵੰਤਿਆਂ ਦੀ ਜ਼ਿੰਮੇਵਾਰੀ ’ਤੇ ਫਿਲਹਾਲ ਲਾੜੇ ਨੂੰ ਛੱਡ ਦਿੱਤਾ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Exit mobile version