The Khalas Tv Blog Punjab ਸੀਵਰੇਜ ਦੀ ਸਫ਼ਾਈ ਕਰ ਰਹੇ ਮੁਲਾਜ਼ਮਾਂ ਨੂੰ ਚੜ੍ਹੀ ਗੈਸ , ਜਾਣਾ ਪਿਆ ਹਸਪਤਾਲ…
Punjab

ਸੀਵਰੇਜ ਦੀ ਸਫ਼ਾਈ ਕਰ ਰਹੇ ਮੁਲਾਜ਼ਮਾਂ ਨੂੰ ਚੜ੍ਹੀ ਗੈਸ , ਜਾਣਾ ਪਿਆ ਹਸਪਤਾਲ…

ਸੰਗਰੂਰ : ਸੰਗਰੂਰ ਦੇ ਲਹਿਰਾਗਾਗਾ ਵਿੱਚ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਸੀਵਰੇਜ ਦੀ ਸਫ਼ਾਈ ਕਰਨ ਸਮੇਂ ਵੱਡਾ ਹਾਸਦਾ ਵਾਪਰ ਗਿਆ। ਵਾਟਰ ਵਰਕਸ ਕੋਲ ਸੀਵਰੇਜ ਦੀ ਸਫਾਈ ਕਰ ਰਹੇ ਮੁਲਾਜ਼ਮਾਂ ਵਿੱਚੋਂ ਇਕ ਦੀ ਮੌਤ ਹੋ ਗਈ ਹੈ, ਜਦੋਂਕਿ ਤਿੰਨ ਵਿਅਕਤੀ ਬੇਹੋਸ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਹਸਪਤਾਲ ਰੈਫਰ ਕੀਤਾ ਗਿਆ ਹੈ। ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਸੰਜੇ ਬਾਂਸਲ ਤੇ ਡੀਐਸਪੀ ਲਹਿਰਾ ਪੁਸ਼ਪਿੰਦਰ ਸਿੰਘ ਨੇ ਦੱਸਿਆ ਸ਼ਹਿਰ ਅੰਦਰ ਵਾਰਡ ਨੰਬਰ ਤਿੰਨ ਵਾਟਰ ਵਰਕਸ ਦੇ ਨਜ਼ਦੀਕ ਸੀਵਰੇਜ ਦੀ ਸਫਾਈ ਲਈ ਮੈਨ ਹੋਲ ਵਿੱਚ ਵੜੇ ਸਫਾਈ ਸੇਵਕ ਸੁਖਵਿੰਦਰ ਸਿੰਘ ਹੈਪੀ ਨੂੰ ਗੈਸ ਚੜ੍ਹ ਗਈ ਤੇ ਉਸ ਨੂੰ ਬਚਾਉਣ ਲਈ ਇਕ ਹੋਰ ਸਫਾਈ ਸੇਵਕ ਸੋਨੂੰ ਸੀਵਰੇਜ ਵਿੱਚ ਉਤਰਿਆ ਤਾਂ ਉਹ ਵੀ ਬੇਹੋਸ਼ ਹੋ ਕੇ ਡਿੱਗ ਗਿਆ।

ਫਿਰ ਇੱਕ ਹੋਰ ਵਾਟਰ ਸਪਲਾਈ ’ਤੇ ਕੰਮ ਕਰਦੇ ਬੇਲਦਾਰ ਪ੍ਰਮੋਦ ਕੁਮਾਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਚੜ੍ਹਨ ਕਾਰਨ ਉਹ ਵੀ ਸੀਵਰ ਵਿੱਚ ਡਿੱਗ ਗਿਆ। ਉਸ ਤੋਂ ਬਾਅਦ ਇਕ ਸਫਾਈ ਸੇਵਕ ਨਰੇਸ਼ ਕੁਮਾਰ ਨੇ ਆਪਣੇ ਮੂੰਹ ਤੇ ਰੁਮਾਲ ਬੰਨ੍ਹ ਕੇ ਲੋਕਾਂ ਦੀ ਮਦਦ ਨਾਲ ਬੜੀ ਜੱਦੋ-ਜਹਿਦ ਤੋਂ ਬਾਅਦ ਤਿੰਨਾਂ ਸਫਾਈ ਸੇਵਕਾਂ ਨੂੰ ਸੀਵਰੇਜ ਦੇ ਮੇਨ ਹੋਲ ਤੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਸੁਖਵਿੰਦਰ ਸਿੰਘ ਹੈਪੀ ਦੀ ਮੌਤ ਹੋ ਗਈ ਅਤੇ ਵਿਨੋਦ ਕੁਮਾਰ ਅਤੇ ਸੋਨੂੰ ਦੀ ਨਾਜ਼ੁਕ ਹਾਲਤ ਨੂੰ ਦੇਖ ਕੇ ਉਨ੍ਹਾਂ ਨੂੰ ਅੱਗੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ।

ਨਰੇਸ਼ ਕੁਮਾਰ ਨੂੰ ਵੀ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਜਿੱਥੇ ਪ੍ਰਸ਼ਾਸਨ ਤੁਰੰਤ ਐਂਬੂਲੈਂਸ ਆਦਿ ਪਹੁੰਚਣ ਦਾ ਦਾਅਵਾ ਕਰ ਰਿਹਾ ਹੈ ਉਥੇ ਹੀ ਸ਼ਹਿਰ ਦੇ ਲੋਕਾਂ ਨੇ ਗਿਲ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਸੀਵਰੇਜ ਦੀ ਸਫਾਈ ਲਈ ਮਸ਼ੀਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਅਜਾਈਂ ਨਾ ਜਾਣ।

Exit mobile version